ਗੂਜਰੀ ਮਹਲਾ ੪ ॥
Goojaree, Fourth Mehl:
ਗੂਜਰੀ ਚੌਥੀ ਪਾਤਿਸ਼ਾਹੀ।
ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
One who has found the Lord God through the True Guru, has made the Lord seem so sweet to me, through the His Teachings.
(ਹੇ ਭਰਾ! ਮੇਰਾ ਜੀ ਕਰਦਾ ਹੈ ਮੈਨੂੰ ਉਹ ਸੱਜਣ ਮਿਲ ਪੈਣ) ਜਿਨ੍ਹਾਂ ਨੇ ਗੁਰੂ ਮਹਾ ਪੁਰਖ ਦਾ ਦਰਸਨ ਕਰ ਲਿਆ ਹੈ। (ਮੇਰਾ ਮਨ ਲੋਚਦਾ ਹੈ ਕਿ) ਜਿਸ ਸੱਜਣ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਮੈਨੂੰ ਭੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ। ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ। ਜਿਨਿ = ਜਿਸ ਮਨੁੱਖ ਨੇ। ਮੋ ਕਉ = ਮੈਨੂੰ। ਕਰਿ = ਕਰ ਕੇ।
ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥
My mind and body have been cooled and soothed, and totally rejuvenated; by great good fortune, I meditate on the Name of the Lord. ||1||
ਜੇਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਆਤਮਕ ਜੀਵਨ ਨਾਲ ਸਰਸ਼ਾਰ (ਭਰਪੂਰ) ਹੋ ਜਾਂਦਾ ਹੈ ॥੧॥ ਸੀਤਲੁ = ਠੰਢਾ, ਸ਼ਾਂਤ। ਹਰਿਆ = ਹਰਾ, ਆਤਮਕ ਜੀਵਨ ਵਾਲਾ ॥੧॥
ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥
O Siblings of Destiny, let anyone who can implant the Lord's Name within me, come and meet with me.
ਹੇ ਭਰਾ! (ਮੇਰਾ ਮਨ ਲੋਚਦਾ ਹੈ ਕਿ) ਮੈਨੂੰ ਕੋਈ (ਅਜੇਹਾ ਸੱਜਣ) ਆ ਕੇ ਮਿਲੇ ਜੇਹੜਾ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ। ਦ੍ਰਿੜਾਵੈ = ਹਿਰਦੇ ਵਿਚ ਪੱਕਾ ਕਰ ਦੇਵੇ।
ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥
Unto my Beloved, I give my mind and body, and my very breath of life. He speaks to me of the sermon of my Lord God. ||1||Pause||
ਜੇਹੜਾ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਂਦਾ ਰਹੇ, ਮੈਂ ਉਸ ਸੱਜਣ ਨੂੰ ਆਪਣੀ ਜਿੰਦ ਆਪਣਾ ਮਨ ਆਪਣਾ ਤਨ ਸਭ ਕੁਝ ਦੇ ਦਿਆਂਗਾ ॥੧॥ ਰਹਾਉ ॥ ਦੇਵਾ = ਦੇਵਾਂ, ਮੈਂ ਦੇ ਦਿਆਂ ॥੧॥ ਰਹਾਉ ॥
ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥
Through the Guru's Teachings, I have obtained courage, faith and the Lord. He keeps my mind focused continually on the Lord, and the Name of the Lord.
ਜੇਹੜਾ ਮਨੁੱਖ ਸਦਾ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ਪਰਮਾਤਮਾ ਨਾਲ ਚਿੱਤ ਜੋੜੀ ਰੱਖਦਾ ਹੈ, ਉਹ ਧੀਰਜ ਹਾਸਲ ਕਰ ਲੈਂਦਾ ਹੈ, ਉਹ ਧਰਮ ਕਮਾਣ ਲੱਗ ਪੈਂਦਾ ਹੈ, ਉਹ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਧੀਰਜੁ = ਹੌਸਲਾ। ਹਰਿ ਨਾਮੈ = ਹਰਿ-ਨਾਮ ਵਿਚ।
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥
The Words of the True Guru's Teachings are Ambrosial Nectar; this Amrit trickles into the mouth of the one who chants them. ||2||
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ, ਜੇਹੜਾ ਮਨੁੱਖ ਇਹ ਬਾਣੀ ਉਚਾਰਦਾ ਹੈ, ਉਹ ਮਨੁੱਖ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਜਲ ਪਾਂਦਾ ਹੈ ॥੨॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਮੁਖਿ = ਮੂੰਹ ਵਿਚ ॥੨॥
ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥
Immaculate is the Naam, which cannot be stained by filth. Through the Guru's Teachings, chant the Naam with love.
ਹੇ ਭਰਾ! ਪਰਮਾਤਮਾ ਦਾ ਨਾਮ ਪਵਿੱਤ੍ਰ ਕਰਨ ਵਾਲਾ ਹੈ, ਇਸ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਹਰਿ-ਨਾਮ ਜਪਦਾ ਹੈ ਉਹ ਪ੍ਰਭੂ-ਚਰਨਾਂ ਵਿਚ ਪ੍ਰੀਤਿ ਪਾ ਲੈਂਦਾ ਹੈ। ਜਿਤੁ = ਜਿਸ ਦੀ ਰਾਹੀਂ।
ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥
That man who has not found the wealth of the Naam is most unfortunate; he dies over and over again. ||3||
ਪਰਮਾਤਮਾ ਦਾ ਨਾਮ ਕੀਮਤੀ ਸ਼ੈ ਹੈ, ਜਿਨ੍ਹਾਂ ਮਨੁੱਖਾਂ ਨੇ ਇਹ ਨਾਮ ਹਾਸਲ ਨਹੀਂ ਕੀਤਾ, ਉਹ ਮੰਦ-ਭਾਗੀ ਹਨ, ਉਹ ਆਤਮਕ ਮੌਤ ਸਹੇੜ ਲੈਂਦੇ ਹਨ। (ਜੇਹੜਾ ਭੀ ਮਨੁੱਖ ਨਾਮ ਤੋਂ ਵਾਂਜਿਆ ਰਹਿੰਦਾ ਹੈ ਉਹ) ਆਤਮਕ ਮੌਤੇ ਮਰ ਜਾਂਦਾ ਹੈ ॥੩॥ ਜਿਨ = ਜਿਨ੍ਹਾਂ ਨੇ। ਮੁਏ = ਆਤਮਕ ਮੌਤੇ ਮਰ ਗਏ। ਮਰਿ ਜਾਵੈ = ਆਤਮਕ ਮੌਤੇ ਮਰ ਜਾਂਦਾ ਹੈ ॥੩॥
ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥
The source of bliss, the Life of the world, the Great Giver brings bliss to all who meditate on the Lord.
ਹੇ ਜਗਤ ਦੇ ਜੀਵਨ ਪ੍ਰਭੂ! ਤੂੰ ਆਨੰਦ ਦਾ ਸੋਮਾ ਹੈਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਸੇਵਕਾਂ ਨੂੰ (ਆਤਮਕ) ਆਨੰਦ ਦੇਂਦਾ ਹੈਂ। (ਜੇਹੜਾ ਭੀ ਮਨੁੱਖ ਤੇਰਾ) ਨਾਮ ਸਿਮਰਦਾ ਹੈ (ਉਸ ਨੂੰ ਤੂੰ ਆਨੰਦ ਦੀ ਦਾਤਿ ਦੇਂਦਾ ਹੈਂ।) ਆਨਦ ਮੂਲੁ = ਆਨੰਦ ਦਾ ਮੂਲ, ਆਨੰਦ ਦਾ ਸੋਮਾ। ਜਗ ਜੀਵਨ = ਹੇ ਜਗਤ ਦੇ ਜੀਵਨ ਹਰੀ! ਧਿਆਵੈ = ਧਿਆਨ ਧਰਦਾ ਹੈ।
ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥
You are the Great Giver, all beings belong to You. O servant Nanak, You forgive the Gurmukhs, and merge them into Yourself. ||4||6||
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਸਭਨਾਂ ਨੂੰ ਦਾਤਾਂ ਦੇਂਦਾ ਹੈਂ। ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਵਡ-ਭਾਗੀ ਮਨੁੱਖ ਨੂੰ) ਆਪਣੀ ਮੇਹਰ ਨਾਲ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੬॥ ਜੀਅ ਸਭਿ = ਸਾਰੇ ਜੀਵ। ਗੁਰਮੁਖਿ = ਗੁਰੂ ਦੀ ਰਾਹੀਂ। ਬਖਸਿ = ਬਖ਼ਸ਼ ਕੇ ॥੪॥੬॥