ਗੋਂਡ ਮਹਲਾ ੫ ॥
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
ਨਾਮੁ ਨਿਰੰਜਨੁ ਨੀਰਿ ਨਰਾਇਣ ॥
The Name of the Immaculate Lord is the Ambrosial Water.
ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ। ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਪਰੇ ਰੱਖਣ ਵਾਲਾ। ਨਾਮੁ ਨਰਾਇਣ = ਪਰਮਾਤਮਾ ਦਾ ਨਾਮ। ਨੀਰਿ = {ਕ੍ਰਿਆ} (ਆਪਣੇ ਹਿਰਦੇ ਵਿਚ) ਸਿੰਜ।
ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥
Chanting it with the tongue, sins are washed away. ||1||Pause||
(ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ ਰਸਨਾ = ਜੀਭ (ਨਾਲ)। ਬਿਲਾਇਣ = ਦੂਰ ਹੋ ਜਾਂਦੇ ਹਨ ॥੧॥ ਰਹਾਉ ॥
ਨਾਰਾਇਣ ਸਭ ਮਾਹਿ ਨਿਵਾਸ ॥
The Lord abides in everyone.
ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
ਨਾਰਾਇਣ ਘਟਿ ਘਟਿ ਪਰਗਾਸ ॥
The Lord illumines each and every heart.
ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ। ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ।
ਨਾਰਾਇਣ ਕਹਤੇ ਨਰਕਿ ਨ ਜਾਹਿ ॥
Chanting the Lord's Name, one does not fall into hell.
ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ। ਨਰਕਿ = ਨਰਕ ਵਿਚ। ਨ ਜਾਹਿ = ਨਹੀਂ ਜਾਂਦੇ।
ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥
Serving the Lord, all fruitful rewards are obtained. ||1||
ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥ ਸੇਵਿ = ਸਿਮਰ ਕੇ ॥੧॥
ਨਾਰਾਇਣ ਮਨ ਮਾਹਿ ਅਧਾਰ ॥
Within my mind is the Support of the Lord.
ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ, ਅਧਾਰ = ਆਸਰਾ।
ਨਾਰਾਇਣ ਬੋਹਿਥ ਸੰਸਾਰ ॥
The Lord is the boat to cross over the world-ocean.
ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ। ਬੋਹਿਥ = ਜਹਾਜ਼।
ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥
Chant the Lord's Name, and the Messenger of Death will run away.
ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ। ਭਾਗਿ = ਭੱਜ ਕੇ। ਪਲਾਇਣ = ਦੌੜ (ਲਾ ਦੇਂਦਾ ਹੈ)।
ਨਾਰਾਇਣ ਦੰਤ ਭਾਨੇ ਡਾਇਣ ॥੨॥
The Lord breaks the teeth of Maya, the witch. ||2||
ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥ ਭਾਨੇ = ਭੰਨ ਦੇਂਦਾ ਹੈ। ਦੰਤ ਡਾਇਣ = (ਮਾਇਆ) ਡੈਣ ਦੇ ਦੰਦ ॥੨॥
ਨਾਰਾਇਣ ਸਦ ਸਦ ਬਖਸਿੰਦ ॥
The Lord is forever and ever the Forgiver.
ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ। ਸਦ ਸਦ = ਸਦਾ ਸਦਾ। ਬਖਸਿੰਦ = ਬਖ਼ਸ਼ਣ ਵਾਲਾ।
ਨਾਰਾਇਣ ਕੀਨੇ ਸੂਖ ਅਨੰਦ ॥
The Lord blesses us with peace and bliss.
ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ, ਕੀਨੇ = ਪੈਦਾ ਕਰ ਦਿੱਤੇ।
ਨਾਰਾਇਣ ਪ੍ਰਗਟ ਕੀਨੋ ਪਰਤਾਪ ॥
The Lord has revealed His glory.
(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
ਨਾਰਾਇਣ ਸੰਤ ਕੋ ਮਾਈ ਬਾਪ ॥੩॥
The Lord is the mother and father of His Saint. ||3||
ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥ ਕੋ = ਦਾ ॥੩॥
ਨਾਰਾਇਣ ਸਾਧਸੰਗਿ ਨਰਾਇਣ ॥
The Lord, the Lord, is in the Saadh Sangat, the Company of the Holy.
ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ, ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।
ਬਾਰੰ ਬਾਰ ਨਰਾਇਣ ਗਾਇਣ ॥
Time and time again, I sing the Lord's Praises.
ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਬਾਰੰਬਾਰ = ਮੁੜ ਮੁੜ।
ਬਸਤੁ ਅਗੋਚਰ ਗੁਰ ਮਿਲਿ ਲਹੀ ॥
Meeting with the Guru, I have attained the incomprehensible object.
ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ। ਬਸਤੁ = ਚੀਜ਼। ਅਗੋਚਰ = {ਅ-ਗੋ-ਚਰ। ਗੋ = ਇੰਦਰੇ। ਚਰ = ਪਹੁੰਚ} ਇੰਦਰਿਆਂ ਦੀ ਪਹੁੰਚ ਤੋਂ ਪਰੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਹੀ = ਲੱਭ ਲਈ।
ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥
Slave Nanak has grasped the Support of the Lord. ||4||17||19||
ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥ ਦਾਸ = ਦਾਸਾਂ ਨੇ। ਗਹੀ = ਪਕੜੀ, ਫੜੀ। ਓਟ = ਆਸਰਾ ॥੪॥੧੭॥੧੯॥