ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਪ੍ਰਥਮੇ ਛੋਡੀ ਪਰਾਈ ਨਿੰਦਾ ॥
First, I gave up slandering others.
(ਅਸਲ ਵੈਸ਼ਨਵ) ਸਭ ਤੋਂ ਪਹਿਲਾਂ ਦੂਜਿਆਂ ਦੇ ਐਬ ਲੱਭਣੇ ਛੱਡ ਦੇਂਦਾ ਹੈ। ਪ੍ਰਥਮੇ = ਸਭ ਤੋਂ ਪਹਿਲਾਂ।
ਉਤਰਿ ਗਈ ਸਭ ਮਨ ਕੀ ਚਿੰਦਾ ॥
All the anxiety of my mind was dispelled.
(ਉਸ ਦੇ ਆਪਣੇ) ਮਨ ਦੀ ਸਾਰੀ ਚਿੰਤਾ ਲਹਿ ਜਾਂਦੀ ਹੈ (ਮਨ ਤੋਂ ਵਿਕਾਰਾਂ ਦਾ ਚਿੰਤਨ ਲਹਿ ਜਾਂਦਾ ਹੈ), ਚਿੰਦਾ = ਚਿੰਤਾ।
ਲੋਭੁ ਮੋਹੁ ਸਭੁ ਕੀਨੋ ਦੂਰਿ ॥
Greed and attachment were totally banished.
ਉਹ ਮਨੁੱਖ (ਆਪਣੇ ਅੰਦਰੋਂ) ਲੋਭ ਅਤੇ ਮੋਹ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ। ਸਭੁ = ਸਾਰੇ ਦਾ ਸਾਰਾ।
ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥
I see God ever-present, close at hand; I have become a great devotee. ||1||
ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ (ਮਨੁੱਖ) ਸਭ ਤੋਂ ਉੱਚਾ ਵੈਸ਼ਨਵ ਬਣ ਜਾਂਦਾ ਹੈ ॥੧॥ ਪਰਮ = ਸਭ ਤੋਂ ਉੱਚਾ। ਬੈਸਨੋ = ਵਿਸ਼ਨੂ ਦਾ ਭਗਤ, ਪਵਿੱਤਰ ਜੀਵਨ ਵਾਲਾ ਭਗਤ। ਪੇਖਿ = ਵੇਖ ਕੇ। ਹਜੂਰਿ = ਅੰਗ-ਸੰਗ ॥੧॥
ਐਸੋ ਤਿਆਗੀ ਵਿਰਲਾ ਕੋਇ ॥
Such a renunciate is very rare.
(ਇਹੋ ਜਿਹਾ ਵੈਸ਼ਨਵ ਹੀ ਅਸਲ ਤਿਆਗੀ ਹੈ, ਪਰ) ਇਹੋ ਜਿਹਾ ਤਿਆਗੀ (ਜਗਤ ਵਿਚ) ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ, ਐਸੋ = ਇਹੋ ਜਿਹਾ।
ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥
Such a humble servant chants the Name of the Lord, Har, Har. ||1||Pause||
ਉਹੀ ਮਨੁੱਖ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥ ਜਨੁ ਸੋਇ = ਉਹੀ ਮਨੁੱਖ ॥੧॥ ਰਹਾਉ ॥
ਅਹੰਬੁਧਿ ਕਾ ਛੋਡਿਆ ਸੰਗੁ ॥
I have forsaken my egotistical intellect.
(ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਵੇਖ ਕੇ ਅਸਲ ਵੈਸ਼ਨਵ ਬਣ ਜਾਂਦਾ ਹੈ, ਉਹ) ਅਹੰਕਾਰ ਦਾ ਸਾਥ ਛੱਡ ਦੇਂਦਾ ਹੈ, ਅਹੰਬੁਧਿ = ਅਹੰਕਾਰ। ਸੰਗੁ = ਸਾਥ।
ਕਾਮ ਕ੍ਰੋਧ ਕਾ ਉਤਰਿਆ ਰੰਗੁ ॥
The love of sexual desire and anger has vanished.
(ਉਸ ਦੇ ਮਨ ਤੋਂ) ਕਾਮ ਅਤੇ ਕ੍ਰੋਧ ਦਾ ਅਸਰ ਦੂਰ ਹੋ ਜਾਂਦਾ ਹੈ, ਰੰਗੁ = ਪ੍ਰਭਾਵ।
ਨਾਮ ਧਿਆਏ ਹਰਿ ਹਰਿ ਹਰੇ ॥
I meditate on the Naam, the Name of the Lord, Har, Har.
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ। ਧਿਆਵੇ = ਧਿਆਉਂਦਾ ਹੈ।
ਸਾਧ ਜਨਾ ਕੈ ਸੰਗਿ ਨਿਸਤਰੇ ॥੨॥
In the Company of the Holy, I am emancipated. ||2||
ਅਜਿਹੇ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥ ਸੰਗਿ = ਨਾਲ ॥੨॥
ਬੈਰੀ ਮੀਤ ਹੋਏ ਸੰਮਾਨ ॥
Enemy and friend are all the same to me.
ਉਸ ਨੂੰ ਵੈਰੀ ਅਤੇ ਮਿੱਤਰ ਇੱਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ, ਸੰਮਾਨ = ਇੱਕੋ ਜਿਹੇ, ਮਿੱਤਰਾਂ ਵਰਗੇ ਹੀ।
ਸਰਬ ਮਹਿ ਪੂਰਨ ਭਗਵਾਨ ॥
The Perfect Lord God is permeating all.
ਉਸ ਨੂੰ ਭਗਵਾਨ ਸਭ ਜੀਵਾਂ ਵਿਚ ਵਿਆਪਕ ਦਿੱਸਦਾ ਹੈ। ਪੂਰਨ = ਵਿਆਪਕ।
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥
Accepting the Will of God, I have found peace.
ਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਜਾਣ ਕੇ ਸਦਾ ਆਤਮਕ ਆਨੰਦ ਮਾਣਿਆ ਹੈ, ਆਗਿਆ = ਰਜ਼ਾ। ਮਾਨਿ = ਮੰਨ ਕੇ, ਮਿੱਠੀ ਜਾਣ ਕੇ।
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥
The Perfect Guru has implanted the Name of the Lord within me. ||3||
ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਪੱਕੇ ਤੌਰ ਤੇ ਟਿਕਾ ਦਿੱਤਾ ॥੩॥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੩॥
ਕਰਿ ਕਿਰਪਾ ਜਿਸੁ ਰਾਖੈ ਆਪਿ ॥
That person, whom the Lord, in His Mercy, saves
ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਿ = ਕਰ ਕੇ।
ਸੋਈ ਭਗਤੁ ਜਪੈ ਨਾਮ ਜਾਪ ॥
that devotee chants and meditates on the Naam.
ਉਹੀ ਹੈ ਅਸਲ ਭਗਤ, ਉਹੀ ਉਸ ਦੇ ਨਾਮ ਦਾ ਜਾਪ ਜਪਦਾ ਹੈ।
ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥
That person, whose mind is illumined, and who obtains understanding through the Guru
ਜਿਸ ਮਨੁੱਖ ਨੇ ਗੁਰੂ ਪਾਸੋਂ (ਜੀਵਨ-ਜੁਗਤਿ ਦੀ) ਸਿੱਖਿਆ ਲੈ ਲਈ ਉਸ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ। ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਤੇ = ਤੋਂ। ਮਤਿ = ਸਿੱਖਿਆ।
ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥
- says Nanak, he is totally fulfilled. ||4||27||40||
ਨਾਨਕ ਆਖਦਾ ਹੈ- ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ ॥੪॥੨੭॥੪੦॥ ਤਾ ਕੀ = ਉਸ ਮਨੁੱਖ ਦੀ। ਪੂਰੀ ਪਈ = ਸਫਲਤਾ ਹੋ ਗਈ ॥੪॥੨੭॥੪੦॥