ਪਉੜੀ

Pauree:

ਪਉੜੀ।

ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ

All glorious greatness is in the Name of the Lord; as Gurmukh, meditate on the Lord.

ਹੇ ਭਾਈ! ਪਰਮਾਤਮਾ ਦੇ ਨਾਮ ਸਿਮਰਨ ਵਿਚ ਸਾਰੇ ਗੁਣ ਹਨ (ਜੇ ਮਨੁੱਖ ਨਾਮ ਸਿਮਰੇ ਤਾਂ ਉਸ ਦੇ ਅੰਦਰ ਸਾਰੇ ਆਤਮਕ ਗੁਣ ਪੈਦਾ ਹੋ ਜਾਂਦੇ ਹਨ, ਪਰ) ਪਰਮਾਤਮਾ (ਦਾ ਨਾਮ) ਗੁਰੂ ਦੀ ਸਰਨ ਪਿਆਂ ਹੀ ਸਿਮਰਿਆ ਜਾ ਸਕਦਾ ਹੈ। ਸਭ ਵਡਿਆਈਆ = ਸਾਰੇ ਗੁਣ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਧਿਆਈਐ = ਸਿਮਰਿਆ ਜਾ ਸਕਦਾ ਹੈ।

ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ

One obtains all that he asks for, if he keeps his consciousness focused on the Lord.

ਹੇ ਭਾਈ! ਜੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜੀ ਰੱਖੀਏ ਤਾਂ (ਉਸ ਦੇ ਦਰ ਤੋਂ) ਜਿਹੜੀ ਭੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ। ਜਿ ਵਸਤੁ = ਜਿਹੜੀ ਚੀਜ਼। ਨਾਮਿ = ਨਾਮ ਵਿਚ।

ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ

If he tells the secrets of his soul to the True Guru, then he finds absolute peace.

ਹੇ ਭਾਈ! ਜਦੋਂ ਦਿਲ ਦੀ ਘੁੰਡੀ ਸਤਿਗੁਰੂ ਦੇ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ। ਗੁਹਜ ਗਲ = ਲੁਕਵੀਂ ਗੱਲ, ਅੰਦਰਲੀ ਗੱਲ, ਦਿਲ ਦੀ ਘੁੰਡੀ। ਜੀਅ ਕੀ = ਦਿਲ ਦੀ। ਕੀਚੈ = ਕੀਤੀ ਜਾਏ। ਸਰਬ ਸੁਖੁ = ਹਰੇਕ ਕਿਸਮ ਦਾ ਸੁਖ।

ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ

When the Perfect Guru bestows the Lord's Teachings, then all hunger departs.

ਪੂਰਾ ਸਤਿਗੁਰੂ ਪਰਮਾਤਮਾ (ਦੇ ਸਿਮਰਨ) ਦਾ ਉਪਦੇਸ਼ ਦੇਂਦਾ ਹੈ (ਅਤੇ ਸਿਮਰਨ ਦੀ ਬਰਕਤ ਨਾਲ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਦੇਇ = ਦੇਂਦਾ ਹੈ। ਭੁਖ = ਤ੍ਰਿਸ਼ਨਾ।

ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥

One who is blessed with such pre-ordained destiny, sings the Glorious Praises of the Lord. ||3||

ਪਰ ਹੇ ਭਾਈ! ਜਿਸ ਮਨੁੱਖ ਦੇ ਅੰਦਰ ਮੁੱਢ ਤੋਂ {ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ} ਲੇਖ ਲਿਖਿਆ ਹੁੰਦਾ ਹੈ ਉਹ ਹੀ ਪਰਮਾਤਮਾ ਦੇ ਗੁਣ ਗਾਂਦਾ ਹੈ (ਬਾਕੀ ਸਾਰੀ ਲੁਕਾਈ ਤਾਂ ਮਾਇਆ ਦੇ ਢਹੇ ਚੜ੍ਹੀ ਰਹਿੰਦੀ ਹੈ) ॥੩॥ ਪੂਰਬਿ = ਪਹਿਲਾਂ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = (ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ) ਲਿਖਿਆ ਹੋਇਆ ਲੇਖ ॥੩॥