ਭੈਰਉ ਮਹਲਾ ੩ ਘਰੁ ੨ ॥
Bhairao, Third Mehl, Second House:
ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥
The self-willed manmukhs are afflicted with the disease of duality; they are burnt by the intense fire of desire.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਤਕਰੇ ਦੇ ਆਤਮਕ ਰੋਗ ਵਿਚ ਜਕੜੇ ਪਏ ਹਨ, ਮਾਇਆ ਦੇ ਲਾਲਚ ਦੀ ਅੱਗ ਵਿਚ ਬਹੁਤ ਸੜਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਬਿਧਾ ਰੋਗਿ = ਮੇਰ-ਤੇਰ ਦੇ ਆਤਮਕ ਰੋਗ ਵਿਚ। ਵਿਆਪੇ = ਫਸੇ ਹੋਏ। ਜਲਹਿ = ਸੜਦੇ ਹਨ। ਅਧਿਕਾਈ = ਬਹੁਤ।
ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥
They die and die again, and are reborn; they find no place of rest. They waste their lives uselessly. ||1||
(ਇਸ ਤਰ੍ਹਾਂ ਹੀ ਆਪਣਾ ਕੀਮਤੀ) ਜਨਮ ਵਿਅਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚੋਂ ਉਹਨਾਂ ਨੂੰ ਖੁਲ੍ਹੀਰ ਨਹੀਂ ਮਿਲਦੀ ॥੧॥ ਮਰਿ = ਮਰ ਕੇ। ਠਉਰ = ਜਨਮ ਮਰਨ ਦੇ ਚੱਕਰ ਤੋਂ ਟਿਕਾਣਾ। ਗਵਾਈ = ਗਵਾਇ, ਗਵਾ ਕੇ ॥੧॥
ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥
O my Beloved, grant Your Grace, and give me understanding.
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਮਿਹਰ ਕਰ, (ਮੈਨੂੰ ਆਤਮਕ ਜੀਵਨ ਦੀ) ਸੂਝ ਬਖ਼ਸ਼। ਪ੍ਰੀਤਮ = ਹੇ ਪ੍ਰੀਤਮ! ਬੁਝਾਈ = ਆਤਮਕ ਜੀਵਨ ਦੀ ਸੂਝ।
ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥
The world was created in the disease of egotism; without the Word of the Shabad, the disease is not cured. ||1||Pause||
ਹੇ ਪ੍ਰਭੂ! ਹਉਮੈ ਨੇ ਸਾਰੇ ਜਗਤ ਨੂੰ (ਆਤਮਕ ਤੌਰ ਤੇ) ਰੋਗੀ ਬਣਾ ਰੱਖਿਆ ਹੈ। ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਦੂਰ ਨਹੀਂ ਹੋ ਸਕਦਾ ॥੧॥ ਰਹਾਉ ॥ ਉਪਾਇਆ = ਬਣਾ ਦਿੱਤਾ ਹੈ। ਨ ਜਾਈ = ਦੂਰ ਨਹੀਂ ਹੁੰਦਾ ॥੧॥ ਰਹਾਉ ॥
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥
There are so many silent sages, who read the Simritees and the Shaastras; without the Shabad, they have no clear awareness.
ਅਨੇਕਾਂ ਮੁਨੀ ਲੋਕ ਸਿਮ੍ਰਿਤੀਆਂ ਪੜ੍ਹਦੇ ਹਨ ਸ਼ਾਸਤ੍ਰ ਭੀ ਪੜ੍ਹਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਮੁਨਿ = ਰਿਸ਼ੀ, ਮੋਨਧਾਰੀ ਸਾਧੂ। ਕੇਤੇ = ਅਨੇਕਾਂ। ਸੁਰਤਿ = ਆਤਮਕ ਜੀਵਨ ਦੀ ਸੂਝ। ਨ ਪਾਈ = ਨਹੀਂ ਮਿਲਦੀ।
ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥
All those under the influence of the three qualities are afflicted with the disease; through possessiveness, they lose their awareness. ||2||
ਸਾਰੇ ਹੀ ਤ੍ਰੈ-ਗੁਣੀ ਜੀਵ ਹਉਮੈ ਦੇ ਰੋਗ ਵਿਚ ਫਸੇ ਪਏ ਹਨ, ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਹੈ ॥੨॥ ਤ੍ਰੈ ਗੁਣ ਸਭੇ = ਸਾਰੇ ਤ੍ਰੈ-ਗੁਣੀ ਜੀਵ। ਮਮਤਾ = ਅਪਣੱਤ (ਨੇ)। ਸੁਰਤਿ ਗਵਾਈ = (ਉਹਨਾਂ ਦੀ) ਹੋਸ਼ ਭੁਲਾ ਰੱਖੀ ਹੈ ॥੨॥
ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥
O God, you save some, and you enjoin others to serve the Guru.
ਪਰ, ਕਈ ਐਸੇ (ਭਾਗਾਂ ਵਾਲੇ) ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ (ਮਮਤਾ ਵਿਚੋਂ) ਬਚਾ ਰੱਖਿਆ ਹੈ, ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਲਾ ਰੱਖਿਆ ਹੈ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਪ੍ਰਭਿ ਆਪੇ = ਪ੍ਰਭੂ ਨੇ ਆਪ ਹੀ।
ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥
They obtain the treasure of the Name of the Lord; peace comes to abide within their minds. ||3||
ਉਹਨਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ਹੈ, (ਇਸ ਵਾਸਤੇ ਉਹਨਾਂ ਦੇ) ਮਨ ਵਿਚ ਆਤਮਕ ਆਨੰਦ ਆ ਵੱਸਿਆ ਹੈ ॥੩॥ ਨਿਧਾਨੋ = ਖ਼ਜ਼ਾਨਾ। ਮਨਿ = ਮਨ ਵਿਚ। ਆਏ = ਆਇ ॥੩॥
ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥
The Gurmukhs dwell in the fourth state; they obtain a dwelling in the home of their own inner being.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ ਰਹਿ ਕੇ ਜਗਤ ਨਾਲ ਵਰਤਣ-ਵਿਹਾਰ ਰੱਖਦੇ ਹਨ। ਉਹ ਸਦਾ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ। ਚਉਥੀ ਪਦਵੀ = ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ।
ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥
The Perfect True Guru shows His Mercy to them; they eradicate their self-conceit from within. ||4||
ਪੂਰੇ ਗੁਰੂ ਨੇ ਉਹਨਾਂ ਉਤੇ ਮਿਹਰ ਕੀਤੀ ਹੋਈ ਹੈ, (ਇਸ ਵਾਸਤੇ ਉਹਨਾਂ ਨੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ॥੪॥ ਸਤਿਗੁਰਿ = ਸਤਿਗੁਰ ਨੇ। ਵਿਚਹੁ = ਆਪਣੇ ਅੰਦਰੋਂ। ਆਪੁ = ਆਪ-ਭਾਵ ॥੪॥
ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥
Everyone must serve the One Lord, who created Brahma, Vishnu and Shiva.
(ਪਰ, ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ। ਸਿਰਿ = ਸਿਰ ਉੱਤੇ। ਏਕਸੁ ਕੀ = ਇਕ ਪਰਮਾਤਮਾ ਦੀ ਹੀ। ਜਿਨਿ = ਜਿਸ (ਪਰਮਾਤਮਾ) ਨੇ।
ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥
O Nanak, the One True Lord is permanent and stable. He does not die, and He is not born. ||5||1||11||
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ ॥੫॥੧॥੧੧॥ ਨਿਹਚਲੁ = ਅਟੱਲ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਜਾਇਆ = ਨਾਹ ਜੰਮਦਾ ਹੈ ॥੫॥੧॥੧੧॥