ਰਾਗੁ ਗਉੜੀ ਪੂਰਬੀ ਛੰਤ ਮਹਲਾ

Raag Gauree Poorbee, Chhant, Third Mehl:

ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।

ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ

One Universal Creator God. Truth Is The Name. Creative Being Personified. By Guru's Grace:

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ

The soul-bride offers her prayers to her Dear Lord; she dwells upon His Glorious Virtues.

(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ। ਸਾਧਨ = ਜੀਵ-ਇਸਤ੍ਰੀ। ਬਿਨਉ = ਬੇਨਤੀ। ਸਾਰੇ = ਸੰਭਾਲਦੀ ਹੈ, ਚੇਤੇ ਕਰਦੀ ਹੈ।

ਖਿਨੁ ਪਲੁ ਰਹਿ ਸਕੈ ਜੀਉ ਬਿਨੁ ਹਰਿ ਪਿਆਰੇ

She cannot live without her Beloved Lord, for a moment, even for an instant.

ਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ।

ਬਿਨੁ ਹਰਿ ਪਿਆਰੇ ਰਹਿ ਸਾਕੈ ਗੁਰ ਬਿਨੁ ਮਹਲੁ ਪਾਈਐ

She cannot live without her Beloved Lord; without the Guru, the Mansion of His Presence is not found.

ਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ। ਮਹਲੁ = ਪਰਮਾਤਮਾ ਦਾ ਟਿਕਾਣਾ।

ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ

Whatever the Guru says, she should surely do, to extinguish the fire of desire.

ਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਪਰੁ ਕੀਜੈ = ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਤਿਸਨਾ ਅਗਨਿ = ਤ੍ਰਿਸ਼ਨਾ ਦੀ ਅੱਗ।

ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਕੋਈ ਬਿਨੁ ਸੇਵਿਐ ਸੁਖੁ ਪਾਏ

The Lord is True; there is no one except Him. Without serving Him, peace is not found.

ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ। ਸਾਚਾ = ਸਦਾ-ਥਿਰ ਰਹਿਣ ਵਾਲਾ।

ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥

O Nanak, that soul-bride, whom the Lord Himself unites, is united with Him; He Himself merges with her. ||1||

ਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ ॥੧॥

ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ

The life-night of the soul-bride is blessed and joyful, when she focuses her consciousness on her Dear Lord.

ਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ, ਧਨ = ਜੀਵ-ਇਸਤ੍ਰੀ। ਰੈਣਿ = ਰਾਤ। ਸਿਉ = ਨਾਲ।

ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ

She serves the True Guru with love; she eradicates selfishness from within.

ਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ। ਭਾਉ = ਪ੍ਰੇਮ। ਕਰੇ = ਕਰਿ, ਕਰ ਕੇ।

ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ

Eradicating selfishness and conceit from within, and singing the Glorious Praises of the Lord, she is in love with the Lord, night and day.

ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ। ਆਪੁ = ਆਪਾ-ਭਾਵ। ਅਨਦਿਨੁ = ਹਰ ਰੋਜ਼, ਹਰ ਵੇਲੇ। ਭਾਓ = ਭਾਉ, ਪਿਆਰ।

ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ

Listen, dear friends and companions of the soul - immerse yourselves in the Word of the Guru's Shabad.

ਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ। ਜੀਅ ਕੀ ਮੇਲੀ = ਜਿੰਦ ਦਾ ਮੇਲ ਰੱਖਣ ਵਾਲੀ, ਦਿਲੀ ਪਿਆਰ ਵਾਲੀ।

ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ

Dwell upon the Lord's Glories, and you shall be loved by your Husband, embracing love for the Naam, the Name of the Lord.

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ। ਸਾਰੀ = ਸੰਭਾਲੇ। ਨਾਮੇ = ਨਾਮ ਵਿਚ ਹੀ।

ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥

O Nanak, the soul-bride who wears the necklace of the Lord's Name around her neck is loved by her Husband Lord. ||2||

ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ॥੨॥ ਕਾਮਣਿ = ਇਸਤ੍ਰੀ। ਨਾਹ ਪਿਆਰੀ = ਖਸਮ ਦੀ ਪਿਆਰੀ। ਗਲਿ = ਗਲਿ ਵਿਚ ॥੨॥

ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ

The soul-bride who is without her beloved Husband is all alone.

ਹੇ ਜੀਉ! ਜੇਹੜੀ ਜੀਵ-ਇਸਤ੍ਰੀ ਪਿਆਰੇ ਪਤੀ-ਪ੍ਰਭੂ ਤੋਂ ਬਿਨਾ ਇਕੱਲੀ (ਸੁੰਞਾ ਜੀਵਨ ਬਿਤੀਤ ਕਰ ਰਹੀ) ਹੈ,

ਦੂਜੈ ਭਾਇ ਮੁਠੀ ਜੀਉ ਬਿਨੁ ਗੁਰਸਬਦ ਕਰਾਰੇ

She is cheated by the love of duality, without the Word of the Guru's Shabad.

ਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨਾ ਹੋਰ ਹੋਰ ਪਿਆਰ ਵਿਚ ਠੱਗੀ ਜਾ ਰਹੀ ਹੈ। ਭਾਇ = ਪਿਆਰ ਵਿਚ। ਮੁਠੀ = ਠੱਗੀ ਗਈ। ਕਰਾਰੇ = ਤਕੜੇ।

ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ

Without the Shabad of her Beloved, how can she cross over the treacherous ocean? Attachment to Maya has led her astray.

ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਨੂੰ ਦੁੱਤਰ (ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਸਕਦਾ ਹੈ, ਉਹ ਮਾਇਆ ਦੇ ਮੋਹ ਵਿਚ (ਫਸੀ) ਖ਼ੁਆਰ ਹੁੰਦੀ ਰਹਿੰਦੀ ਹੈ। ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ {दुस्तर}। ਮੋਹਿ = ਮੋਹ ਵਿਚ। ਖੁਆਈ = ਖੁੰਝੀ ਹੋਈ।

ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਪਾਈ

Ruined by falsehood, she is deserted by her Husband Lord. The soul-bride does not attain the Mansion of His Presence.

ਜਦੋਂ ਜੀਵ-ਇਸਤ੍ਰੀ (ਮਾਇਆ ਦੇ) ਝੂਠੇ ਮੋਹ ਵਿਚ ਖ਼ੁਆਰ ਹੁੰਦੀ ਹੈ, ਤਦੋਂ (ਜਾਣੋ ਕਿ) ਖਸਮ-ਪ੍ਰਭੂ ਵਲੋਂ ਉਹ ਛੁੱਟੜ ਹੋਈ ਪਈ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ। ਕੂੜਿ = ਕੂੜ ਵਿਚ, ਝੂਠੇ ਮੋਹ ਵਿਚ। ਵਿਗੁਤੀ = ਖ਼ੁਆਰ ਹੋਈ। ਪਿਰਿ = ਪਿਰ ਨੇ, ਪਤੀ ਨੇ। ਮੁਤੀ = ਮੁੱਤੀ, ਛੱਡ ਦਿੱਤੀ।

ਗੁਰਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ

But she who is attuned to the Guru's Shabad is intoxicated with celestial love; night and day, she remains absorbed in Him.

(ਪਰ) ਜੇਹੜੀ ਜੀੜ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ। ਸਹਜੇ = ਆਤਮਕ ਅਡੋਲਤਾ ਵਿਚ। ਮਾਤੀ = ਮਸਤ।

ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥

O Nanak, that soul-bride who remains constantly steeped in His Love, is blended by the Lord into Himself. ||3||

ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ (ਪ੍ਰਭੂ-ਪਤੀ ਦੇ) ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾਈ ਰੱਖਦਾ ਹੈ ॥੩॥

ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ

If the Lord merges us with Himself, we are merged with Him. Without the Dear Lord, who can merge us with Him?

ਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ। ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ?

ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ

Without our Beloved Guru, who can dispel our doubt?

(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ। ਭਰਮੁ = ਮਨ ਦੀ ਭਟਕਣਾ। ਚੁਕਾਏ = ਦੂਰ ਕਰੇ।

ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ

Through the Guru, doubt is dispelled. O my mother, this is the way to meet Him; this is how the soul-bride finds peace.

ਹੇ ਮਾਂ! ਜੇ ਗੁਰੂ (ਜੀਵ-ਇਸਤ੍ਰੀ ਦੇ ਮਨ ਦੀ) ਭਟਕਣਾ ਦੂਰ ਕਰ ਦੇਵੇ, ਤਾਂ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਮਿਲ ਸਕੀਦਾ ਹੈ, ਤਦੋਂ ਹੀ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ। ਮਾਏ = ਹੇ ਮਾਂ!

ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਪਾਏ

Without serving the Guru, there is only pitch darkness. Without the Guru, the Way is not found.

ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜੀਵਨ ਦਾ ਸਹੀ) ਰਸਤਾ ਲੱਭ ਨਹੀਂ ਸਕਦਾ। ਘੋਰ ਅੰਧਾਰੁ = ਘੁੱਪ ਹਨੇਰਾ। ਮਗੁ = ਰਸਤਾ।

ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ

That wife who is intuitively imbued with the color of His Love, contemplates the Word of the Guru's Shabad.

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪ੍ਰਭੂ-ਪਤੀ ਦੇ ਗੁਣਾਂ ਨੂੰ) ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।

ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥

O Nanak, the soul-bride obtains the Lord as her Husband, by enshrining love for the Beloved Guru. ||4||1||

ਹੇ ਨਾਨਕ! ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕਣ ਕਰਕੇ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ॥੪॥੧॥ ਵਰੁ = ਖਸਮ। ਭਾਇ = ਪਿਆਰ ਵਿਚ ॥੪॥