ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨ ॥

Raag Gond, Fifth Mehl, Chau-Padhay, Second House:

ਰਾਗ ਗੋਂਡ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੀਅ ਪ੍ਰਾਨ ਕੀਏ ਜਿਨਿ ਸਾਜਿ ॥

He fashioned the soul and the breath of life,

ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜੀਅ ਪ੍ਰਾਨ = ਜੀਵਾਂ ਦੀਆਂ ਜਿੰਦਾਂ। ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ।

ਮਾਟੀ ਮਹਿ ਜੋਤਿ ਰਖੀ ਨਿਵਾਜਿ ॥

and infused His Light into the dust;

ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਮਾਟੀ ਮਹਿ = ਸਰੀਰ ਵਿਚ। ਨਿਵਾਜਿ = ਨਿਵਾਜ ਕੇ, ਨਿਵਾਜ਼ਸ਼ ਕਰ ਕੇ, ਮੇਹਰ ਕਰ ਕੇ।

ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥

He exalted you and gave you everything to use, and food to eat and enjoy

ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਕਉ = ਵਾਸਤੇ। ਸਭੁ ਕਿਛੁ = ਹਰੇਕ ਚੀਜ਼। ਭੋਗਾਇ = ਛਕਾਂਦਾ ਹੈ।

ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥

- how can you forsake that God, you fool! Where else will you go? ||1||

ਹੇ ਮੂਰਖ! ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ॥੧॥ ਤਜਿ = ਤਿਆਗ ਕੇ। ਮੂੜੇ = ਹੇ ਮੂਰਖ! ਕਤ = ਕਿੱਥੇ? ਜਾਇ = ਜਾਂਦਾ ਹੈ (ਤੇਰਾ ਮਨ) ॥੧॥

ਪਾਰਬ੍ਰਹਮ ਕੀ ਲਾਗਉ ਸੇਵ ॥

Commit yourself to the service of the Transcendent Lord.

ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ, ਮੈਂ ਲੱਗਣਾ ਚਾਹੁੰਦਾ ਹਾਂ। ਸੇਵ = ਸੇਵਾ-ਭਗਤੀ।

ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥

Through the Guru, one understands the Immaculate, Divine Lord. ||1||Pause||

ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ॥੧॥ ਰਹਾਉ ॥ ਗੁਰ ਤੇ = ਗੁਰੂ ਤੋਂ। ਨਿਰੰਜਨ ਦੇਵ = ਉਹ ਪ੍ਰਕਾਸ਼-ਰੂਪ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧॥ ਰਹਾਉ ॥

ਜਿਨਿ ਕੀਏ ਰੰਗ ਅਨਿਕ ਪਰਕਾਰ ॥

He created plays and dramas of all sorts;

ਹੇ ਮੇਰੇ ਮਨ! ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਕੀਏ = ਬਣਾਏ। ਪ੍ਰਕਾਰ = ਕਿਸਮ।

ਓਪਤਿ ਪਰਲਉ ਨਿਮਖ ਮਝਾਰ ॥

He creates and destroys in an instant;

ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਓਪਤਿ = ਉਤਪੱਤੀ। ਪਰਲਉ = ਨਾਸ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਝਾਰ = ਵਿਚ।

ਜਾ ਕੀ ਗਤਿ ਮਿਤਿ ਕਹੀ ਨ ਜਾਇ ॥

His state and condition cannot be described.

ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ, ਗਤਿ = ਆਤਮਕ ਅਵਸਥਾ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ = ਇਹ ਗੱਲ। ਜਾ ਕੀ = ਜਿਸ (ਪ੍ਰਭੂ) ਦੀ।

ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥

Meditate forever on that God, O my mind. ||2||

ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ ॥੨॥ ਮਨ = ਹੇ ਮਨ! ॥੨॥

ਆਇ ਨ ਜਾਵੈ ਨਿਹਚਲੁ ਧਨੀ ॥

The unchanging Lord does not come or go.

ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਆਇ ਨ = ਜੰਮਦਾ ਨਹੀਂ। ਨ ਜਾਵੈ = ਨਹੀਂ ਮਰਦਾ। ਨਿਹਚਲੁ = ਸਦਾ ਅਟੱਲ। ਧਨੀ = ਮਾਲਕ-ਪ੍ਰਭੂ।

ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥

His Glorious Virtues are infinite; how many of them can I count?

ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਕੇਤਕ = ਕਿਤਨੇ ਕੁ? ਗਨੀ = ਗਨੀਂ, ਮੈਂ ਗਿਣਾਂ।

ਲਾਲ ਨਾਮ ਜਾ ਕੈ ਭਰੇ ਭੰਡਾਰ ॥

His treasure is overflowing with the rubies of the Name.

ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ। ਜਾ ਕੈ = ਜਿਸ ਦੇ ਘਰ ਵਿਚ। ਭੰਡਾਰ = ਖ਼ਜ਼ਾਨੇ।

ਸਗਲ ਘਟਾ ਦੇਵੈ ਆਧਾਰ ॥੩॥

He gives Support to all hearts. ||3||

ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ॥੩॥ ਸਗਲ = ਸਾਰੇ। ਘਟਾ = ਘਟਾਂ, ਸਰੀਰਾਂ ਨੂੰ। ਆਧਾਰ = ਆਸਰਾ ॥੩॥

ਸਤਿ ਪੁਰਖੁ ਜਾ ਕੋ ਹੈ ਨਾਉ ॥

The Name is the True Primal Being;

ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਸਤਿ ਪੁਰਖੁ = ਸਦਾ-ਥਿਰ ਸਰਬ-ਵਿਆਪਕ। ਜਾ ਕੋ = ਜਿਸ ਦਾ।

ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥

millions of sins are washed away in an instant, singing His Praises.

ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕ੍ਰੋੜਾਂ ਪਾਪ ਮਿਟ ਜਾਂਦੇ ਹਨ। ਕੋਟਿ = ਕ੍ਰੋੜਾਂ। ਅਘ = ਪਾਪ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਗਾਉ = ਗਾਇਆ ਕਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਮਖ ਨਿਮਖ = ਹਰ ਵੇਲੇ।

ਬਾਲ ਸਖਾਈ ਭਗਤਨ ਕੋ ਮੀਤ ॥

The Lord God is your best friend, your playmate from earliest childhood.

ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ, ਬਾਲ ਸਖਾਈ = ਮੁੱਢ ਦਾ ਸਾਥੀ। ਕੋ = ਦਾ।

ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥

He is the Support of the breath of life; O Nanak, He is love, He is consciousness. ||4||1||3||

ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ। ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ ॥੪॥੧॥੩॥ ਪ੍ਰਾਨ ਅਧਾਰ = ਜਿੰਦ ਦਾ ਸਹਾਰਾ। ਹਿਤ ਚੀਤ = ਹਿਤੁ ਚੀਤਿ, ਆਪਣੇ ਚਿੱਤ ਵਿਚ ਉਸ ਦਾ ਪਿਆਰ ਪੈਦਾ ਕਰ ॥੪॥੧॥੩॥