ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥
Whatever You wish, You do. Without You, there is nothing.
ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹੀ ਤੂੰ ਕਰਦਾ ਹੈਂ, ਤੇਰੀ ਪ੍ਰੇਰਨਾ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ। ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ। ਕਰਹਿ = ਤੂੰ ਕਰਦਾ ਹੈਂ ।
ਪਰਤਾਪੁ ਤੁਮੑਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥
Gazing upon Your Glory, the Messenger of Death leaves and goes away. ||1||
ਤੇਰਾ ਤੇਜ-ਪ੍ਰਤਾਪ ਵੇਖ ਕੇ ਜਮਦੂਤ (ਭੀ ਜੀਵ ਨੂੰ) ਛੱਡ ਜਾਂਦੇ ਹਨ ॥੧॥
ਤੁਮੑਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥
By Your Grace, one is emancipated, and egotism is dispelled.
(ਹੇ ਪ੍ਰਭੂ!) (ਤੇਰੀ ਕਿਰਪਾ ਨਾਲ ਹੀ) (ਜੀਵਾਂ ਦੀ) ਹਉਮੈ ਦੂਰ ਹੋ ਸਕਦੀ ਹੈ ਕ੍ਰਿਪਾ ਤੇ = ਕਿਰਪਾ ਨਾਲ। ਅਹੰਮੇਵ = {अहं एव = ਮੈਂ ਹੀ ਹਾਂ} ਹਉਮੈ, ਅਹੰਕਾਰ।
ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥
God is omnipotent, possessing all powers; He is obtained through the Perfect, Divine Guru. ||1||Pause||
ਹੇ ਸਾਰੀਆਂ ਤਾਕਤਾਂ ਵਾਲੇ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਹੇ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਭ ਤੋਂ ਵੱਡੇ ਦੇਵਤੇ ਪ੍ਰਭੂ! ਤੇਰੀ ਮੇਹਰ ਨਾਲ (ਹੀ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥ ਰਹਾਉ ॥ ਕਲਾ = ਤਾਕਤ। ਗੁਰਦੇਵ = ਹੇ ਸਭ ਤੋਂ ਵੱਡੇ ਦੇਵਤੇ! ॥੧॥ ਰਹਾਉ ॥
ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥
Searching, searching, searching - without the Naam, everything is false.
ਹੇ ਪ੍ਰਭੂ! ਭਾਲ ਕਰਦਿਆਂ ਕਰਦਿਆਂ (ਆਖ਼ਰ ਮੈਂ ਇਹ ਗੱਲ) ਲੱਭ ਲਈ ਹੈ ਕਿ (ਤੇਰੇ) ਨਾਮ ਤੋਂ ਬਿਨਾ (ਹੋਰ ਸਭ ਕੁਝ) ਨਾਸਵੰਤ ਹੈ। ਨਾਮੈ ਬਿਨੁ = (ਪਰਮਾਤਮਾ ਦੇ) ਨਾਮ ਤੋਂ ਬਿਨਾ। ਕੂਰੁ = ਕੂੜ, ਝੂਠ।
ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥
All the comforts of life are found in the Saadh Sangat, the Company of the Holy; God is the Fulfiller of desires. ||2||
ਜ਼ਿੰਦਗੀ ਦਾ ਸਾਰਾ ਸੁਖ ਸਾਧ ਸੰਗਤਿ ਵਿਚ (ਹੀ ਪ੍ਰਾਪਤ ਹੁੰਦਾ ਹੈ)। ਹੇ ਪ੍ਰਭੂ! (ਮੈਨੂੰ ਭੀ ਸਾਧ ਸੰਗਤਿ ਵਿਚ ਟਿਕਾਈ ਰੱਖੀਂ, ਮੇਰੀ ਇਹ) ਤਾਂਘ ਪੂਰੀ ਕਰ ॥੨॥ ਸਭੁ = ਸਾਰਾ। ਪ੍ਰਭ = ਹੇ ਪ੍ਰਭੂ! ਮਨਸਾ = {मनीषा} ਮਨ ਦਾ ਫੁਰਨਾ। ਪੂਰੁ = ਪੂਰਾ ਕਰ ॥੨॥
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥
Whatever You attach me to, to that I am attached; I have burnt away all my cleverness.
ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਸੇ ਉਸੇ ਵਿਚ (ਜੀਵ) ਲੱਗਦੇ ਹਨ। (ਇਸ ਵਾਸਤੇ, ਹੇ ਪ੍ਰਭੂ!) ਮੈਂ ਆਪਣੀ ਸਾਰੀ ਚਤੁਰਾਈ ਮੁਕਾ ਦਿੱਤੀ ਹੈ (ਤੇ, ਤੇਰੀ ਰਜ਼ਾ ਵਿਚ ਤੁਰਨਾ ਲੋੜਦਾ ਹਾਂ)। ਜਿਤੁ = ਜਿਸ ਵਿਚ। ਜਿਤੁ ਜਿਤੁ = ਜਿਸ ਜਿਸ ਕੰਮ ਵਿਚ। ਲਗਹਿ = (ਜੀਵ) ਲੱਗਦੇ ਹਨ। ਸਭ = ਸਾਰੀ। ਜਾਲੀ = ਸਾੜ ਦਿੱਤੀ।
ਜਤ ਕਤ ਤੁਮੑ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥
You are permeating and pervading everywhere, O my Lord, Merciful to the meek. ||3||
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਤੂੰ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈਂ (ਤੈਥੋਂ ਕੋਈ ਆਕੀ ਨਹੀਂ ਹੋ ਸਕਦਾ) ॥੩॥ ਜਤ ਕਤ = ਜਿੱਥੇ ਕਿੱਥੇ, ਹਰ ਥਾਂ ॥੩॥
ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥
I ask for everything from You, but only the very fortunate ones obtain it.
ਹੇ ਪ੍ਰਭੂ! (ਅਸੀਂ ਜੀਵ) ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ। (ਜੇਹੜਾ) ਵਡ-ਭਾਗੀ (ਮਨੁੱਖ ਮੰਗਦਾ ਹੈ, ਉਹ) ਪ੍ਰਾਪਤ ਕਰ ਲੈਂਦਾ ਹੈ। ਤੁਮ ਤੇ = ਤੇਰੇ ਪਾਸੋਂ।
ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥
This is Nanak's prayer, O God, I live by singing Your Glorious Praises. ||4||12||42||
ਹੇ ਪ੍ਰਭੂ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ (ਮੇਹਰ ਕਰ, ਮੈਂ ਨਾਨਕ) ਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ ॥੪॥੧੨॥੪੨॥ ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਗਾਏ = ਗਾਇ, ਗਾ ਕੇ ॥੪॥੧੨॥੪੨॥