ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਤੇਰੀ ਟੇਕ ਰਹਾ ਕਲਿ ਮਾਹਿ ॥
With Your Support, I survive in the Dark Age of Kali Yuga.
ਹੇ ਪ੍ਰਭੂ! ਇਸ ਵਿਕਾਰ-ਭਰੇ ਜਗਤ ਵਿਚ ਮੈਂ ਤੇਰੇ ਆਸਰੇ ਹੀ ਜੀਊਂਦਾ ਹਾਂ। ਟੇਕ = ਆਸਰੇ। ਰਹਾ = ਰਹਾਂ, ਮੈਂ ਰਹਿੰਦਾ ਹਾਂ। ਕਲਿ ਮਾਹਿ = ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਹੈ। ਸਾਧਾਰਨ ਤੌਰ ਤੇ ਉਸੇ ਸਮੇ ਦਾ ਨਾਮ ਲੈ ਦਿੱਤਾ ਹੈ ਜਿਸ ਦਾ ਨਾਮ 'ਕਲਿਜੁਗ' ਪਿਆ ਹੋਇਆ ਹੈ}।
ਤੇਰੀ ਟੇਕ ਤੇਰੇ ਗੁਣ ਗਾਹਿ ॥
With Your Support, I sing Your Glorious Praises.
ਹੇ ਪ੍ਰਭੂ! (ਸਭ ਜੀਵ) ਤੇਰੇ ਹੀ ਸਹਾਰੇ ਹਨ, ਤੇਰੇ ਹੀ ਗੁਣ ਗਾਂਦੇ ਹਨ। ਗਾਹਿ = (ਜਿਹੜੇ ਮਨੁੱਖ) ਗਾਂਦੇ ਹਨ।
ਤੇਰੀ ਟੇਕ ਨ ਪੋਹੈ ਕਾਲੁ ॥
With Your Support, death cannot even touch me.
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੈ ਉਸ ਉਤੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਕਾਲੁ = ਮੌਤ, ਆਤਮਕ ਮੌਤ।
ਤੇਰੀ ਟੇਕ ਬਿਨਸੈ ਜੰਜਾਲੁ ॥੧॥
With Your Support, my entanglements vanish. ||1||
ਤੇਰੇ ਆਸਰੇ (ਮਨੁੱਖ ਦੀ) ਮਾਇਆ ਦੇ ਮੋਹ ਦੀ ਫਾਹੀ ਟੁੱਟ ਜਾਂਦੀ ਹੈ ॥੧॥ ਜੰਜਾਲੁ = ਮਾਇਆ ਦੇ ਮੋਹ ਦੀ ਫਾਹੀ ॥੧॥
ਦੀਨ ਦੁਨੀਆ ਤੇਰੀ ਟੇਕ ॥
In this world and the next, I have Your Support.
ਹੇ ਪ੍ਰਭੂ! ਇਸ ਲੋਕ ਤੇ ਪਰਲੋਕ ਵਿਚ (ਅਸਾਂ ਜੀਵਾਂ ਨੂੰ) ਤੇਰਾ ਹੀ ਸਹਾਰਾ ਹੈ। ਦੀਨ ਦੁਨੀਆ = ਪਰਲੋਕ ਵਿਚ ਤੇ ਇਸ ਲੋਕ ਵਿਚ।
ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥
The One Lord, our Lord and Master, is all-pervading. ||1||Pause||
ਸਾਰੀ ਸ੍ਰਿਸ਼ਟੀ ਵਿਚ ਮਾਲਕ-ਪ੍ਰਭੂ ਹੀ ਵਿਆਪਕ ਹੈ ॥੧॥ ਰਹਾਉ ॥ ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਰਵਿਆ = ਵਿਆਪਕ ਹੈ। ਸਾਹਿਬੁ = ਮਾਲਕ-ਪ੍ਰਭੂ ॥੧॥ ਰਹਾਉ ॥
ਤੇਰੀ ਟੇਕ ਕਰਉ ਆਨੰਦ ॥
With Your Support, I celebrate blissfully.
ਹੇ ਪ੍ਰਭੂ! ਮੈਂ ਤੇਰੇ ਨਾਮ ਦਾ ਆਸਰਾ ਲੈ ਕੇ ਹੀ ਆਤਮਕ ਆਨੰਦ ਮਾਣਦਾ ਹਾਂ ਕਰਉ = ਕਰਉਂ, ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ।
ਤੇਰੀ ਟੇਕ ਜਪਉ ਗੁਰ ਮੰਤ ॥
With Your Support, I chant the Guru's Mantra.
ਅਤੇ ਤੇਰੇ ਨਾਮ ਦੇ ਆਸਰਾ ਲੈ ਕੇ ਹੀ ਗੁਰੂ ਦਾ ਦਿੱਤਾ ਹੋਇਆ ਤੇਰਾ ਨਾਮ-ਮੰਤ੍ਰ ਜਪਦਾ ਰਹਿੰਦਾ ਹਾਂ। ਜਪਉ = ਜਪਉਂ, ਮੈਂ ਜਪਦਾ ਹਾਂ।
ਤੇਰੀ ਟੇਕ ਤਰੀਐ ਭਉ ਸਾਗਰੁ ॥
With Your Support, I cross over the terrifying world-ocean.
ਹੇ ਪ੍ਰਭੂ! ਤੇਰੇ (ਨਾਮ ਦੇ) ਸਹਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤਰੀਐ = ਪਾਰ ਲੰਘ ਜਾਈਦਾ ਹੈ। ਭਉ ਸਾਗਰੁ = ਸੰਸਾਰ-ਸਮੁੰਦਰ।
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
The Perfect Lord, our Protector and Savior, is the Ocean of Peace. ||2||
ਤੂੰ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈਂ, ਤੂੰ ਸਾਰੇ ਸੁਖਾਂ ਦਾ (ਮਾਨੋ) ਸਮੁੰਦਰ ਹੈਂ ॥੨॥ ਰਾਖਣਹਾਰੁ = ਰੱਖਿਆ ਕਰ ਸਕਣ ਵਾਲਾ ॥੨॥
ਤੇਰੀ ਟੇਕ ਨਾਹੀ ਭਉ ਕੋਇ ॥
With Your Support, I have no fear.
ਹੇ ਪ੍ਰਭੂ! ਜਿਸ ਨੂੰ ਤੇਰੇ ਨਾਮ ਦਾ ਆਸਰਾ ਹੈ ਉਸ ਨੂੰ ਕੋਈ ਡਰ ਵਿਆਪ ਨਹੀਂ ਸਕਦਾ।
ਅੰਤਰਜਾਮੀ ਸਾਚਾ ਸੋਇ ॥
The True Lord is the Inner-knower, the Searcher of hearts.
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਾਚਾ = ਸਦਾ-ਥਿਰ ਪ੍ਰਭੂ। ਸੋਇ = ਉਹ (ਪ੍ਰਭੂ) ਹੀ।
ਤੇਰੀ ਟੇਕ ਤੇਰਾ ਮਨਿ ਤਾਣੁ ॥
With Your Support, my mind is filled with Your Power.
ਹੇ ਪ੍ਰਭੂ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਸਭ ਦੇ ਮਨ ਵਿਚ ਤੇਰੇ ਨਾਮ ਦਾ ਹੀ ਸਹਾਰਾ ਹੈ। ਮਨਿ = ਮਨ ਵਿਚ। ਤਾਣੁ = ਬਲ।
ਈਹਾਂ ਊਹਾਂ ਤੂ ਦੀਬਾਣੁ ॥੩॥
Here and there, You are my Court of Appeal. ||3||
ਇਸ ਲੋਕ ਤੇ ਪਰਲੋਕ ਵਿਚ ਤੂੰ ਹੀ ਜੀਵਾਂ ਦਾ ਆਸਰਾ ਹੈਂ ॥੩॥ ਈਹਾਂ ਊਹਾਂ = ਇਸ ਲੋਕ ਵਿਚ, ਤੇ, ਪਰਲੋਕ ਵਿਚ। ਦੀਬਾਣੁ = ਆਸਰਾ ॥੩॥
ਤੇਰੀ ਟੇਕ ਤੇਰਾ ਭਰਵਾਸਾ ॥
I take Your Support, and place my faith in You.
ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ, ਭਰਵਾਸਾ = ਸਹਾਰਾ।
ਸਗਲ ਧਿਆਵਹਿ ਪ੍ਰਭ ਗੁਣਤਾਸਾ ॥
All meditate on God, the Treasure of Virtue.
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਸਭ ਜੀਵ ਤੇਰਾ ਹੀ ਧਿਆਨ ਧਰਦੇ ਹਨ, ਧਿਆਵਹਿ = ਸਿਮਰਦੇ ਹਨ {ਬਹੁ-ਵਚਨ}। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ।
ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥
Chanting and meditating on You, Your slaves celebrate in bliss.
ਤੇਰੇ ਦਾਸ ਤੇਰਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਹਨ। ਜਪਿ = ਜਪ ਕੇ। ਕਰਹਿ = ਕਰਦੇ ਹਨ।
ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥
Nanak meditates in remembrance on the True Lord, the Treasure of Virtue. ||4||26||39||
ਹੇ ਨਾਨਕ! (ਤੂੰ ਭੀ) ਸਦਾ ਕਾਇਮ ਰਹਿਣ ਵਾਲੇ ਅਤੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਸਿਮਰਿਆ ਕਰ ॥੪॥੨੬॥੩੯॥