ਸੂਹੀ ਮਹਲਾ ੩ ॥
Soohee, Third Mehl:
ਸੂਹੀ ਤੀਜੀ ਪਾਤਿਸ਼ਾਹੀ।
ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥
The Dear Lord is subtle and inaccessible; how can we ever meet Him?
ਹੇ ਭਾਈ! ਪਰਮਾਤਮਾ ਅਦ੍ਰਿਸ਼ਟ ਹੈ ਅਪਹੁੰਚ ਹੈ, (ਫਿਰ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ? ਸੂਖਮੁ = {सुक्ष्म} ਬਹੁਤ ਬਾਰੀਕ, ਅਦ੍ਰਿਸ਼ਟ। ਅਗਮ = {अगम्य} ਅਪਹੁੰਚ। ਕਿਤੁ ਬਿਧਿ = ਕਿਸ ਤਰੀਕੇ ਨਾਲ?
ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥
Through the Word of the Guru's Shabad, doubt is dispelled, and the Carefree Lord comes to abide in the mind. ||1||
ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ) ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਜ ਸੁਭਾਇ (ਆਪ ਹੀ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੧॥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਚਿੰਤੁ = ਸਾਡੀਆਂ ਸੋਚਾਂ ਵਿਚਾਰਾਂ ਤੋਂ ਬਿਨਾ ਹੀ, ਸਹਜ ਸੁਭਾਇ। ਮਨਿ = ਮਨ ਵਿਚ। ਆਇ = ਆ ਕੇ ॥੧॥
ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥
The Gurmukhs chant the Name of the Lord, Har, Har.
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ।
ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥
I am a sacrifice to those who chant the Glorious Praises of the Lord in their minds forever. ||1||Pause||
ਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥ ਕੈ ਬਲਿਹਾਰਣੈ = ਤੋਂ ਸਦਕੇ। ਰਵੰਨਿ = ਯਾਦ ਕਰਦੇ ਹਨ ॥੧॥ ਰਹਾਉ ॥
ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨੑਿ ॥
The Guru is like the Mansarovar Lake; only the very fortunate beings find Him.
ਹੇ ਭਾਈ! ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ। ਸਰਵਰੁ = ਸੋਹਣਾ ਤਾਲਾਬ, ਸੋਹਣਾ ਸਰ। ਲਹੰਨ੍ਹ੍ਹਿ = ਲੱਭ ਲੈਂਦੇ ਹਨ।
ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥
The Gurmukhs, the selfless servants, seek out the Guru; the swan-souls feed there on the Naam, the Name of the Lord. ||2||
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ ॥੨॥ ਸੇ = ਉਹ {ਬਹੁ-ਵਚਨ}। ਹੰਸੁਲੇ = ਸੋਹਣੇ ਹੰਸ ॥੨॥
ਨਾਮੁ ਧਿਆਇਨੑਿ ਰੰਗ ਸਿਉ ਗੁਰਮੁਖਿ ਨਾਮਿ ਲਗੰਨੑਿ ॥
The Gurmukhs meditate on the Naam, and remain linked to the Naam.
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ। ਧਿਆਇਨ੍ਹ੍ਹਿ = ਧਿਆਉਂਦੇ ਹਨ। ਰੰਗ = ਪਿਆਰ। ਸਿਉ = ਨਾਲ। ਨਾਮਿ = ਨਾਮ ਵਿਚ।
ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨੑਿ ॥੩॥
Whatever is pre-ordained, accept it as the Will of the Guru. ||3||
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ ॥੩॥ ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪਹਿਲੇ ਜਨਮ ਵਿਚ। ਭਾਣਾ = ਰਜ਼ਾ ॥੩॥
ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥
By great good fortune, I searched my home, and found the treasure of the Naam.
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ। ਘਰੁ = ਹਿਰਦਾ-ਘਰ। ਨਿਧਾਨੁ = ਖ਼ਜ਼ਾਨਾ।
ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥
The Perfect Guru has shown God to me; I have realized the Lord, the Supreme Soul. ||4||
ਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ॥੪॥ ਗੁਰਿ ਪੂਰੇ = ਪੂਰੇ ਗੁਰੂ ਨੇ। ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਪਛਾਨੁ = ਸਾਂਝ ਪੈਦਾ ਕਰ ॥੪॥
ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ ॥
There is One God of all; there is no other at all.
ਹੇ ਭਾਈ! ਇਕ ਪਰਮਾਤਮਾ ਹੀ ਸਭ ਜੀਵਾਂ ਦਾ ਮਾਲਕ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਪ੍ਰਭੁ = ਮਾਲਕ।
ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥
By Guru's Grace, the Lord comes to abide in the mind; in the heart of such a one, He is revealed. ||5||
ਗੁਰੂ ਦੀ ਕਿਰਪਾ ਨਾਲ (ਜਿਸ) ਮਨ ਵਿਚ ਆ ਵੱਸਦਾ ਹੈ, ਉਸ ਦੇ ਹਿਰਦੇ ਵਿਚ ਉਹ ਪ੍ਰਤੱਖ ਉੱਘੜ ਹੀ ਪੈਂਦਾ ਹੈ (ਉਸ ਮਨੁੱਖ ਦੇ ਜੀਵਨ ਵਿਚ ਸੁਚੱਜੀ ਤਬਦੀਲੀ ਆ ਜਾਂਦੀ ਹੈ) ॥੫॥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ {'ਤਿਸੁ ਘਟਿ' = ਉਸ ਦੇ ਹਿਰਦੇ ਵਿਚ} ॥੫॥
ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ ॥
God is the Inner-knower of all hearts; God dwells in every place.
ਹੇ ਭਾਈ! ਇਹ ਸਾਰਾ ਜਗਤ-ਆਕਾਰ ਉਸ ਅੰਤਰਜਾਮੀ ਪਰਮਾਤਮਾ ਦਾ ਸਰੂਪ ਹੈ। ਹਰੇਕ ਥਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ। ਸਭੁ = ਇਹ ਸਾਰਾ ਜਗਤ-ਆਕਾਰ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਭ ਥਾਇ = ਹਰੇਕ ਥਾਂ ਵਿਚ।
ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥
So who should we call evil? Behold the Word of the Shabad, and lovingly dwell upon it. ||6||
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਵੇਖੋ (ਹਰੇਕ ਥਾਂ ਉਹੀ ਦਿੱਸੇਗਾ। ਜਦੋਂ ਹਰੇਕ ਥਾਂ ਉਹੀ ਦਿੱਸੇ ਪਏ, ਤਾਂ) ਕਿਸੇ ਨੂੰ ਭੈੜਾ ਆਖਿਆ ਨਹੀਂ ਜਾ ਸਕਦਾ ॥੬॥ ਕਿਸ ਨੋ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਲਿਵ ਲਾਇ = ਸੁਰਤ ਜੋੜ ਕੇ ॥੬॥
ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥
He calls others bad and good, as long as he is in duality.
ਹੇ ਭਾਈ! ਮਨੁੱਖ ਉਤਨਾ ਚਿਰ ਹੀ ਕਿਸੇ ਹੋਰ ਨੂੰ ਚੰਗਾ ਜਾਂ ਮੰਦਾ ਆਖਦਾ ਹੈ ਜਿਤਨਾ ਚਿਰ ਉਹ ਆਪ ਮੇਰ-ਤੇਰ ਵਿਚ ਰਹਿੰਦਾ ਹੈ। ਤਿਚਰੁ = ਉਤਨਾ ਚਿਰ। ਦੁਹੁ ਮਾਹਿ = ਮੇਰ-ਤੇਰ ਵਿਚ।
ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥
The Gurmukh understands the One and Only Lord; He is absorbed in the One Lord. ||7||
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਹਰ ਥਾਂ) ਇਕ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੭॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੭॥
ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥
That is selfless service, which pleases God, and which is approved by God.
ਹੇ ਭਾਈ! ਉਹੀ ਸੇਵਾ-ਭਗਤੀ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਪ੍ਰਭੂ ਕਬੂਲ ਕਰਦਾ ਹੈ। ਪ੍ਰਭ ਭਾਵਸੀ = (ਜੇਹੜੀ) ਪ੍ਰਭੂ ਨੂੰ ਚੰਗੀ ਲੱਗੇ। ਪਾਏ ਥਾਇ = ਕਬੂਲ ਕਰਦਾ ਹੈ।
ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥
Servant Nanak worships the Lord in adoration; he focuses his consciousness on the Guru's Feet. ||8||2||4||9||
ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦਾ ਆਰਾਧਨ ਕਰਦੇ ਹਨ ॥੮॥੨॥੪॥੯॥ ਚਰਣੀ = ਚਰਨਾਂ ਵਿਚ ॥੮॥੨॥੪॥੯॥