ਪ੍ਰਭਾਤੀ ਮਹਲਾ ੧ ॥
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥
The Yogis are divided into twelve schools, the Sannyaasees into ten.
ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ। ਬਾਰਹ = ਜੋਗੀਆਂ ਦੇ ਬਾਰਾਂ ਪੰਥ (ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ)। ਰਾਵਲ = ਜੋਗੀ ਜੋ ਅਲੱਖ ਅਲੱਖ ਦੀ ਧੁਨਿ ਕਰ ਕੇ ਭਿੱਛਿਆ ਮੰਗਦੇ ਹਨ। ਜੋਗੀਆਂ ਦਾ ਇਕ ਖਾਸ ਫ਼ਿਰਕਾ ਜਿਸ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ। ਚਹੁ ਛਿਅ ਮਹਿ = ਦਸ (ਫ਼ਿਰਕਿਆਂ) ਵਿਚ (ਸੰਨਿਆਸੀਆਂ ਦੇ ਦਸ ਫ਼ਿਰਕੇ: ਤੀਰਥ, ਆਸ਼੍ਰਮ, ਵਨ, ਅਰਣਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ)।
ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥
The Yogis and those wearing religious robes, and the Jains with their all hair plucked out - without the Word of the Shabad, the noose is around their necks. ||1||
ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥ ਕਾਪੜੀਆ = ਟਾਕੀਆਂ ਦੀ ਗੋਦੜੀ ਜਾਂ ਚੋਲਾ ਪਹਿਨਣ ਵਾਲਾ। ਸਿਰਖੂਥਾ = ਜੈਨ ਮਤ ਦਾ ਇਕ ਫ਼ਿਰਕਾ ਜੋ ਸਿਰ ਦੇ ਵਾਲ ਜੜ੍ਹਾਂ ਤੋਂ ਪੁੱਟ ਦੇਂਦਾ ਹੈ, ਢੂੰਢੀਆ। ਗਲਿ = ਗਲ ਵਿਚ ॥੧॥
ਸਬਦਿ ਰਤੇ ਪੂਰੇ ਬੈਰਾਗੀ ॥
Those who are imbued with the Shabad are the perfectly detached renunciates.
ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ। ਸਬਦਿ = ਗੁਰੂ ਦੇ ਸ਼ਬਦ ਵਿਚ। ਬੈਰਾਗੀ = ਵਿਰਕਤ।
ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥
They beg to receive charity in the hands of their hearts, embracing love and affection for the One. ||1||Pause||
ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥ ਅਉਹਠ = (अवघट्ट) ਹਿਰਦਾ। ਅਉਹਠਿ ਹਸਤ = (अवघट्टस्थ) ਹਿਰਦੇ ਵਿਚ ਟਿਕਿਆ ਹੋਇਆ। ਭੀਖਿਆ = ਭਿੱਛਿਆ, ਦਾਨ। ਜਾਚੀ = ਮੰਗੀ। ਏਕ ਭਾਇ = ਇੱਕ (ਪਰਮਾਤਮਾ) ਦੇ ਪਿਆਰ ਵਿਚ ॥੧॥ ਰਹਾਉ ॥
ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥
The Brahmins study and argue about the scriptures; they perform ceremonial rituals, and lead others in these rituals.
ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ। ਵਾਦੁ = ਝਗੜਾ, ਚਰਚਾ, ਬਹਿਸ। ਕਰਿ = ਕਰ ਕੇ। ਕਿਰਿਆ ਕਰਮ-ਕਰਮ ਕਾਂਡ।
ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥
Without true understanding, those self-willed manmukhs understand nothing. Separated from God, they suffer in pain. ||2||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਵਿਛੁੜਿ = ਪ੍ਰਭੂ ਤੋਂ ਵਿੱਛੁੜ ਕੇ ॥੨॥
ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥
Those who receive the Shabad are sanctified and pure; they are approved in the True Court.
ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ। ਸੂਚਾ ਚਾਰੀ = ਪਵਿਤ੍ਰ ਆਚਰਨ ਵਾਲੇ।
ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥
Night and day, they remain lovingly attuned to the Naam; throughout the ages, they are merged in the True One. ||3||
ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥ ਨਾਮਿ ਰਤਨਿ = ਨਾਮ-ਰਤਨ ਵਿਚ, ਸ੍ਰੇਸ਼ਟ ਨਾਮ ਵਿਚ। ਜੁਗ ਜੁਗ = ਹਰੇਕ ਜੁਗ ਵਿਚ, ਸਦਾ ਹੀ ॥੩॥
ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥
Good deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.
(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)। ਸੁਚਿ = ਪਵਿਤ੍ਰਤਾ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਉੱਦਮ।
ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥
O Nanak, united in union with the True Guru, suffering, sin and death run away. ||4||16||
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥ ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ। ਪਰਾਛਤ = ਪਾਪ। ਕਾਲ = ਮੌਤ ਦਾ ਡਰ ॥੪॥੧੬॥