ਗੋਂਡ ਮਹਲਾ ੫ ॥
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
ਨਾਮ ਸੰਗਿ ਕੀਨੋ ਬਿਉਹਾਰੁ ॥
I trade in the Naam, the Name of the Lord.
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਪ੍ਰਭੂ ਦੇ ਨਾਮ ਨਾਲ (ਆਤਮਕ ਜੀਵਨ ਦਾ) ਵਪਾਰ ਕਰ ਰਿਹਾ ਹਾਂ। ਨਾਮ ਸੰਗਿ = ਪ੍ਰਭੂ ਦੇ ਨਾਮ ਨਾਲ। ਕੀਨੋ = ਕੀਤਾ ਹੈ।
ਨਾਮੋੁ ਹੀ ਇਸੁ ਮਨ ਕਾ ਅਧਾਰੁ ॥
The Naam is the Support of the mind.
ਪ੍ਰਭੂ ਦਾ ਨਾਮ ਹੀ (ਮੇਰੇ) ਇਸ ਮਨ ਦਾ ਆਸਰਾ ਬਣ ਗਿਆ ਹੈ। ਨਾਮ = {ਅੱਖਰ 'ਮ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਨਾਮੁ' ਹੈ, ਇਥੇ 'ਨਾਮੋ' ਪੜ੍ਹਨਾ ਹੈ}। ਅਧਾਰੁ = ਆਸਰਾ।
ਨਾਮੋ ਹੀ ਚਿਤਿ ਕੀਨੀ ਓਟ ॥
My consciousness takes to the Shelter of the Naam.
ਨਾਮ ਨੂੰ ਹੀ ਮੈਂ ਆਪਣੇ ਚਿੱਤ ਵਿਚ (ਜੀਵਨ ਦਾ) ਸਹਾਰਾ ਬਣਾ ਲਿਆ ਹੈ। ਚਿਤਿ = ਚਿੱਤ ਵਿਚ! ਓਟ = ਆਸਰਾ।
ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥
Chanting the Naam, millions of sins are erased. ||1||
(ਹੇ ਭਾਈ! ਪ੍ਰਭੂ ਦਾ) ਨਾਮ ਜਪਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਮਿਟਹਿ = ਮਿਟ ਜਾਂਦੇ ਹਨ। ਕੋਟਿ = ਕ੍ਰੋੜਾਂ ॥੧॥
ਰਾਸਿ ਦੀਈ ਹਰਿ ਏਕੋ ਨਾਮੁ ॥
The Lord has blessed me with the wealth of the Naam, the Name of the One Lord.
ਹੇ ਭਾਈ! ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ (ਤਾ ਕਿ ਮੈਂ ਉੱਚੇ ਆਤਮਕ ਜੀਵਨ ਦਾ ਵਪਾਰ ਕਰ ਸਕਾਂ)। ਰਾਸਿ = ਪੂੰਜੀ, ਸਰਮਾਇਆ। ਦੀਈ = ਦਿੱਤੀ ਹੈ (ਗੁਰੂ ਨੇ)।
ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥
The wish of my mind is to meditate on the Naam, in association with the Guru. ||1||Pause||
(ਹੁਣ ਪ੍ਰਭੂ ਦਾ ਨਾਮ ਹੀ) ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ (ਪੂਜਣ-ਜੋਗ ਦੇਵਤਾ ਬਣ ਗਿਆ) ਹੈ। (ਪਰ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਹਰਿ-ਨਾਮ ਦਾ ਧਿਆਨ ਬਣ ਸਕਦਾ ਹੈ (ਹਰਿ-ਨਾਮ ਵਿਚ ਸੁਰਤ ਜੁੜ ਸਕਦੀ ਹੈ) ॥੧॥ ਰਹਾਉ ॥ ਇਸਟੁ = ਸਭ ਤੋਂ ਪਿਆਰਾ (ਪੂਜਣ-ਯੋਗ) ॥੧॥ ਰਹਾਉ ॥
ਨਾਮੁ ਹਮਾਰੇ ਜੀਅ ਕੀ ਰਾਸਿ ॥
The Naam is the wealth of my soul.
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ) ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁਕਾ ਹੈ, ਜੀਅ ਕੀ = ਜਿੰਦ ਦੀ।
ਨਾਮੋ ਸੰਗੀ ਜਤ ਕਤ ਜਾਤ ॥
Wherever I go, the Naam is with me.
ਨਾਮ ਹੀ ਮੇਰਾ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ। ਸੰਗੀ = ਸਾਥੀ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਜਾਤ = ਜਾਂਦਾ ਹੈ।
ਨਾਮੋ ਹੀ ਮਨਿ ਲਾਗਾ ਮੀਠਾ ॥
The Naam is sweet to my mind.
ਪ੍ਰਭੂ ਦਾ ਨਾਮ ਹੀ ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ। ਮਨਿ = ਮਨ ਵਿਚ।
ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥
In the water, on the land, and everywhere, I see the Naam. ||2||
ਪਾਣੀ ਵਿਚ ਧਰਤੀ ਉਤੇ ਸਭ ਜੀਵਾਂ ਵਿਚ ਮੈਨੂੰ ਹਰਿ-ਨਾਮ ਹੀ (ਹਰੀ ਹੀ) ਦਿੱਸ ਰਿਹਾ ਹੈ ॥੨॥ ਜਲਿ = ਜਲ ਵਿਚ। ਥਲਿ = ਧਰਤੀ ਵਿਚ, ਧਰਤੀ ਉਤੇ। ਨਾਮੋ = ਨਾਮ ਹੀ, ਪਰਮਾਤਮਾ ਹੀ ॥੨॥
ਨਾਮੇ ਦਰਗਹ ਮੁਖ ਉਜਲੇ ॥
Through the Naam, one's face becomes radiant in the Court of the Lord.
ਹੇ ਭਾਈ! ਨਾਮ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ, ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਮੁਖ ਉਜਲੇ = ਸੁਰਖ਼ਰੂ।
ਨਾਮੇ ਸਗਲੇ ਕੁਲ ਉਧਰੇ ॥
Through the Naam, all one's generations are saved.
ਨਾਮ ਦੀ ਰਾਹੀਂ ਸਾਰੀਆਂ ਕੁਲਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀਆਂ ਹਨ। ਸਗਲੇ = ਸਾਰੇ। ਉਧਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
ਨਾਮਿ ਹਮਾਰੇ ਕਾਰਜ ਸੀਧ ॥
Through the Naam, my affairs are resolved.
ਪ੍ਰਭੂ ਦੇ ਨਾਮ ਵਿਚ ਜੁੜਿਆਂ ਮੇਰੇ ਸਾਰੇ ਕੰਮ-ਕਾਰ ਸਫਲ ਹੋ ਰਹੇ ਹਨ। ਨਾਮਿ = ਨਾਮ ਦੀ ਰਾਹੀਂ। ਸੀਧ = ਸਿੱਧ, ਸਫਲ।
ਨਾਮ ਸੰਗਿ ਇਹੁ ਮਨੂਆ ਗੀਧ ॥੩॥
My mind is accustomed to the Naam. ||3||
ਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ ਹੈ ॥੩॥ ਗੀਧ = ਗਿੱਝ ਗਿਆ ਹੈ ॥੩॥
ਨਾਮੇ ਹੀ ਹਮ ਨਿਰਭਉ ਭਏ ॥
Through the Naam, I have become fearless.
ਹੇ ਭਾਈ! ਪ੍ਰਭੂ-ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ।
ਨਾਮੇ ਆਵਨ ਜਾਵਨ ਰਹੇ ॥
Through the Naam, my comings and goings have ceased.
ਹਰਿ-ਨਾਮ ਵਿਚ ਜੁੜਿਆਂ ਹੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ। ਆਵਨ ਜਾਵਨ = ਜਨਮ ਮਰਨ ਦੇ ਗੇੜ। ਰਹੇ = ਮੁੱਕ ਜਾਂਦੇ ਹਨ।
ਗੁਰਿ ਪੂਰੈ ਮੇਲੇ ਗੁਣਤਾਸ ॥
The Perfect Guru has united me with the Lord, the treasure of virtue.
(ਪਰ) ਪੂਰੇ ਗੁਰੂ ਨੇ (ਹੀ ਸਦਾ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨਾਲ (ਜੀਵਾਂ ਨੂੰ) ਮਿਲਾਇਆ ਹੈ (ਗੁਰੂ ਹੀ ਮਿਲਾਂਦਾ ਹੈ)। ਗੁਰਿ = ਗੁਰੂ ਨੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥
Says Nanak, I dwell in celestial peace. ||4||2||4||
ਨਾਨਕ ਆਖਦਾ ਹੈ- (ਪ੍ਰਭੂ ਦੇ ਨਾਮ ਦੀ ਬਰਕਤਿ ਨਾਲ) ਆਨੰਦ ਵਿਚ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ॥੪॥੨॥੪॥ ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੪॥੨॥੪॥