ਸਿਰੀਰਾਗੁ ਮਹਲਾ ੫ ਛੰਤ ॥
Siree Raag, Fifth Mehl, Chhant:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
O dear beloved mind, my friend, reflect upon the Name of the Lord of the Universe.
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! ਪਰਮਾਤਮਾ ਦਾ ਨਾਮ (ਆਪਣੇ ਅੰਦਰ) ਸਾਂਭ ਕੇ ਰੱਖ। ਮਨ = ਹੇ ਮਨ! ਸਮਾਲੇ = ਸਮਾਲਿ, ਸਾਂਭ, (ਆਪਣੇ ਅੰਦਰ) ਸੰਭਾਲ ਰੱਖ।
ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
O dear beloved mind, my friend, the Lord shall always be with you.
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਇਹ ਹਰਿ-ਨਾਮ (ਸਦਾ) ਤੇਰੇ ਨਾਲ ਸਾਥ ਨਿਬਾਹੇਗਾ। ਨਿਬਹੈ = ਤੋੜ ਸਾਥ ਨਿਬਾਹੇਗਾ। ਨਾਲੇ = ਨਾਲਿ।
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
The Name of the Lord shall be with you as your Helper and Support. Meditate on Him-no one who does so shall ever return empty-handed.
(ਹੇ ਮਨ!) ਪਰਮਾਤਮਾ ਦਾ ਨਾਮ ਸਿਮਰ, (ਇਹੀ ਤੇਰੇ) ਨਾਲ (ਰਹੇਗਾ, ਇਹੀ ਤੇਰਾ) ਸਾਥੀ (ਰਹੇਗਾ। ਜੇਹੜਾ ਭੀ ਮਨੁੱਖ ਇਹੀ ਹਰਿ-ਨਾਮ ਸਿਮਰਦਾ ਹੈ) ਉਹ ਦੁਨੀਆ ਤੋਂ ਖ਼ਾਲੀ (-ਹੱਥ) ਨਹੀਂ ਜਾਂਦਾ। ਧਿਆਈ = (ਹੇ ਮਨ!) ਤੂੰ ਸਿਮਰ, ਤੂੰ ਧਿਆਨ ਕਰ। ਬਿਰਥਾ = ਖਾਲੀ {वृथा}।
ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
You shall obtain the fruits of your mind's desires, by focusing your consciousness on the Lord's Lotus Feet.
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਚਿੱਤ ਜੋੜ, ਤੂੰ ਸਾਰੇ ਮਨ ਇੱਛਤ ਫਲ ਪ੍ਰਾਪਤ ਕਰ ਲਏਂਗਾ। ਮਨ ਚਿੰਦੇ ਫਲ = ਮਨ-ਇਛੱਤ ਫਲ। ਲਾਏ = ਲਾਇ।
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
He is totally pervading the water and the land; He is the Lord of the World-forest. Behold Him in exaltation in each and every heart.
(ਹੇ ਮੇਰੇ ਮਨ!) ਜਗਤ ਦਾ ਮਾਲਕ ਪ੍ਰਭੂ ਜਲ ਵਿਚ ਧਰਤੀ ਵਿਚ ਹਰ ਥਾਂ ਭਰਪੂਰ ਹੈ, ਉਹ ਹਰੇਕ ਸਰੀਰ ਵਿਚ (ਵਿਆਪਕ ਹੋ ਕੇ ਮਿਹਰ ਦੀ) ਨਿਗਾਹ ਨਾਲ (ਹਰੇਕ ਨੂੰ) ਵੇਖਦਾ ਹੈ। ਬਨਵਾਰੀ = ਜਗਤ ਦਾ ਮਾਲਕ। ਘਟਿ ਘਟਿ = ਹਰੇਕ ਘਟ ਵਿਚ। ਨਿਹਾਲੇ = ਵੇਖਦਾ ਹੈ।
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥
Nanak gives this advice: O beloved mind, in the Company of the Holy, burn away your doubts. ||1||
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਸਾਧ ਸੰਗਤਿ ਵਿਚ ਰਹਿ ਕੇ ਆਪਣੀ ਭਟਕਣਾ ਨਾਸ ਕਰ ॥੧॥ ਸਿਖ = ਸਿੱਖਿਆ। ਦੇਇ = ਦੇਂਦਾ ਹੈ। ਜਾਲੇ = ਜਾਲਿ, ਸਾੜ ਦੇਹ ॥੧॥
ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥
O dear beloved mind, my friend, without the Lord, all outward show is false.
ਹੇ ਮੇਰੇ ਪਿਆਰੇ ਮਨ! ਹੇ ਮੇਰੇ ਮਿਤ੍ਰ ਮਨ! ਪਰਮਾਤਮਾ ਤੋਂ ਬਿਨਾ (ਹੋਰ ਕੋਈ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ), ਇਹ ਸਾਰਾ ਜਗਤ-ਪਸਾਰਾ ਸਦਾ ਸਾਥ ਨਿਬਾਹੁਣ ਵਾਲਾ ਨਹੀਂ। ਝੂਠੁ = ਤੋੜ ਸਾਥ ਨਾਹ ਨਿਬਾਹੁਣ ਵਾਲਾ। ਪਸਾਰੇ = ਪਸਾਰਾ।
ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥
O dear beloved mind, my friend, the world is an ocean of poison.
ਹੇ ਪਿਆਰੇ ਮਨ! ਇਹ ਸੰਸਾਰ (ਇਕ) ਸਮੁੰਦਰ (ਹੈ ਜੋ) ਜ਼ਹਰ (ਨਾਲ ਭਰਿਆ ਹੋਇਆ) ਹੈ। ਬਿਖੁ = ਜ਼ਹਰ। ਸਾਗਰੁ = ਸਮੁੰਦਰ।
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥
Let the Lord's Lotus Feet be your Boat, so that pain and skepticism shall not touch you.
(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ। ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।
ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥
Meeting with the Perfect Guru, by great good fortune, meditate on God twenty-four hours a day.
(ਪਰ ਜੀਵ ਦੇ ਵੱਸ ਦੀ ਗੱਲ ਨਹੀਂ) ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਪ੍ਰਭੂ ਨੂੰ ਅੱਠੇ ਪਹਰ ਸਿਮਰਦਾ ਹੈ। ਭੇਟੈ = ਮਿਲਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਜਾਪੈ = ਜਾਪਦਾ ਹੈ।
ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥
From the very beginning, and throughout the ages, He is the Lord and Master of His servants. His Name is the Support of His devotees.
ਆਦਿ ਤੋਂ ਹੀ, ਜੁਗਾਂ ਦੇ ਆਦਿ ਤੋਂ ਹੀ, (ਪਰਮਾਤਮਾ ਆਪਣੇ) ਸੇਵਕਾਂ ਦਾ ਰਾਖਾ (ਚਲਿਆ ਆ ਰਿਹਾ) ਹੈ, (ਪਰਮਾਤਮਾ ਦੇ) ਭਗਤਾਂ ਲਈ ਪਰਮਾਤਮਾ ਦਾ ਨਾਮ (ਸਦਾ ਹੀ) ਜ਼ਿੰਦਗੀ ਦਾ ਸਹਾਰਾ ਹੈ। ਆਦਿ = ਸ਼ੁਰੂ ਤੋਂ ਹੀ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਸੇਵਕ ਸੁਆਮੀ = ਸੇਵਕਾਂ ਦਾ ਮਾਲਕ। ਅਧਾਰੇ = ਆਧਾਰਾ, ਆਸਰਾ।
ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥
Nanak gives this advice: O beloved mind, without the Lord, all outward show is false. ||2||
ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ-ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ-ਖਿਲਾਰੇ ਤੋੜ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੨॥ ਝੂਠ ਪਸਾਰੇ = ਸਾਥ ਨਾਹ ਨਿਭਣ ਵਾਲੇ ਪਸਾਰੇ ॥੨॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥
O dear beloved mind, my friend, load the profitable cargo of the Lord's Name.
ਹੇ ਪਿਆਰੇ ਮਨ! ਹੇ ਮਿਤ੍ਰ! ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹ ਸੌਦਾ ਨਫ਼ਾ ਦੇਣ ਵਾਲਾ ਹੈ। ਲਦੇ = ਲੱਦੇਂ, ਲੱਦ। ਖੇਪ = ਸੌਦਾ। ਸਵਲੀ = ਸਫਲੀ, ਨਫਾ ਦੇਣ ਵਾਲੀ।
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥
O dear beloved mind, my friend, enter through the eternal Door of the Lord.
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਪਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ, ਇਹੀ ਦਰਵਾਜ਼ਾ ਅਟੱਲ ਹੈ। ਨਿਹਚਲੁ = ਅਟੱਲ, ਕਦੇ ਨਾਹ ਹਿਲਣ ਵਾਲਾ। ਮਲੀ = ਮੱਲੀਂ, ਮੱਲ।
ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
One who serves at the Door of the Imperceptible and Unfathomable Lord, obtains this eternal position.
ਜੋ ਮਨੁੱਖ ਉਸ ਪਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਮਨੁੱਖ ਐਸਾ (ਆਤਮਕ) ਟਿਕਾਣਾ ਹਾਸਲ ਕਰ ਲੈਂਦਾ ਹੈ ਜੋ ਕਦੇ ਡੋਲਦਾ ਨਹੀਂ। ਸੇਵੇ = ਸੇਂਵਦਾ ਹੈ। ਸੰਭਾਲਦਾ ਹੈ। ਅਲਖ = ਅਦ੍ਰਿਸਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ। ਤਹ = ਉਥੇ, ਉਸ ਨਿਹਚਲ ਆਸਣ ਤੇ (ਪਹੁੰਚ ਕੇ)।
ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥
There is no birth or death there, no coming or going; anguish and anxiety are ended.
ਉਸ ਆਤਮਕ ਟਿਕਾਣੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਮਨੁੱਖ ਹਰੇਕ ਕਿਸਮ ਦਾ ਸਹਮ ਤੇ ਦੁੱਖ ਮਿਟਾ ਲੈਂਦਾ ਹੈ। ਸੰਸਾ = ਸਹਮ।
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
The accounts of Chitr and Gupt, the recording scribes of the conscious and the subconscious are torn up, and the Messenger of Death cannot do anything.
(ਉਸ ਆਤਮਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮਰਾਜ ਦੇ ਥਾਪੇ ਹੋਏ) ਚਿਤ੍ਰ ਗੁਪਤ ਦਾ ਲੇਖਾ ਪਾੜ ਦੇਂਦਾ ਹੈ (ਭਾਵ, ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਿਤ੍ਰ ਗੁਪਤ ਲਿਖ ਸਕਣ), ਜਮਦੂਤਾਂ ਦਾ ਕੋਈ ਜ਼ੋਰ ਉਸ ਉੱਤੇ ਨਹੀਂ ਪੈ ਸਕਦਾ। ਚਿਤ੍ਰ ਗੁਪਤ = ਧਰਮਰਾਜ ਦੇ ਦੋਵੇਂ ਮੁਨਸ਼ੀ ਮੰਨੇ ਗਏ ਹਨ ਜੋ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ। {ਨੋਟ: ਲਫ਼ਜ਼ 'ਚਿਤ੍ਰ ਗੁਪਤ' ਦਾ ਭਾਵ ਹੈ 'ਗੁਪਤ ਚਿਤ੍ਰ' ਲੁਕਵੇਂ ਚਿਤ੍ਰ, ਉਹ ਚਿਤ੍ਰ ਜੋ ਮਨੁੱਖ ਦੀ ਨਜ਼ਰੋਂ ਉਹਲੇ ਰਹਿੰਦੇ ਹਨ। ਚਿਤ੍ਰ = ਕੀਤੇ ਕਰਮਾਂ ਦੇ ਸੰਸਕਾਰ। ਮਨੁੱਖ ਜਿਹੜੇ ਕਰਮ ਕਰਦਾ ਹੈ, ਉਹਨਾਂ ਦੇ ਸੰਸਕਾਰ ਉਸ ਦੇ ਮਨ ਵਿਚ ਬਣਦੇ ਜਾਂਦੇ ਹਨ। ਸਰੀਰ ਤਿਆਗਣ ਤੇ ਇਹ ਸੰਸਕਾਰ = ਮਈ ਮਨ ਜੀਵਾਤਮਾ ਦੇ ਨਾਲ ਜਾਂਦਾ ਹੈ}। ਕਾਗਦੁ = ਕਾਗ਼ਜ਼, ਲੇਖਾ। ਕਛੂ ਨਾ ਚਲੀ = ਕੋਈ ਪੇਸ਼ ਨਹੀਂ ਜਾਂਦੀ। ਚਲੀ = ਚੱਲੀ।
ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥
Nanak gives this advice: O beloved mind, load the profitable cargo of the Lord's Name. ||3||
(ਇਸ ਵਾਸਤੇ) ਹੇ ਪਿਆਰੇ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝ, ਇਹੀ ਸੌਦਾ ਨਫ਼ੇ ਵਾਲਾ ਹੈ ॥੩॥ ਨਾਨਕੁ ਦੇਇ = ਨਾਨਕ ਦੇਂਦਾ ਹੈ ॥੩॥
ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥
O dear beloved mind, my friend, abide in the Society of the Saints.
ਹੇ ਪਿਆਰੇ ਮਨ! ਹੇ ਮਿਤ੍ਰ ਮਨ! ਗੁਰਮੁਖਾਂ ਦੀ ਸੰਗਤਿ ਵਿਚ ਆਪਣਾ ਬਹਣ-ਖਲੋਣ ਬਣਾ। ਸੰਤਾ ਸੰਗਿ = ਸੰਤਾਂ ਦੀ ਸੰਗਤਿ ਵਿਚ। ਨਿਵਾਸੋ = ਨਿਵਾਸੁ (ਕਰ)।
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥
O dear beloved mind, my friend, chanting the Lord's Name, the Divine Light shines within.
ਹੇ ਪਿਆਰੇ ਮਨ! ਹੇ ਮਿਤ੍ਰ ਮਨ! (ਗੁਰਮੁਖਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ। ਜਪਤ = ਜਪਿਆਂ। ਪਰਗਾਸੋ = ਪਰਗਾਸੁ, ਆਤਮਕ ਚਾਨਣ।
ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥
Remember your Lord and Master, who is easily obtained, and all desires shall be fulfilled.
ਸੁਖ ਅਪੜਾਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸਿਮਰਿ = ਸਿਮਰ ਕੇ। ਸੁਖਹਗਾਮੀ = {गामिन् = ਅਪੜਾਣ ਵਾਲਾ} ਸੁਖ ਦੇਣ ਵਾਲਾ। ਸਗਲੀ = ਸਾਰੀਆਂ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ।
ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥
By my past actions, I have found the Lord, the Greatest Lover. Separated from Him for so long, I am united with Him again.
ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ। ਪੁਰਬੇ ਕਮਾਏ = ਪਹਿਲੇ ਜਨਮ ਵਿਚ ਨੇਕ ਕਮਾਈ ਅਨੁਸਾਰ। ਸ੍ਰੀ ਰੰਗ = {श्री (ਸ਼੍ਰੀ) = ਲੱਛਮੀ} ਲਛਮੀ ਦਾ ਪਤੀ, ਪਰਮਾਤਮਾ।
ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥
Inside and out, He is pervading everywhere. Faith in Him has welled up within my mind.
(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ। ਸਰਬਤਿ = {सर्वत्र} ਹਰ ਥਾਂ। ਮਨਿ = ਮਨ ਵਿਚ। ਬਿਸੁਆਸੋ = ਬਿਸੁਆਸੁ, ਸਰਧਾ, ਯਕੀਨ।
ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥
Nanak gives this advice: O beloved mind, let the Society of the Saints be your dwelling. ||4||
ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥
O dear beloved mind, my friend, let your mind remain absorbed in loving devotion to the Lord.
ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ, ਲੀਨਾ = ਮਸਤ।
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥
O dear beloved mind, my friend, the fish of the mind lives only when it is immersed in the Water of the Lord.
ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ। ਜਲ ਮਿਲਿ = ਜਲ ਨੂੰ ਮਿਲ ਕੇ। ਮੀਨਾ = ਮੱਛੀ।
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥
Drinking in the Lord's Ambrosial Bani, the mind is satisfied, and all pleasures come to abide within.
ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਪੀ = ਪੀ ਕੇ। ਆਘਾਨੇ = ਰੱਜ ਜਾਂਦਾ ਹੈ, ਆਘਾਨਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੇ = ਬਾਣੀ। ਸ੍ਰਬ = ਸਰਬ, ਸਾਰੇ। ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ।
ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥
Attaining the Lord of Excellence, I sing the Songs of Joy. The True Guru, becoming merciful, has fulfilled my desires.
ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਮੰਗਲ = ਖ਼ੁਸ਼ੀ ਦੇ ਗੀਤ, ਆਤਮਕ ਆਨੰਦ ਦੇਣ ਵਾਲੇ ਗੀਤ, ਸਿਫ਼ਤ-ਸਾਲਾਹ। ਸਤਿਗੁਰ ਤੁਠੇ = ਜਦੋਂ ਗੁਰੂ ਪ੍ਰਸੰਨ ਹੁੰਦਾ ਹੈ।
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥
He has attached me to the hem of His robe, and I have obtained the nine treasures. My Lord and Master has bestowed His Name, which is everything to me.
ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ। ਲੜਿ = ਲੜ ਨਾਲ, ਪੱਲੇ। ਨਉ ਨਿਧਿ = ਨੌਂ ਹੀ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ। ਸਰਬਸੁ = {सर्वस्व। सर्व = ਸਾਰਾ, स्व = ਧਨ} ਸਾਰਾ ਹੀ ਧਨ। ਠਾਕੁਰਿ = ਠਾਕੁਰ ਨੇ।
ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥
Nanak instructs the Saints to teach, that the mind is imbued with loving devotion to the Lord. ||5||1||2||
ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥ ਸਿਖ = ਸਿੱਖਿਆ। ਸੰਤ = ਸੰਤਾਂ ਨੇ ॥੫॥