ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ॥
Raag Soohee, Ashtpadheeyaa, Fourth Mehl, Second House:
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥
If only someone would come, and lead me to meet my Darling Beloved; I would sell myself to him. ||1||
ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ॥੧॥ ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ ॥੧॥
ਦਰਸਨੁ ਹਰਿ ਦੇਖਣ ਕੈ ਤਾਈ ॥
I long for the Blessed Vision of the Lord's Darshan.
ਹੇ ਪ੍ਰਭੂ! ਤਾਂ ਤੇਰਾ ਦਰਸਨ ਕਰਨ ਵਾਸਤੇ- ਕੈ ਤਾਈ = ਕੈ ਤਾਈਂ, ਵਾਸਤੇ।
ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥
When the Lord shows Mercy unto me, then I meet the True Guru; I meditate on the Name of the Lord, Har, Har. ||1||Pause||
ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ॥੧॥ ਰਹਾਉ ॥ ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ ॥੧॥ ਰਹਾਉ ॥
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
If You will bless me with happiness, then I will worship and adore You. Even in pain, I will meditate on You. ||2||
ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ॥੨॥ ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
Even if You give me hunger, I will still feel satisfied; I am joyful, even in the midst of sorrow. ||3||
ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ॥੩॥ ਇਤ ਹੀ = ਇਤੁ ਹੀ, ਇਸ (ਭੁਖ) ਵਿਚ ਹੀ {ਲਫ਼ਜ਼ 'ਇਤ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਰਾਜਾ = ਰਾਜਾਂ, ਮੈਂ ਰੱਜਿਆ ਰਹਾਂ। ਮਨਾਈ = ਮਨਾਈਂ, ਮਨਾਵਾਂਗਾ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥
I would cut my mind and body apart into pieces, and offer them all to You; I would burn myself in fire. ||4||
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ॥੪॥ ਕਾਟਿ = ਕੱਟ ਕੇ। ਸਭੁ = ਸਾਰਾ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਆਪੁ = ਆਪਣਾ ਆਪ ॥੪॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥
I wave the fan over You, and carry water for You; whatever You give me, I take. ||5||
ਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ॥੫॥ ਫੇਰੀ = ਫੇਰੀਂ। ਢੋਵਾ = ਢੋਵਾਂ। ਦੇਵਹਿ = ਤੂੰ ਦੇਵੇਂਗਾ। ਖਾਈ = ਖਾਈਂ, ਮੈਂ ਖਾਵਾਂ ॥੫॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥
Poor Nanak has fallen at the Lord's Door; please, O Lord, unite me with Yourself, by Your Glorious Greatness. ||6||
ਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ॥੬॥ ਵਡਿਆਈ = ਉਪਕਾਰ ॥੬॥
ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥
Taking out my eyes, I place them at Your Feet; after travelling over the entire earth, I have come to understand this. ||7||
ਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ॥੭॥ ਅਖੀ = ਅੱਖੀਂ। ਧਰੀ = ਧਰੀਂ, ਮੈਂ ਧਰ ਦਿਆਂ। ਤਲਿ = ਹੇਠ। ਫਿਰਿ = ਫਿਰੀਂ, ਫਿਰਾਂ। ਮਤ ਪਾਈ = ਮਤ ਪਾਈਂ, ਸ਼ਾਇਦ (ਗੁਰੂ ਨੂੰ) ਲੱਭ ਲਵਾਂ ॥੭॥
ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥
If You seat me near You, then I worship and adore You. Even if You beat me and drive me out, I will still meditate on You. ||8||
ਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ॥੮॥ ਕਢਹਿ = ਤੂੰ ਕੱਢ ਦੇਵੇਂ ॥੮॥
ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥
If people praise me, the praise is Yours. Even if they slander me, I will not leave You. ||9||
ਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ॥੯॥ ਲੋਕੁ = ਜਗਤ। ਸਲਾਹੇ = (ਮੇਰੀ) ਉਪਮਾ ਕਰੇ। ਨ ਜਾਈ = ਨ ਜਾਈਂ, ਨਾਹ ਜਾਵਾਂ ॥੯॥
ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥
If You are on my side, then anyone can say anything. But if I were to forget You, then I would die. ||10||
ਹੇ ਪ੍ਰਭੂ! ਜੇ ਮੇਰੀ ਪ੍ਰੀਤ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ॥੧੦॥ ਤੁਧੁ ਵਲਿ ਰਹੈ = ਤੇਰੇ ਪਾਸੇ ਪ੍ਰੀਤ ਬਣੀ ਰਹੇ। ਕਿਹੁ ਆਖਉ = ਬੇਸ਼ੱਕ ਕੋਈ ਕੁਝ ਪਿਆ ਆਖੇ {ਆਖਉ = ਹੁਕਮੀ ਭਵਿੱਖ, ਅੱਨ ਪੁਰਖ, ਇਕ-ਵਚਨ}। ਮਰਿ ਜਾਇ = ਮਰਿ ਜਾਈਂ, ਮੈਂ ਆਤਮਕ ਮੌਤ ਮਰ ਜਾਵਾਂਗਾ ॥੧੦॥
ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥
I am a sacrifice, a sacrifice to my Guru; falling at His Feet, I surrender to the Saintly Guru. ||11||
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ॥੧੧॥ ਜਾਈ = ਜਾਈਂ, ਜਾਵਾਂ। ਪੈ = ਪੈ ਕੇ। ਪੈਰੀ = ਪੈਰੀਂ। ਸੰਤ ਮਨਾਈ = ਗੁਰੂ ਨੂੰ ਪ੍ਰਸੰਨ ਕਰਾਂ ॥੧੧॥
ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥
Poor Nanak has gone insane, longing for the Blessed Vision of the Lord's Darshan. ||12||
ਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ॥੧੨॥ ਦਿਵਾਨਾ = ਕਮਲਾ। ਹਰਿ = ਹੇ ਹਰੀ! ਤਉ = ਤੇਰੇ। ਕੈ ਤਾਈ = ਕੈ ਤਾਈਂ, ਦੇ ਵਾਸਤੇ ॥੧੨॥
ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥
Even in violent storms and torrential rain, I go out to catch a glimpse of my Guru. ||13||
ਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ॥੧੩॥ ਝਖੜੁ = ਤੇਜ਼ ਹਨੇਰੀ। ਝਾਗੀ = ਝਾਗੀਂ, ਮੈਂ ਝੱਲਾਂ, ਮੈਂ ਸਹਾਰਨ ਨੂੰ ਤਿਆਰ ਹਾਂ। ਜਾਈ = ਜਾਈਂ, ਮੈਂ ਜਾਵਾਂ ॥੧੩॥
ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥
Even though the oceans and the salty seas are very vast, the GurSikh will cross over it to get to his Guru. ||14||
ਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ॥੧੪॥ ਸਾਗਰੁ = ਸਮੁੰਦਰ। ਗੁਰਸਿਖ = ਗੁਰੂ ਦਾ ਸਿੱਖ। ਲੰਘਿ = ਲੰਘ ਕੇ। ਪਹਿ = ਪਾਸ, ਕੋਲ। ਜਾਈ = ਜਾਂਦਾ ਹੈ ॥੧੪॥
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥
Just as the mortal dies without water, so does the Sikh die without the Guru. ||15||
ਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧੫॥ ਜਿਉ = ਜਿਵੇਂ। ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ ॥੧੫॥
ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥
Just as the earth looks beautiful when the rain falls, so does the Sikh blossom forth meeting the Guru. ||16||
ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ॥੧੬॥ ਸੋਭ ਕਰੇ = ਸੋਹਣੀ ਦਿੱਸਣ ਲੱਗ ਪੈਂਦੀ ਹੈ। ਬਰਸੈ = ਵਰ੍ਹਦਾ ਹੈ। ਬਿਗਸਾਈ = ਖਿੜ ਪੈਂਦਾ ਹੈ, ਖ਼ੁਸ਼ ਹੁੰਦਾ ਹੈ ॥੧੬॥
ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥
I long to be the servant of Your servants; I call upon You reverently in prayer. ||17||
ਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ॥੧੭॥ ਹੋਇ = ਬਣ ਕੇ। ਵਰਤਾ = ਵਰਤਾਂ, ਮੈਂ ਕਾਰ ਕਰਾਂ। ਬਿਨਉ = {विनय} ਬੇਨਤੀ। ਬੁਲਾਈ = ਬੁਲਾਈਂ ॥੧੭॥
ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥
Nanak offers this prayer to the Lord, that he may meet the Guru, and find peace. ||18||
ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ॥੧੮॥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਸੁਖੁ = ਵੱਡਾ ਸੁਖ, ਮਹਾ ਆਨੰਦ। ਪਾਈ = ਪਾਈਂ, ਪ੍ਰਾਪਤ ਕਰਾਂ ॥੧੮॥
ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥
You Yourself are the Guru, and You Yourself are the chaylaa, the disciple; through the Guru, I meditate on You. ||19||
ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ॥੧੯॥ ਆਪੇ = ਆਪ ਹੀ। ਵਿਚੁ ਦੇ = ਦੀ ਰਾਹੀਂ। ਗੁਰ ਵਿਚੁ ਦੇ = ਗੁਰੂ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧੯॥
ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥
Those who serve You, become You. You preserve the honor of Your servants. ||20||
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ॥੨੦॥ ਤੁਧੁ = ਤੈਨੂੰ। ਤੂ ਹੈ = ਤੂੰ ਹੀ, ਤੇਰਾ ਹੀ ਰੂਪ। ਹੋਵਹਿ = ਹੋ ਜਾਂਦੇ ਹਨ। ਪੈਜ = ਇੱਜ਼ਤ ॥੨੦॥
ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥
O Lord, Your devotional worship is a treasure over-flowing. One who loves You, is blessed with it. ||21||
ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ॥੨੧॥ ਭੰਡਾਰ = ਖ਼ਜ਼ਾਨੇ। ਹਰਿ = ਹੇ ਹਰੀ! ਭਾਵੈ = ਤੇਰੀ ਰਜ਼ਾ ਹੁੰਦੀ ਹੈ ॥੨੧॥
ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥
That humble being alone receives it, unto whom You bestow it. All other clever tricks are fruitless. ||22||
ਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ॥੨੨॥ ਨਿਹਫਲ = ਵਿਅਰਥ। ਚਤੁਰਾਈ = ਸਿਆਣਪ ॥੨੨॥
ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥
Remembering, remembering, remembering my Guru in meditation, my sleeping mind is awakened. ||23||
ਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ॥੨੩॥ ਸਿਮਰਿ = ਸਿਮਰ ਕੇ। ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ। ਜਾਗਾਈ = ਜਾਗਾਈਂ, ਮੈਂ ਜਾਗਾਂਦਾ ਹਾਂ ॥੨੩॥
ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥
Poor Nanak begs for this one blessing, that he may become the slave of the slaves of the Lord. ||24||
ਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ॥੨੪॥ ਮੰਗੈ ਨਾਨਕੁ = ਨਾਨਕ ਮੰਗਦਾ ਹੈ। ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਾਈ = ਕਰਾਇ, ਬਣਾ ਦੇ ॥੨੪॥
ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥
Even if the Guru rebukes me, He still seems very sweet to me. And if He actually forgives me, that is the Guru's greatness. ||25||
ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ॥੨੫॥ ਵਡਿਆਈ = ਉਪਕਾਰ ॥੨੫॥
ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥
That which Gurmukh speaks is certified and approved. Whatever the self-willed manmukh says is not accepted. ||26||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ॥੨੬॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਥਾਇ ਪਾਏ = ਪਰਵਾਨ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ॥੨੬॥
ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥
Even in the cold, the frost and the snow, the GurSikh still goes out to see his Guru. ||27||
ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ॥੨੭॥ ਜਾਈ = ਜਾਂਦਾ ਹੈ ॥੨੭॥
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥
All day and night, I gaze upon my Guru; I install the Guru's Feet in my eyes. ||28||
ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ॥੨੮॥ ਰੈਣਿ = ਰਾਤ। ਦੇਖਉ = ਮੈਂ ਵੇਖਾਂ, ਦੇਖਉਂ। ਵਿਚਿ ਅਖੀ = ਅੱਖਾਂ ਵਿਚ। ਧਰਾਈ = ਧਰਾਈਂ, ਵਸਾਈ ਰੱਖਾਂ ॥੨੮॥
ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥
I make so many efforts for the sake of the Guru; only that which pleases the Guru is accepted and approved. ||29||
ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ॥੨੯॥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰੀ = ਕਰੀਂ, ਮੈਂ ਕਰਾਂ। ਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ ॥੨੯॥
ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥
Night and day, I worship the Guru's Feet in adoration; have Mercy upon me, O my Lord and Master. ||30||
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੩੦॥ ਆਰਾਧੀ = ਆਰਾਧੀਂ, ਮੈਂ ਆਰਾਧਾਂ। ਸਾਈ = ਹੇ ਸਾਈਂ! ॥੩੦॥
ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥
The Guru is Nanak's body and soul; meeting the Guru, he is satisfied and satiated. ||31||
ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ॥੩੧॥ ਜੀਉ = ਜਿੰਦ। ਪਿੰਡੁ = ਸਰੀਰ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤ੍ਰਿਪਤਿ = ਤ੍ਰਿਪਤੀ ਹੋ ਜਾਂਦੀ ਹੈ। ਅਘਾਈ = ਅਘਾਈਂ, ਮੈਂ ਰੱਜ ਜਾਂਦਾ ਹਾਂ ॥੩੧॥
ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥
Nanak's God is perfectly permeating and all-pervading. Here and there and everywhere, the Lord of the Universe. ||32||1||
(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ॥੩੨॥੧॥ ਪੂਰਿ ਰਹਿਓ ਹੈ = ਵਿਆਪਕ ਹੈ। ਜਤ = ਜਿੱਥੇ। ਕਤ = ਕਿੱਥੇ। ਤਤ = ਉੱਥੇ। ਜਤ ਕਤ ਤਤ = ਹਰ ਥਾਂ ॥੩੨॥੧॥