ਭੈਰਉ ਮਹਲਾ ੩ ॥
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥
The self-willed manmukh is afflicted with the disease of duality forever; the entire universe is diseased.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਮੇਰ-ਤੇਰ ਦੇ ਰੋਗ ਵਿਚ ਫਸਿਆ ਰਹਿੰਦਾ ਹੈ, (ਮਨ ਦਾ ਮੁਰੀਦ) ਸਾਰਾ ਜਗਤ ਹੀ ਇਸ ਰੋਗ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਦੁਬਿਧਾ ਰੋਗੀ = ਮੇਰ-ਤੇਰ ਦੇ ਰੋਗ ਵਿਚ ਫਸਿਆ ਹੋਇਆ। ਸਗਲ = ਸਾਰਾ।
ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰਸਬਦੀ ਵੀਚਾਰਾ ॥੧॥
The Gurmukh understands, and is cured of the disease, contemplating the Word of the Guru's Shabad. ||1||
ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵਿਚਾਰ ਕਰ ਕੇ ਉਹ (ਇਹ) ਰੋਗ (ਆਪਣੇ ਅੰਦਰੋਂ) ਦੂਰ ਕਰ ਲੈਂਦੇ ਹਨ ॥੧॥ ਗੁਰਮਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੂਝਹਿ = (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥
ਹਰਿ ਜੀਉ ਸਤਸੰਗਤਿ ਮੇਲਾਇ ॥
O Dear Lord, please let me join the Sat Sangat, the True Congregation.
ਹੇ ਪ੍ਰਭੂ ਜੀ! (ਮੈਨੂੰ) ਸਾਧ ਸੰਗਤ ਦਾ ਮੇਲ ਮਿਲਾ। ਹਰਿ ਜੀਉ = ਹੇ ਪ੍ਰਭੂ ਜੀ!
ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥
O Nanak, the Lord blesses with glorious greatness, those who focus their consciousness on the Lord's Name. ||1||Pause||
ਹੇ ਨਾਨਕ! ਜਿਹੜਾ ਮਨੁੱਖ (ਸਾਧ ਸੰਗਤ ਵਿਚ ਮਿਲ ਕੇ) ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ (ਪਰਮਾਤਮਾ) ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ ॥੧॥ ਰਹਾਉ ॥ ਨਾਨਕ = ਹੇ ਨਾਨਕ! ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ। ਲਾਇ = ਜੋੜਦਾ ਹੈ ॥੧॥ ਰਹਾਉ ॥
ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥
Death takes all those who are afflicted with the disease of possessiveness. They are subject to the Messenger of Death.
ਮਮਤਾ ਵਿਚ ਫਸੇ ਹੋਏ ਜੀਵ ਸਾਰੇ ਆਤਮਕ ਮੌਤ ਦੇ ਰੋਗ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਸਿਰ ਉਤੇ (ਮਾਨੋ) ਜਮਰਾਜ ਦਾ ਹੁਕਮ ਚੱਲ ਰਿਹਾ ਹੈ। ਕਾਲਿ = ਮੌਤ ਵਿਚ, ਆਤਮਕ ਮੌਤ ਵਿਚ। ਸਭਿ = ਸਾਰੇ ਜੀਵ। ਰੋਗਿ = (ਦੁਬਿਧਾ ਦੇ) ਰੋਗ ਵਿਚ। ਵਿਆਪੇ = ਗ੍ਰਸੇ ਹੋਏ। ਸਿਰਿ = ਸਿਰ ਉਤੇ। ਕਾਰਾ = ਹਕੂਮਤ, ਦਬਦਬਾ।
ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥
The Messenger of Death does not even approach that mortal who, as Gurmukh, enshrines the Lord within his heart. ||2||
ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ, ਜਮਰਾਜ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੨॥ ਜਿਨ = ਜਿਨ੍ਹਾਂ ਨੇ। ਉਰਿ = ਹਿਰਦੇ ਵਿਚ ॥੨॥
ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥
One who does not know the Lord's Name, and who does not become Gurmukh - why did he even come into the world?
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹਨਾਂ ਦਾ ਜਗਤ ਵਿਚ ਆਉਣਾ ਵਿਅਰਥ ਚਲਾ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਕਾਹੇ = ਕਾਹਦੇ ਲਈ? ਵਿਅਰਥ ਹੀ।
ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥
He never serves the Guru; he wastes his life uselessly. ||3||
ਜਿਨ੍ਹਾਂ ਨੇ ਕਦੇ ਭੀ ਗੁਰੂ ਦੀ ਸੇਵਾ ਨਹੀਂ ਕੀਤੀ, ਉਹਨਾਂ ਨੇ ਜੀਵਨ ਅਜਾਈਂ ਹੀ ਗਵਾ ਲਿਆ ॥੩॥ ਕੀਨੀ = ਕੀਤੀ। ਬਿਰਥਾ = ਵਿਅਰਥ ॥੩॥
ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥
O Nanak, those whom the True Guru enjoins to His service, have perfect good fortune.
ਹੇ ਨਾਨਕ! ਉਹ ਮਨੁੱਖ (ਗੁਣਾਂ ਦੇ) ਪੂਰੇ (ਭਾਂਡੇ) ਹਨ, ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਪਰਮਾਤਮਾ ਨੇ) ਗੁਰੂ ਦੀ ਸੇਵਾ ਵਿਚ ਜੋੜ ਦਿੱਤਾ ਹੈ। ਸੇ = ਉਹ ਮਨੁੱਖ {ਬਹੁ-ਵਚਨ}।
ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥
They obtain the fruits of their desires, and find peace in the Word of the Guru's Bani. ||4||2||12||
ਉਹ ਮਨੁੱਖ (ਪਰਮਾਤਮਾ ਪਾਸੋਂ) ਜੋ ਕੁਝ ਮੰਗਦੇ ਹਨ ਉਹੀ ਪ੍ਰਾਪਤ ਕਰ ਲੈਂਦੇ ਹਨ। ਜਿਹੜਾ ਭੀ ਮਨੁੱਖ ਗੁਰੂ ਦੀ ਬਾਣੀ ਦਾ ਆਸਰਾ ਲੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੪॥੨॥੧੨॥ ਇਛਹਿ = ਲੋੜਦੇ ਹਨ, ਚਾਹੁੰਦੇ ਹਨ, ਮੰਗਦੇ ਹਨ {ਬਹੁ-ਵਚਨ}। ਪਾਏ = ਪ੍ਰਾਪਤ ਕਰਦਾ ਹੈ {ਇਕ-ਵਚਨ} ॥੪॥੨॥੧੨॥