ਗੋਂਡ ਮਹਲਾ ੫ ॥
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
ਸੰਤ ਕਾ ਲੀਆ ਧਰਤਿ ਬਿਦਾਰਉ ॥
One who is cursed by the Saints, is thrown down on the ground.
(ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ। ਲੀਆ = {ਅਰਬੀ ਲਫ਼ਜ਼ 'ਲਈਨ' = ਜਿਸ ਉਤੇ ਲਾਹਨਤ ਪਾਈ ਹੋਈ ਹੋਵੇ} ਲਾਹਨਤਿਆ ਹੋਇਆ, ਫਿਟਕਾਰਿਆ ਹੋਇਆ। ਬਿਦਾਰਉ = ਬਿਦਾਰਉਂ, ਮੈਂ ਚੀਰ ਦਿਆਂ। ਧਰਤਿ ਬਿਦਾਰਉ = ਮੈਂ ਧਰਤੀ ਤੋਂ ਜੜ੍ਹਾਂ ਪੁੱਟ ਦਿਆਂ।
ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥
The slanderer of the Saints is thrown down from the skies.
ਸੰਤ ਦੀ ਨਿੰਦਾ ਕਰਨ ਵਾਲੇ ਨੂੰ ਮੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ। ਅਕਾਸ ਤੇ = ਆਕਾਸ਼ ਤੋਂ, ਉੱਚੇ ਮਰਾਤਬੇ ਤੋਂ। ਟਾਰਉ = ਟਾਰਉਂ, ਮੈਂ ਸੁੱਟ ਦਿਆਂ।
ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥
I hold the Saints close to my soul.
ਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ। ਕਉ = ਨੂੰ। ਰਾਖਉ = ਰਾਖਉਂ, ਮੈਂ ਰੱਖਿਆ ਕਰਦਾ ਹਾਂ। ਜੀਅ ਨਾਲਿ = ਜਿੰਦ ਨਾਲ।
ਸੰਤ ਉਧਾਰਉ ਤਤਖਿਣ ਤਾਲਿ ॥੧॥
The Saints are saved instantaneously. ||1||
(ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ ॥੧॥ ਉਧਾਰਉ = ਉਧਾਰਉਂ, ਮੈਂ ਬਚਾ ਲੈਂਦਾ ਹਾਂ। ਤਤਕਾਲਿ = ਉਸੇ ਵੇਲੇ। ਤਾਲਿ = ਤਾਲੀ ਵੱਜਣ ਜਿਤਨੇ ਸਮੇ ਵਿਚ ॥੧॥
ਸੋਈ ਸੰਤੁ ਜਿ ਭਾਵੈ ਰਾਮ ॥
He alone is a Saint, who is pleasing to the Lord.
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ। ਸੋਈ = ਉਹੀ (ਮਨੁੱਖ)। ਜਿ = ਜਿਹੜਾ। ਭਾਵੈ ਰਾਮ = ਰਾਮ ਨੂੰ ਚੰਗਾ ਲੱਗਦਾ ਹੈ।
ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥
The Saints, and God, have only one job to do. ||1||Pause||
ਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ ॥੧॥ ਰਹਾਉ ॥ ਸੰਤ ਗੋਬਿੰਦ ਕੈ = ਸੰਤ ਅਤੇ ਪਰਮਾਤਮਾ ਦੇ ਅੰਦਰ। ਏਕੈ = ਇਕੋ ਜਿਹੇ ॥੧॥ ਰਹਾਉ ॥
ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥
God gives His hand to shelter the Saints.
ਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ, ਕੈ ਊਪਰਿ = ਦੇ ਉੱਤੇ। ਦੇਇ = ਦੇਂਦੀ ਹੈ।
ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥
He dwells with His Saints, day and night.
ਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ। ਕੈ ਸੰਗਿ = ਦੇ ਨਾਲ।
ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥
With each and every breath, He cherishes His Saints.
ਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਪ੍ਰਤਿਪਾਲਿ = ਪ੍ਰਤਿਪਾਲੈ, ਰਾਖੀ ਕਰਦਾ ਹੈ।
ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥
He takes the power away from the enemies of the Saints. ||2||
ਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ ॥੨॥ ਦੋਖੀ = ਵੈਰੀ, ਬੁਰਾ ਚਿਤਵਨ ਵਾਲਾ। ਟਾਲਿ = ਟਾਲੈ, ਸੁੱਟ ਦੇਂਦਾ ਹੈ ॥੨॥
ਸੰਤ ਕੀ ਨਿੰਦਾ ਕਰਹੁ ਨ ਕੋਇ ॥
Let no one slander the Saints.
ਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ।
ਜੋ ਨਿੰਦੈ ਤਿਸ ਕਾ ਪਤਨੁ ਹੋਇ ॥
Whoever slanders them, will be destroyed.
ਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਪਤਨੁ = ਨਾਸ, ਗਿਰਾਵਟ।
ਜਿਸ ਕਉ ਰਾਖੈ ਸਿਰਜਨਹਾਰੁ ॥
One who is protected by the Creator Lord,
ਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਜਿਸ ਕਉ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।
ਝਖ ਮਾਰਉ ਸਗਲ ਸੰਸਾਰੁ ॥੩॥
cannot be harmed, no matter how much the whole world may try. ||3||
ਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ॥੩॥ ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ-ਸ਼ੱਕ ਮਾਰੇ। ਝਖ ਮਾਰਉ = ਬੇ-ਸ਼ੱਕ ਝਖਾਂ ਮਾਰੇ ॥੩॥
ਪ੍ਰਭ ਅਪਨੇ ਕਾ ਭਇਆ ਬਿਸਾਸੁ ॥
I place my faith in my God.
ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ, ਬਿਸਾਸੁ = ਭਰੋਸਾ।
ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥
My soul and body all belong to Him.
(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਰਾਸਿ = ਸਰਮਾਇਆ, ਪੂੰਜੀ।
ਨਾਨਕ ਕਉ ਉਪਜੀ ਪਰਤੀਤਿ ॥
This is the faith which inspires Nanak:
ਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ, ਕਉ = ਨੂੰ। ਪਰਤੀਤਿ = ਯਕੀਨ, ਨਿਸ਼ਚਾ।
ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥
the self-willed manmukhs will fail, while the Gurmukhs will always win. ||4||16||18||
ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ ॥੪॥੧੬॥੧੮॥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲਾ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗੁਰਮੁਖ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜੀਤਿ = ਜਿੱਤ ॥੪॥੧੬॥੧੮॥