ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਬਿਨੁ ਹਰਿ ਕਾਮਿ ਨ ਆਵਤ ਹੇ ॥
Without the Lord, nothing is of any use.
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ। ਕਾਮਿ = ਕੰਮ ਵਿਚ।
ਜਾ ਸਿਉ ਰਾਚਿ ਮਾਚਿ ਤੁਮੑ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥
You are totally attached to that Enticer Maya; she is enticing you. ||1||Pause||
ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ ॥ ਸਿਉ = ਜਿਸ (ਮਾਇਆ) ਨਾਲ। ਰਾਚਿ ਮਾਚਿ = ਰਚ ਮਿਚ ਕੇ। ਮੋਹਨੀ = ਮਨ ਨੂੰ ਮੋਹਣ ਵਾਲੀ ਮਾਇਆ। ਮੋਹਾਵਤ = ਠੱਗ ਰਹੀ ਹੈ ॥੧॥ ਰਹਾਉ ॥
ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥
You shall have to leave behind your gold, your woman and your beautiful bed; you shall have to depart in an instant.
ਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ। ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਛੋਡਿ = ਛੱਡ ਕੇ। ਖਿਨੈ ਮਹਿ = ਖਿਨ ਵਿਚ ਹੀ।
ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥
You are entangled in the lures of sexual pleasures, and you are eating poisonous drugs. ||1||
ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ॥੧॥ ਉਰਝਿ ਰਹਿਓ = ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਇੰਦ੍ਰੀ ਰਸ = ਕਾਮ-ਵਾਸਨਾ ਦੇ ਸੁਆਦ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਮੂਰੀ। ਠਗਉਰੀ = ਠਗ ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਲੋਕ ਰਾਹੀਆਂ ਨੂੰ ਖੁਆ ਕੇ ਬੇ-ਹੋਸ਼ ਕਰ ਲੈਂਦੇ ਹਨ ॥੧॥
ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥
You have built and adorned a palace of straw, and under it, you light a fire.
ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ। ਤ੍ਰਿਣ ਕੋ = ਤੀਲਿਆਂ ਦਾ। ਮੰਦਰੁ = ਘਰ। ਸਾਜਿ = ਬਣਾ ਕੇ। ਪਾਵਕੁ = ਅੱਗ। ਤਲੈ = ਹੇਠ।
ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥
Sitting all puffed-up in such a castle, you stubborn-minded fool, what do you think you will gain? ||2||
ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ ॥੨॥ ਗੜ = ਸਰੀਰ-ਕਿਲ੍ਹਾ। ਐਠਿ = ਆਕੜ ਨਾਲ। ਹਠੀਲੋ = ਹਠੀ, ਜ਼ਿੱਦੀ। ਫੂਲਿ ਫੂਲਿ = ਫੁੱਲ ਫੁੱਲ ਕੇ ॥੨॥
ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥
The five thieves stand over your head and seize you. Grabbing you by your hair, they will drive you on.
ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ, ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮੂਡ ਪਰਿ = ਸਿਰ ਉਤੇ। ਠਾਢੇ = ਖਲੋਤੇ ਹੋਏ। ਗਹੇ = ਗਹਿ, ਫੜ ਕੇ। ਕੇਸ ਗਹੇ = ਕੇਸਾਂ ਤੋਂ ਫੜ ਕੇ। ਫੇਰਾਵਤ = ਭਵਾਂਦੇ ਹਨ।
ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥
You do not see them, you blind and ignorant fool; intoxicated with ego, you just keep sleeping. ||3||
ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ ॥੩॥ ਦ੍ਰਿਸਟਿ ਨ ਆਵਹਿ = ਦਿੱਸਦੇ ਨਹੀਂ। ਅੰਧ = ਅੰਨ੍ਹਾ। ਮਦ = ਨਸ਼ਾ। ਮਾਵਤ = ਮਸਤ ॥੩॥
ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥
The net has been spread out, and the bait has been scattered; like a bird, you are being trapped.
ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ। ਪਸਾਰਿ = ਖਿਲਾਰ ਕੇ। ਬਿਸਥਾਰੀ = ਖਿਲਾਰੀ। ਪੰਖੀ = ਪੰਛੀ।
ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥
Says Nanak, my bonds have been broken; I meditate on the True Guru, the Primal Being. ||4||2||88||
ਨਾਨਕ ਆਖਦਾ ਹੈ- (ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ ॥੪॥੨॥੮੮॥ ਕਉ = ਵਾਸਤੇ ॥੪॥੨॥੮੮॥