ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥
I perform service for Your slave, O Lord, and wipe his feet with my hair.
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ। ਕਰਉ = ਕਰਉਂ, ਮੈਂ ਕਰਦਾ ਰਹਾਂ। ਪਗ = ਪੈਰ, ਚਰਨ। ਝਾਰਉ = ਝਾਰਉਂ, ਮੈਂ ਝਾੜਾਂ। ਬਾਲ = ਕੇਸਾਂ ਨਾਲ।
ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥
I offer my head to him, and listen to the Glorious Praises of the Lord, the source of bliss. ||1||
ਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ ॥੧॥ ਮਸਤਕੁ = ਮੱਥਾ, ਸਿਰ। ਭੇਟ ਦੇਉ = ਭੇਟ ਦੇਉਂ, ਮੈਂ ਅਰਪਣ ਕਰ ਦਿਆਂ। ਸੁਨਉ = ਸੁਨਉਂ, ਮੈਂ ਸੁਣਾਂ। ਰਸਾਲ = {ਰਸ ਆਲਯ} ਸੁਆਦਲੇ ॥੧॥
ਤੁਮੑ ਮਿਲਤੇ ਮੇਰਾ ਮਨੁ ਜੀਓ ਤੁਮੑ ਮਿਲਹੁ ਦਇਆਲ ॥
Meeting You, my mind is rejuvenated, so please meet me, O Merciful Lord.
ਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਜੀਓ = ਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਦਇਆਲ = ਹੇ ਦਇਆ ਦੇ ਸੋਮੇ!
ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥
Night and day, my mind enjoys bliss, contemplating the Lord of Compassion. ||1||Pause||
ਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ ਨਿਸਿ = ਰਾਤ। ਬਾਸੁਰ = ਦਿਨ। ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਵਿਆਕਰਨਿਕ ਫ਼ਰਕ ਚੇਤੇ ਰਹੇ}। ਕਿਰਪਾਲ = ਹੇ ਕਿਰਪਾ ਦੇ ਸੋਮੇ! ॥੧॥ ਰਹਾਉ ॥
ਜਗਤ ਉਧਾਰਨ ਸਾਧ ਪ੍ਰਭ ਤਿਨੑ ਲਾਗਹੁ ਪਾਲ ॥
God's Holy people are the saviors of the world; I grab hold of the hem of their robes.
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ। ਉਧਾਰਨ = ਬਚਾਣ ਵਾਲੇ। ਸਾਧ ਪ੍ਰਭ = ਪ੍ਰਭੂ ਦਾ ਭਜਨ ਕਰਨ ਵਾਲੇ ਗੁਰਮੁਖ। ਤਿਨ੍ਹ੍ਹ ਪਾਲ = ਉਹਨਾਂ ਦੇ ਪੱਲੇ, ਉਹਨਾਂ ਦੀ ਸਰਨ।
ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥
Bless me, O God, with the gift of the dust of the feet of the Saints. ||2||
ਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ ॥੨॥ ਮੋ ਕਉ = ਮੈਨੂੰ। ਪ੍ਰਭ = ਹੇ ਪ੍ਰਭੂ! ਪਗ ਰਾਲ = ਪੈਰਾਂ ਦੀ ਧੂੜ ॥੨॥
ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥
I have no skill or wisdom at all, nor any work to my credit.
ਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ, ਉਕਤਿ = ਯੁਕਤਿ, ਦਲੀਲ। ਘਾਲ = ਮੇਹਨਤ, ਸੇਵਾ।
ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥
Please, protect me from doubt, fear and emotional attachment, and cut away the noose of Death from my neck. ||3||
(ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ ॥੩॥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਮੋਹ ਤੇ = ਮੋਹ ਤੋਂ। ਜਮ ਜਾਲ = ਜਮ ਦਾ ਜਾਲ ॥੩॥
ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥
I beg of You, O Lord of Mercy, O my Father, please cherish me!
ਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ। ਬਿਨਉ = {विनय} ਬੇਨਤੀ। ਕਰਉ = ਕਰਉਂ। ਕਰੁਣਾ ਪਤੇ = {ਕਰੁਣਾ = ਤਰਸ, ਦਇਆ। ਪਤੇ = ਹੇ ਪਤੀ!} ਹੇ ਦਇਆ ਦੇ ਮਾਲਕ!
ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥
I sing Your Glorious Praises, in the Saadh Sangat, the Company of the Holy, O Lord, Home of peace. ||4||11||41||
ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ ॥੪॥੧੧॥੪੧॥ ਗਾਵਉ = ਗਾਵਉਂ। ਸਾਲ = {ਸ਼ਾਲਾ} ਘਰ। ਸੁਖ ਸਾਲ = ਸੁਖਾਂ ਦਾ ਘਰ ॥੪॥੧੧॥੪੧॥