ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੂਜਰੀ ਮਹਲਾ ੪ ਘਰੁ ੩ ॥
Goojaree, Fourth Mehl, Third House:
ਰਾਗ ਗੂਜਰੀ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥
Mother, father and sons are all made by the Lord;
ਮਾਂ, ਪਿਉ, ਪੁੱਤਰ-ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ। ਸਭਿ = ਸਾਰੇ। ਕੀਏ = ਪੈਦਾ ਕੀਤੇ ਹੋਏ।
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
the relationships of all are established by the Lord. ||1||
ਇਹਨਾਂ ਸਭਨਾਂ ਵਾਸਤੇ ਆਪੋ ਵਿਚ ਦਾ ਰਿਸ਼ਤਾ ਪਰਮਾਤਮਾ ਨੇ ਆਪ ਹੀ ਬਣਾਇਆ ਹੋਇਆ ਹੈ (ਸੋ, ਇਹ ਸਹੀ ਜੀਵਨ-ਰਾਹ ਵਿਚ ਰੁਕਾਵਟ ਨਹੀਂ ਹਨ) ॥੧॥ ਕਉ = ਵਾਸਤੇ, ਨੂੰ। ਸਨਬੰਧੁ = (ਆਪੋ ਵਿਚ ਦਾ) ਜੋੜ, ਰਿਸ਼ਤਾ ॥੧॥
ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥
I have given up all my strength, O my brother.
ਹੇ ਮੇਰੇ ਵੀਰ! (ਪਰਮਾਤਮਾ ਦੇ ਟਾਕਰੇ ਤੇ) ਸਾਡਾ ਕੋਈ ਜ਼ੋਰ ਚੱਲ ਨਹੀਂ ਸਕਦਾ। ਸਭੁ = ਸਾਰਾ। ਰਹਿਓ = ਕੰਮ ਨਹੀਂ ਕਰਦਾ, ਨਹੀਂ ਚੱਲਦਾ। ਬੀਰ = ਹੇ ਵੀਰ!
ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
The mind and body belong to the Lord, and the human body is entirely under His control. ||1||Pause||
ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਪਰਮਾਤਮਾ ਦਾ ਬਣਾਇਆ ਹੋਇਆ ਹੈ, ਸਾਡਾ ਸਰੀਰ ਪਰਮਾਤਮਾ ਦੇ ਵੱਸ ਵਿਚ ਹੈ ॥੧॥ ਰਹਾਉ ॥ ਵਸਿ = ਵੱਸ ਵਿਚ ॥੧॥ ਰਹਾਉ ॥
ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥
The Lord Himself infuses devotion into His humble devotees.
ਪਰਮਾਤਮਾ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈ, ਸਰਧਾ = ਪ੍ਰੀਤਿ।
ਵਿਚੇ ਗ੍ਰਿਸਤ ਉਦਾਸ ਰਹਾਈ ॥੨॥
In the midst of family life, they remain unattached. ||2||
ਉਹਨਾਂ ਭਗਤ ਜਨਾਂ ਨੂੰ ਗ੍ਰਿਹਸਤ ਵਿਚ ਹੀ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸਨਬੰਧੀਆਂ ਦੇ ਵਿਚ ਹੀ ਰਹਿੰਦਿਆਂ ਨੂੰ ਹੀ) ਮਾਇਆ ਵਿਚ ਨਿਰਲੇਪ ਰੱਖਦਾ ਹੈ ॥੨॥ ਵਿਚੇ = ਵਿਚ ਹੀ। ਉਦਾਸ = ਨਿਰਲੇਪ। ਰਹਾਈ = ਰੱਖਦਾ ਹੈ ॥੨॥
ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥
When inner love is established with the Lord,
ਜਦੋਂ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, ਸਿਉ = ਨਾਲ।
ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
then whatever one does, is pleasing to my Lord God. ||3||
ਤਦੋਂ ਮਨੁੱਖ ਜੋ ਕੁਝ ਕਰਦਾ ਹੈ (ਰਜ਼ਾ ਵਿਚ ਹੀ ਕਰਦਾ ਹੈ, ਤੇ) ਉਹ ਮੇਰੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੩॥ ਭਾਈ = ਚੰਗਾ ਲੱਗਦਾ ਹੈ ॥੩॥
ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥
I do those deeds and tasks which the Lord has set me to;
ਜਿਸ ਕਾਰ ਵਿਚ ਜਿਸ ਕੰਮ ਵਿਚ, ਪਰਮਾਤਮਾ ਸਾਨੂੰ ਲਾਂਦਾ ਹੈ, ਜਿਤੁ ਕਾਰੈ = ਜਿਸ ਕਾਰ ਵਿਚ। ਕੰਮਿ = ਕੰਮ ਵਿਚ।
ਸੋ ਹਮ ਕਰਹ ਜੁ ਆਪਿ ਕਰਾਏ ॥੪॥
I do that which He makes me to do. ||4||
ਜੇਹੜਾ ਕੰਮ-ਕਾਰ ਪਰਮਾਤਮਾ ਸਾਥੋਂ ਕਰਾਂਦਾ ਹੈ, ਅਸੀਂ ਉਹੀ ਕੰਮ-ਕਾਰ ਕਰਦੇ ਹਾਂ ॥੪॥ ਹਮ = ਸਾਨੂੰ। ਕਰਹ = ਅਸੀਂ ਕਰਦੇ ਹਾਂ ॥੪॥
ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥
Those whose devotional worship is pleasing to my God
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੀ ਭਗਤੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ, ਪ੍ਰਭ ਭਾਈ = ਪ੍ਰਭੂ ਨੂੰ ਪਸੰਦ ਆਉਂਦੀ ਹੈ।
ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥
- O Nanak, those humble beings center their minds lovingly on the Lord's Name. ||5||1||7||16||
ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲੈਂਦੇ ਹਨ ॥੫॥੧॥੭॥੧੬॥ ਤੇ ਜਨ = ਉਹ ਬੰਦੇ। ਲਿਵ = ਲਗਨ ॥੫॥੧॥੭॥੧੬॥