ਮਾਰੂ ਸੋਲਹੇ ਮਹਲਾ

Maaroo, Solahas, Fourth Mehl:

ਰਾਗ ਮਾਰੂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਚਾ ਆਪਿ ਸਵਾਰਣਹਾਰਾ

The Lord Lord Himself is the One who exalts and embellishes.

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਵਾਰਣਹਾਰਾ = ਜੀਵਨ ਸੋਹਣਾ ਬਣਾਣ ਦੀ ਸਮਰਥਾ ਵਾਲਾ।

ਅਵਰ ਸੂਝਸਿ ਬੀਜੀ ਕਾਰਾ

Do not consider any other work.

ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ। ਬੀਜੀ = ਦੂਜੀ। ਕਾਰਾ = ਕਾਰ, ਕੰਮ।

ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥

The True Lord abides deep within the heart of the Gurmukh, who intuitively merges in the True Lord. ||1||

ਪਰ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ॥੧॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਘਟ ਅੰਤਰਿ = ਹਿਰਦੇ ਵਿਚ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ॥੧॥

ਸਭਨਾ ਸਚੁ ਵਸੈ ਮਨ ਮਾਹੀ

The True Lord dwells within the minds of all.

(ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ, ਮਾਹੀ = ਮਾਹਿ, ਵਿਚ।

ਗੁਰ ਪਰਸਾਦੀ ਸਹਜਿ ਸਮਾਹੀ

By Guru's Grace, they are intuitively absorbed in Him.

ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ।

ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥

Calling out, "Guru, Guru", I have found eternal peace; my consciousness is focused on the Guru's feet. ||2||

ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੨॥ ਕਰਤ = ਕਰਦਿਆਂ ॥੨॥

ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ

The True Guru is spiritual wisdom; the True Guru is worship and adoration.

ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ। ਗਿਆਨੁ = ਆਤਮਕ ਜੀਵਨ ਦੀ ਸੂਝ।

ਸਤਿਗੁਰੁ ਸੇਵੀ ਅਵਰੁ ਦੂਜਾ

I serve the True Guru, and no other.

ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ)। ਸੇਵੀ = ਸੇਵੀਂ, ਮੈਂ ਸੇਵਾ ਕਰਦਾ ਹਾਂ।

ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥

From the True Guru, I have obtained the wealth, the jewel of the Naam. Service to the True Guru is pleasing to me. ||3||

ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ॥੩॥ ਤੇ = ਤੋਂ। ਭਾਈ = ਚੰਗੀ ਲੱਗੀ ਹੈ ॥੩॥

ਬਿਨੁ ਸਤਿਗੁਰ ਜੋ ਦੂਜੈ ਲਾਗੇ

Without the True Guru, those who are attached to duality

ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ, ਦੂਜੈ = ਹੋਰ ਵਿਚ, ਮਾਇਆ ਵਿਚ।

ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ

come and go, and wander in reincarnation; these unfortunate ones die.

ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਭ੍ਰਮਿ = ਭਟਕ ਭਟਕ ਕੇ। ਅਭਾਗੇ = ਮੰਦ-ਭਾਗੀ ਬੰਦੇ।

ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥

O Nanak, even after they are emancipated, those who become Gurmukh remain in the Guru's Sanctuary. ||4||

ਹੇ ਨਾਨਕ! ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ॥੪॥ ਨਾਨਕ = ਹੇ ਨਾਨਕ! ਗਤਿ = ਉੱਚੀ ਆਤਮਕ ਅਵਸਥਾ। ਜਿ = ਜਿਹੜੇ ॥੪॥

ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ

The love of the Gurmukh is forever true.

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚੀ = ਸਦਾ ਟਿਕੀ ਰਹਿਣ ਵਾਲੀ।

ਸਤਿਗੁਰ ਤੇ ਮਾਗਉ ਨਾਮੁ ਅਜਾਚੀ

I beg for the invaluable Naam, the Name of the Lord, from the Guru.

(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ। ਤੇ = ਤੋਂ, ਪਾਸੋਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਅਚਾਜੀ = ਜਿਹੜਾ ਜਾਚਿਆ ਨਾਹ ਜਾ ਸਕੇ, ਜਿਸ ਦੀ ਕੀਮਤ ਦਾ ਅੰਦਾਜ਼ਾ ਨਾਹ ਲੱਗ ਸਕੇ, ਅਮੋਲਕ।

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥

O Dear Lord, please be kind, and grant Your Grace; please keep me in the Guru's Sanctuary. ||5||

ਹੇ ਹਰੀ! ਦਇਆਵਾਨ ਹੋ, ਕਿਰਪਾ ਕਰ। ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ॥੫॥

ਅੰਮ੍ਰਿਤ ਰਸੁ ਸਤਿਗੁਰੂ ਚੁਆਇਆ

The True Guru trickles the Ambrosial Nectar into my mouth.

ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ, ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਚੁਆਇਆ = ਨਾਮ-ਰਸ ਪੈਦਾ ਕਰਨ ਵਿਚ ਸਹਾਇਤਾ ਕੀਤੀ।

ਦਸਵੈ ਦੁਆਰਿ ਪ੍ਰਗਟੁ ਹੋਇ ਆਇਆ

My Tenth Gate has been opened and revealed.

(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ। ਦਸਵੈ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ, ਸੋਚ = ਮੰਡਲ ਵਿਚ।

ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥

The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||

ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ। ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੬॥ ਤਹ = ਉਸ ਆਤਮਕ ਅਵਸਥਾ ਵਿਚ। ਅਨਹਦ = ਬਿਨਾ ਵਜਾਏ ਵੱਜਣ ਵਾਲੇ। ਸਬਦ ਵਜਹਿ = ਸ਼ਬਦ ਵੱਜਦੇ ਹਨ, ਪੰਜ ਸ਼ਬਦ ਵੱਜਦੇ ਹਨ, ਪੰਜ ਕਿਸਮਾਂ ਦੇ ਸਾਜ਼ ਵਜਦੇ ਹਨ। ਧੁਨਿ = ਸੁਰ, ਆਤਮਕ ਸੁਰ, ਆਤਮਕ ਆਨੰਦ। ਧੁਨਿ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਤੋਂ ਪੈਦਾ ਹੋਇਆ ਆਤਮਕ ਆਨੰਦ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ ॥੬॥

ਜਿਨ ਕਉ ਕਰਤੈ ਧੁਰਿ ਲਿਖਿ ਪਾਈ

Those who are so pre-ordained by the Creator,

ਪਰ, (ਆਤਮਕ ਆਨੰਦ ਦੀ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ। ਕਰਤੈ = ਕਰਤਾਰ ਨੇ। ਧੁਰਿ = ਧੁਰ ਤੋਂ। ਲਿਖਿ = (ਕੀਤੇ ਕਰਮਾਂ ਅਨੁਸਾਰ) ਲਿਖ ਕੇ।

ਅਨਦਿਨੁ ਗੁਰੁ ਗੁਰੁ ਕਰਤ ਵਿਹਾਈ

pass their nights and days calling on the Guru.

ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਤ = ਕਰਦਿਆਂ, ਯਾਦ ਕਰਦਿਆਂ। ਵਿਹਾਈ (ਉਮਰ) ਬੀਤਦੀ ਹੈ।

ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥

Without the True Guru, no one understands; focus your consciousness on the Guru's Feet. ||7||

ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ। ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ॥੭॥ ਕੋ = ਕੋਈ ਮਨੁੱਖ। ਸੀਝੈ = ਕਾਮਯਾਬ ਹੁੰਦਾ। ਲਾਈ = ਲਾਇ ॥੭॥

ਜਿਸੁ ਭਾਵੈ ਤਿਸੁ ਆਪੇ ਦੇਇ

The Lord Himself blesses those with whom He is pleased.

ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ। ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗਦਾ ਹੈ। ਦੇਇ = ਦੇਂਦਾ ਹੈ।

ਗੁਰਮੁਖਿ ਨਾਮੁ ਪਦਾਰਥੁ ਲੇਇ

The Gurmukh receives the wealth of the Naam.

ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ। ਲੇਇ = ਲੈਂਦਾ ਹੈ।

ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥

When the Lord grants His Grace, He bestows the Naam; Nanak is immersed and absorbed in the Naam. ||8||

ਹੇ ਨਾਨਕ! ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ। ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ॥੮॥ ਨਾਮਿ = ਨਾਮ ਵਿਚ। ਸਮਾਈ = ਲੀਨ ਰਹਿੰਦਾ ਹੈ ॥੮॥

ਗਿਆਨ ਰਤਨੁ ਮਨਿ ਪਰਗਟੁ ਭਇਆ

The jewel of spiritual wisdom is revealed within the mind.

ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ, ਗਿਆਨ = ਆਤਮਕ ਜੀਵਨ ਦੀ ਸੂਝ। ਮਨਿ = ਮਨ ਵਿਚ।

ਨਾਮੁ ਪਦਾਰਥੁ ਸਹਜੇ ਲਇਆ

The wealth of the Naam is easily, intuitively received.

ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ। ਸਹਜੇ = ਆਤਮਕ ਅਡੋਲਤਾ ਵਿਚ।

ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥

This glorious greatness is obtained from the Guru; I am forever a sacrifice to the True Guru. ||9||

ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ। ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੯॥ ਗੁਰ ਤੇ = ਗੁਰੂ ਪਾਸੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ ॥੯॥

ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ

With the rising of the sun, the darkness of the night is dispelled.

(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ, ਸੂਰੁ = ਸੂਰਜ। ਨਿਸਿ ਅੰਧਿਆਰਾ = ਰਾਤ ਦਾ ਹਨੇਰਾ।

ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ

Spiritual ignorance is eradicated, by the priceless jewel of the Guru.

(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ। ਗੁਰ ਰਤਨਿ ਆਪਾਰਾ = ਗੁਰੂ ਦੇ ਬੇਅੰਤ ਕੀਮਤੀ (ਗਿਆਨ) ਰਤਨ ਨਾਲ।

ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥

The True Guru is the fantastically valuable jewel of spiritual wisdom; blessed by God's Mercy, peace is found. ||10||

ਗੁਰੂ ਦਾ (ਦਿੱਤਾ ਹੋਇਆ) 'ਗਿਆਨ ਰਤਨ' ਬਹੁਤ ਹੀ ਕੀਮਤੀ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧੦॥ ਅਤਿ ਭਾਰੀ = ਬਹੁਤ ਹੀ ਕੀਮਤੀ। ਕਰਮਿ = ਮਿਹਰ ਨਾਲ। ਮਿਲੈ = ਮਿਲਦਾ ਹੈ {ਇਕ-ਵਚਨ} ॥੧੦॥

ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ

The Gurmukh obtains the Naam, and his good reputation increases.

ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ, ਸੋਇ = ਸੋਭਾ। ਪ੍ਰਗਟਿ = ਖਿੱਲਰੀ।

ਚਹੁ ਜੁਗਿ ਨਿਰਮਲੁ ਹਛਾ ਲੋਇ

In all four ages he is considered to be pure and good.

ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ। ਚਹੁ ਜੁਗਿ = ਚਾਰ-ਜੁਗੀ ਸਮੇ ਵਿਚ, ਸਦਾ ਲਈ। ਲੋਇ = ਜਗਤ ਵਿਚ।

ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥

Imbued with the Naam, the Name of the Lord, he finds peace. He remains lovingly focused on the Naam. ||11||

ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤ ਜੋੜੀ ਰੱਖਦਾ ਹੈ ॥੧੧॥ ਨਾਮੇ ਨਾਮਿ = ਨਾਮਿ ਹੀ ਨਾਮਿ, ਹਰ ਵੇਲੇ ਨਾਮ ਵਿਚ। ਰਤੇ = ਰੰਗੇ ਹੋਏ ਨੇ। ਲਿਵ = ਲਗਨ ॥੧੧॥

ਗੁਰਮੁਖਿ ਨਾਮੁ ਪਰਾਪਤਿ ਹੋਵੈ

The Gurmukh receives the Naam.

ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ, ਗੁਰਮੁਖਿ = ਗੁਰੂ ਦੀ ਰਾਹੀਂ।

ਸਹਜੇ ਜਾਗੈ ਸਹਜੇ ਸੋਵੈ

In intuitive peace he wakes, and in intuitive peace he sleeps.

ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ)। ਸਹਜੇ = ਆਤਮਕ ਅਡੋਲਤਾ ਵਿਚ ਹੀ।

ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥

The Gurmukh is immersed and absorbed in the Naam; Nanak meditates on the Naam. ||12||

ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥ ਨਾਮਿ = ਨਾਮ ਵਿਚ। ਸਮਾਇ = ਸਮਾ ਕੇ। ਸਮਾਵੈ = ਸਮਾਇਆ ਰਹਿੰਦਾ ਹੈ ॥੧੨॥

ਭਗਤਾ ਮੁਖਿ ਅੰਮ੍ਰਿਤ ਹੈ ਬਾਣੀ

The Ambrosial Nectar of the Guru's Bani is in the mouth of the devotees.

ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ। ਮੁਖਿ = ਮੂੰਹ ਵਿਚ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ।

ਗੁਰਮੁਖਿ ਹਰਿ ਨਾਮੁ ਆਖਿ ਵਖਾਣੀ

The Gurmukhs chant and repeat the Lord's Name.

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਆਖਿ = ਆਖ ਕੇ, ਉਚਾਰ ਕੇ। ਵਖਾਣੀ = ਵਿਆਖਿਆ ਕੀਤੀ ਹੈ।

ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥

Chanting the Name of the Lord, Har, Har, their minds forever blossom forth; they focus their minds on the Lord's Feet. ||13||

ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥ ਕਰਤ = ਕਰਦਿਆਂ। ਬਿਗਸੈ = ਖਿੜਿਆ ਰਹਿੰਦਾ ਹੈ ॥੧੩॥

ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ

I am foolish and ignorant; I have no wisdom at all.

ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ। ਹਮ = ਅਸੀਂ ਜੀਵ। ਅਗਿਆਨ = ਗਿਆਨ-ਹੀਣ। ਗਿਆਨੁ = ਆਤਮਕ ਜੀਵਨ ਦੀ ਸੂਝ।

ਸਤਿਗੁਰ ਤੇ ਸਮਝ ਪੜੀ ਮਨ ਮਾਹੀ

From the True Guru, I have obtained understanding in my mind.

ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ। ਤੇ = ਤੋਂ ਪਾਸੋਂ। ਮਾਹੀ = ਵਿਚ।

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥

O Dear Lord, please be kind to me, and grant Your Grace; let me be committed to serving the True Guru. ||14||

ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥

ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ

Those who know the True Guru realize the One Lord.

ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ, ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ (ਮਨੁੱਖ) ਨੇ {ਇਕ-ਵਚਨ}।

ਸਰਬੇ ਰਵਿ ਰਹਿਆ ਸੁਖਦਾਤਾ

The Giver of peace is all-pervading, permeating everywhere.

ਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ। ਸਰਬੈ = ਸਭਨਾਂ ਵਿਚ। ਰਵਿ ਰਹਿਆ = ਵਿਆਪਕ ਹੈ।

ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥

Understanding my own soul, I have obtained the Supreme Status; my awareness is immersed in selfless service. ||15||

ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥ ਆਤਮੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਚੀਨਿ = ਪੜਤਾਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੧੫॥

ਜਿਨ ਕਉ ਆਦਿ ਮਿਲੀ ਵਡਿਆਈ

Those who are blessed with glorious greatness by the Primal Lord God

ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ, ਜਿਨ = {ਬਹੁ-ਵਚਨ}। ਆਦਿ = ਧੁਰ ਤੋਂ।

ਸਤਿਗੁਰੁ ਮਨਿ ਵਸਿਆ ਲਿਵ ਲਾਈ

are lovingly focused on the True Guru, who dwells within their minds.

ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ। ਮਨਿ = ਮਨ ਵਿਚ। ਲਿਵ = ਲਗਨ।

ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥

The Giver of life to the world Himself meets them; O Nanak, they are absorbed in His Being. ||16||1||

ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ। ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥ ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਅੰਕਿ = ਅੰਕ ਵਿਚ, ਗੋਦ ਵਿਚ ॥੧੬॥੧॥