ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥
Raag Gauree Gwaarayree, Ashtpadheeyaa Of Kabeer Jee:
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ। ਅਸਟਪਦੀ = {ਅਸਟ = ਅੱਠ। ਪਦ = ਬੰਦ, Stanza} ਅੱਠ ਬੰਦਾਂ ਵਾਲਾ ਸ਼ਬਦ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁਖੁ ਮਾਂਗਤ ਦੁਖੁ ਆਗੈ ਆਵੈ ॥
People beg for pleasure, but pain comes instead.
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
I would rather not beg for that pleasure. ||1||
ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥ ਹਮਹੁ = ਸਾਨੂੰ। ਨ ਭਾਵੈ = ਚੰਗਾ ਨਹੀਂ ਲੱਗਦਾ। ਮਾਂਗਿਆ ਨ ਭਾਵੈ = ਮੰਗਣਾ ਚੰਗਾ ਨਹੀਂ ਲੱਗਦਾ, ਮੰਗਣ ਦੀ ਲੋੜ ਨਹੀਂ ॥੧॥
ਬਿਖਿਆ ਅਜਹੁ ਸੁਰਤਿ ਸੁਖ ਆਸਾ ॥
People are involved in corruption, but still, they hope for pleasure.
ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ; ਬਿਖਿਆ = ਮਾਇਆ। ਸੁਰਤਿ = ਧਿਆਨ।
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
How will they find their home in the Sovereign Lord King? ||1||Pause||
ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥ ਹੋਈ ਹੈ = ਹੋਵੇਗਾ, ਹੋ ਸਕਦਾ ਹੈ। ਰਾਜਾ = ਜੋਤਿ-ਰੂਪ ॥੧॥ ਰਹਾਉ ॥
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥
Even Shiva and Brahma are afraid of this pleasure,
ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ; ਡਰਨਾ = ਡਰ ਗਏ, ਕੰਨਾਂ ਨੂੰ ਹੱਥ ਲਾਏ।
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
but I have judged that pleasure to be true. ||2||
(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥ ਹਮਹੁ = ਅਸਾਂ (ਸੰਸਾਰੀ ਜੀਵਾਂ) ਨੇ ॥੨॥
ਸਨਕਾਦਿਕ ਨਾਰਦ ਮੁਨਿ ਸੇਖਾ ॥
Even sages like Sanak and Naarad, and the thousand-headed serpent,
ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ- ਸਨਕਾਦਿਕ = ਸਨਕ ਆਦਿਕ, ਸਨਕ ਅਤੇ ਹੋਰ, ਬ੍ਰਹਮਾ ਦੇ ਚਾਰੇ ਪੁੱਤਰ (ਸਨਕ, ਸਨੰਦਨ, ਸਤਾਤਨ, ਸਨਤਕੁਮਾਰ)। ਸੇਖਾ = ਸ਼ੇਸ ਨਾਗ।
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
did not see the mind within the body. ||3||
ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥ ਤਿਨ ਭੀ = ਇਹਨਾਂ ਨੇ ਭੀ। ਪੇਖਾ = ਵੇਖਿਆ ॥੩॥
ਇਸੁ ਮਨ ਕਉ ਕੋਈ ਖੋਜਹੁ ਭਾਈ ॥
Anyone can search for this mind, O Siblings of Destiny.
ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
ਤਨ ਛੂਟੇ ਮਨੁ ਕਹਾ ਸਮਾਈ ॥੪॥
When it escapes from the body, where does the mind go? ||4||
ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥ ਤਨ ਛੂਟੇ = ਸਰੀਰ ਨਾਲੋਂ ਵਿਛੋੜਾ ਹੋਣ ਤੇ ॥੪॥
ਗੁਰ ਪਰਸਾਦੀ ਜੈਦੇਉ ਨਾਮਾਂ ॥
By Guru's Grace, Jai Dayv and Naam Dayv
ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ- ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਨਾਮਾਂ = ਨਾਮਦੇਵ ਜੀ।
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
came to know this, through loving devotional worship of the Lord. ||5||
ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ "ਤਨ ਛੂਟੇ ਮਨੁ ਕਹਾ ਸਮਾਈ") ॥੫॥ ਪ੍ਰੇਮਿ = ਪ੍ਰੇਮ ਨਾਲ, ਪਿਆਰ ਨਾਲ। ਇਨਹੀ = ਇਹਨਾਂ (ਜੈਦੇਵ ਤੇ ਨਾਮਦੇਵ ਜੀ) ਨੇ। ਜਾਨਾਂ ਹੈ = ਸਮਝਿਆ ਹੈ ॥੫॥
ਇਸੁ ਮਨ ਕਉ ਨਹੀ ਆਵਨ ਜਾਨਾ ॥
This mind does not come or go.
ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
One whose doubt is dispelled, knows the Truth. ||6||
ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥ ਤਿਨਿ = ਉਸ ਮਨੁੱਖ ਨੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੬॥
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
This mind has no form or outline.
(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ। ਰੂਪ = ਸ਼ਕਲ। ਰੇਖਿਆ = ਨਿਸ਼ਾਨ, ਚਿਹਨ, ਲਕੀਰ। ਨ ਕਾਈ = ਕੋਈ ਨਹੀਂ।
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
By God's Command it was created; understanding God's Command, it will be absorbed into Him again. ||7||
ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
ਇਸ ਮਨ ਕਾ ਕੋਈ ਜਾਨੈ ਭੇਉ ॥
Does anyone know the secret of this mind?
ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ, ਕੋਈ = ਜੇ ਕੋਈ, ਜੋ ਮਨੁੱਖ। ਭੇਉ = ਭੇਦ।
ਇਹ ਮਨਿ ਲੀਣ ਭਏ ਸੁਖਦੇਉ ॥੮॥
This mind shall merge into the Lord, the Giver of peace and pleasure. ||8||
ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥ ਇਹ ਮਨਿ = ਇਸ ਮਨ ਵਿਚ। ਲੀਣ = ਸਮਾਇਆ ਹੋਇਆ। ਸੁਖਦੇਉ = ਸੁਖ-ਸਰੂਪ ਪ੍ਰਭੂ ॥੮॥
ਜੀਉ ਏਕੁ ਅਰੁ ਸਗਲ ਸਰੀਰਾ ॥
There is One Soul, and it pervades all bodies.
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ, ਜੀਉ ਏਕੁ = ਇੱਕ ਆਤਮਾ, ਇੱਕ ਰੱਬੀ ਜੋਤਿ। ਸਗਲ = ਸਾਰੇ।
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
Kabeer dwells upon this Mind. ||9||1||36||
ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥ ਰਵਿ ਰਹੇ = ਰਮ ਰਹੇ, ਸਿਮਰ ਰਿਹਾ ਹੈ ॥੯॥੧॥੩੬॥