ਪ੍ਰਭਾਤੀ ਮਹਲਾ ੧ ॥
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥
Deep within, I see the Shabad, the Word of God; my mind is pleased and appeased. Nothing else can touch and imbue me.
(ਜੀਵਾਂ ਦੇ ਮਨਾਂ ਉਤੇ ਪ੍ਰੇਮ ਦਾ) ਰੰਗ ਚਾੜ੍ਹਨ ਵਾਲਾ (ਪ੍ਰੇਮ ਦੇ ਸੋਮੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਹੈ, (ਉਸੇ ਦੀ ਮੇਹਰ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ਕੇ ਜੀਵ ਦਾ ਮਨ ਉਸ ਦੇ ਪ੍ਰੇਮ-ਰੰਗ ਨੂੰ ਕਬੂਲ ਕਰ ਲੈਂਦਾ ਹੈ। ਦੇਖਿ = ਵੇਖ ਕੇ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)।
ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥
Day and night, God watches over and cares for His beings and creatures; He is the Ruler of all. ||1||
(ਪ੍ਰੇਮ ਦਾ ਸੋਮਾ) ਪ੍ਰਭੂ ਦਿਨ ਰਾਤ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੀ ਹੀ ਸਾਰੀ ਸ੍ਰਿਸ਼ਟੀ ਵਿਚ ਬਾਦਸ਼ਾਹੀ ਹੈ (ਪ੍ਰੇਮ ਦੀ ਦਾਤ ਉਸ ਦੇ ਆਪਣੇ ਹੀ ਹੱਥ ਵਿਚ ਹੈ) ॥੧॥ ਅਹਿ = ਦਿਨ। ਨਿਸਿ = ਰਾਤ। ਸਮਾਲੇ = ਸੰਭਾਲ ਕਰਦਾ ਹੈ। ਤਿਸ ਹੀ ਕੀ = ਉਸ (ਪਰਮਾਤਮਾ) ਦੀ ਹੀ। ਸਰਕਾਰ = ਹਕੂਮਤ, ਬਾਦਸ਼ਾਹੀ ॥੧॥
ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥
My God is dyed in the most beautiful and glorious color.
ਮੇਰਾ ਪ੍ਰਭੂ ਬੜੇ ਗੂੜ੍ਹੇ ਪ੍ਰੇਮ-ਰੰਗ ਵਾਲਾ ਹੈ ਬੜਾ ਸੋਹਣਾ ਹੈ, ਰਾਂਗਿ = ਰੰਗ ਵਾਲਾ। ਰਾਂਗਿ ਘਣੌ = ਗੂੜ੍ਹੇ ਰੰਗ ਵਾਲਾ। ਰੂੜੌ = ਸੋਹਣਾ।
ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥
Merciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||
ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਭ ਦਾ ਪਿਆਰਾ ਹੈ, ਸਭ ਦੇ ਮਨ ਨੂੰ ਮੋਹਣ ਵਾਲਾ ਹੈ, ਪ੍ਰੇਮ ਦਾ ਸੋਮਾ ਹੈ, ਪ੍ਰੇਮ ਦੇ ਗੂੜ੍ਹੇ ਲਾਲ ਰੰਗ ਵਿਚ ਰੰਗਿਆ ਹੋਇਆ ਹੈ ॥੧॥ ਰਹਾਉ ॥ ਲਾਲ ਸਗੂੜੌ = ਗੂੜ੍ਹੇ ਨਾਲ ਰੰਗ ਵਾਲਾ। ਅਤਿ ਰਸ = ਬਹੁਤ ਰਸ ਵਾਲਾ, ਰਸਾਂ ਦਾ ਸੋਮਾ, ਪ੍ਰੇਮ ਦਾ ਸੋਮਾ ॥੧॥ ਰਹਾਉ ॥
ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥
The Well is high up in the Tenth Gate; the Ambrosial Nectar flows, and I drink it in.
ਨਾਮ-ਅੰਮ੍ਰਿਤ ਦਾ ਸੋਮਾ ਪਰਮਾਤਮਾ ਸਭ ਤੋਂ ਉੱਚਾ ਹੈ; ਉੱਚੀ ਬ੍ਰਿਤੀ ਵਾਲਾ ਜੀਵ ਹੀ (ਉਸ ਦੀ ਮੇਹਰ ਨਾਲ) ਨਾਮ-ਅੰਮ੍ਰਿਤ ਪੀ ਸਕਦਾ ਹੈ। ਊਪਰਿ = ਉਤਾਂਹ, ਸਭ ਤੋਂ ਉੱਚਾ। ਕੂਪੁ = ਖੂਹ, ਅੰਮ੍ਰਿਤ ਦਾ ਖੂਹ, ਨਾਮ-ਅੰਮ੍ਰਿਤ ਦਾ ਸੋਮਾ-ਪਰਮਾਤਮਾ। ਗਗਨ = ਆਕਾਸ਼, ਚਿਦਾਕਾਸ਼, ਦਸਵਾਂ ਦੁਆਰ। ਗਗਨ ਪਨਿਹਾਰੀ = ਗਗਨ ਦਾ ਪਨਿਹਾਰੀ, ਗਗਨ ਦਾ ਪਾਣੀ ਭਰਨ ਵਾਲਾ, ਉੱਚੀ ਬ੍ਰਿਤੀ ਵਾਲਾ।
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥
The creation is His; He alone knows its ways and means. The Gurmukh contemplates spiritual wisdom. ||2||
ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ (ਭੀ) ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ। (ਉਸ ਤਰੀਕੇ ਅਨੁਸਾਰ ਪ੍ਰਭੂ ਦੀ ਮੇਹਰ ਨਾਲ) ਜੀਵ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ ॥੨॥ ਬਿਧਿ = ਤਰੀਕਾ, ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ ॥੨॥
ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥
The rays of light spread out, and the heart-lotus joyfully blossoms forth; the sun enters into the house of the moon.
ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆਂ ਕੌਲ ਫੁਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤਿ-ਕਿਰਨ ਦਾ ਪ੍ਰਕਾਸ਼ ਹੋਇਆਂ ਮਨੁੱਖ ਦਾ ਮਨ ਨਾਮ-ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ (ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ) ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ। ਪਸਾਰੀ = ਖਿਲਾਰੀ। ਰਸਿ = ਰਸ ਨਾਲ, ਆਨੰਦ ਨਾਲ। ਬਿਗਾਸੇ = ਖਿੜਦੇ ਹਨ। ਸਸਿ = ਚੰਦ੍ਰਮਾ, ਸੀਤਲਤਾ; ਮਨ ਦੀ ਸ਼ਾਂਤ ਅਵਸਥਾ। ਸਸਿ ਘਰਿ = ਚੰਦ੍ਰਮਾ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਤਾਮਸੀ ਸੁਭਾਉ।
ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥
I have conquered death; the desires of the mind are destroyed. By Guru's Grace, I have found God. ||3||
ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ (ਆਪਣੇ ਅੰਦਰ ਹੀ) ਲੱਭ ਲੈਂਦਾ ਹੈ ॥੩॥ ਕਾਲੁ = ਮੌਤ (ਦਾ ਡਰ)। ਬਿਧੁੰਸਿ = ਮਾਰ ਕੇ। ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਿ = ਮਨ ਵਿਚ ॥੩॥
ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥
I am dyed in the deep crimson color of His Love. I am not colored by any other color.
ਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਵਿਚ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ। ਰਸਿ = ਰਸ ਵਿਚ, ਪਿਆਰ ਵਿਚ, ਆਨੰਦ ਵਿਚ। ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਹੋਈ।
ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥
O Nanak, my tongue is saturated with the taste of God, who is permeating and pervading everywhere. ||4||15||
ਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੫॥ ਰਸਨਿ = ਜੀਭ। ਰਸਾਏ = ਜਿਨ੍ਹਾਂ ਨੇ ਰਸ ਵਾਲੀ ਬਣਾਇਆ ਹੈ ॥੪॥੧੫॥