ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ॥
Raag Bilaaval, Fifth Mehl, Chau-Padhay And Dho-Padhay, Seventh House:
ਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰ ਸਬਦਿ ਉਜਾਰੋ ਦੀਪਾ ॥
The Shabad, the Word of the True Guru, is the light of the lamp.
ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਸਬਦਿ = ਸ਼ਬਦ ਦੀ ਰਾਹੀਂ। ਸਬਦਿ ਦੀਪਾ = ਸ਼ਬਦ-ਦੀਵੇ ਦੀ ਰਾਹੀਂ। ਉਜਾਰੋ = ਚਾਨਣ, ਆਤਮਕ ਜੀਵਨ ਦੀ ਸੂਝ।
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੑੀ ਅਨੂਪਾ ॥੧॥ ਰਹਾਉ ॥
It dispels the darkness from the body-mansion, and opens the beautiful chamber of jewels. ||1||Pause||
ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ ॥ ਅੰਧਕਾਰ = ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ। ਤਿਹ ਮੰਦਰਿ = ਉਸ ਮਨ ਮੰਦਰ ਵਿਚ। ਅਨੂਪਾ = ਬਹੁਤ ਸੁੰਦਰ ॥੧॥ ਰਹਾਉ ॥
ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥
I was wonderstruck and astonished, when I looked inside; I cannot even describe its glory and grandeur.
(ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨੀ। ਜਉ = ਜਦੋਂ। ਕਹਨੁ ਨ ਜਾਇ = ਬਿਆਨ ਨਹੀਂ ਹੋ ਸਕਦੀ।
ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥
I am intoxicated and enraptured with it, and I am wrapped in it, through and through. ||1||
ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥ ਮਗਨ = ਚੁੱਭੀ ਲਾ ਲਈ। ਸੰਗੀ = ਨਾਲ। ਮਾਤੇ = ਮਸਤ। ਓਤਿ = ਉਣਤ ਵਿਚ। ਪੋਤਿ = ਪ੍ਰੋਣ ਵਿਚ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲੇ ਹੋਏ ॥੧॥
ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥
No worldly entanglements or snares can trap me, and no trace of egotistical pride remains.
(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ। ਆਲ ਜਾਲ = ਘਰ (ਦੇ ਮੋਹ) ਦੇ ਜਾਲ। ਜੰਜਾਰਾ = ਜੰਜਾਲ, ਝੰਬੇਲੇ। ਅਹੰਬੁਧਿ = ਹਉਮੈ ਵਾਲੀ ਬੁੱਧੀ, ਅਹੰਕਾਰ। ਭੋਰਾ = ਰਤਾ ਭੀ।
ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥
You are the highest of the high, and no curtain separates us; I am Yours, and You are mine. ||2||
ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥ ਊਚਨ ਊਚਾ = ਮਹਾਨ ਉੱਚਾ। ਬੀਚੁ = ਪਰਦਾ, ਵਿੱਥ। ਖੀਚਾ = ਖਿੱਚਿਆ ਹੋਇਆ, ਤਣਿਆ ਹੋਇਆ। ਹਉ = ਮੈਂ, ਹਉਂ। ਮੋਰਾ = ਮੇਰਾ ॥੨॥
ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥
The One Creator Lord created the expanse of the one universe; the One Lord is unlimited and infinite.
(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ, ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ। ਏਕੰਕਾਰੁ = ਇਕ ਸਰਬ-ਵਿਆਪਕ ਪਰਮਾਤਮਾ। ਅਪਰ = ਪਰੇ ਤੋਂ ਪਰੇ। ਅਪਾਰਾ = ਬੇਅੰਤ।
ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥੩॥
The One Lord pervades the one universe; the One Lord is totally permeating everywhere; the One Lord is the Support of the breath of life. ||3||
ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ ॥੩॥ ਬਿਸਥੀਰਨੁ = ਖਿਲਾਰਾ, ਪ੍ਰਕਾਸ਼। ਸੰਪੂਰਨੁ = ਹਰ ਥਾਂ ਵਿਆਪਕ। ਅਧਾਰਾ = ਆਸਰਾ ॥੩॥
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥
He is the most immaculate of the immaculate, the purest of the pure, so pure, so pure.
(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ। ਨਿਰਮਲ ਨਿਰਮਲ = ਮਹਾਨ ਪਵਿੱਤਰ। ਸੂਚਾ...ਸੂਚਾ = ਮਹਾਨ ਸੁੱਚਾ।
ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥੪॥੧॥੮੭॥
He has no end or limitation; He is forever unlimited. Says Nanak, He is the highest of the high. ||4||1||87||
ਨਾਨਕ ਆਖਦਾ ਹੈ- ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ॥੪॥੧॥੮੭॥