ਮਾਰੂ ਮਹਲਾ ੪ ॥
Maaroo, Fourth Mehl:
ਮਾਰੂ ਚੌਥੀ ਪਾਤਿਸ਼ਾਹੀ।
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥
The Lord is inaccessible and unfathomable; He is eternal and imperishable.
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ, ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ। ਅਬਿਨਾਸੀ = ਨਾਸ-ਰਹਿਤ।
ਸਰਬੇ ਰਵਿ ਰਹਿਆ ਘਟ ਵਾਸੀ ॥
He dwells in the heart, and is all-pervading, permeating everywhere.
ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ। ਸਰਬੇ = ਸਭਨਾਂ ਵਿਚ {सर्व}। ਘਟ ਵਾਸੀ = ਸਭ ਸਰੀਰਾਂ ਵਿਚ ਵਾਸ ਰੱਖਣ ਵਾਲਾ।
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥
There is no other Giver except Him; worship the Lord, O mortals. ||1||
ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥ ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸਰੇਵਹੁ = ਸਿਮਰੋ। ਪ੍ਰਾਣੀ = ਹੇ ਪ੍ਰਾਣੀ! ॥੧॥
ਜਾ ਕਉ ਰਾਖੈ ਹਰਿ ਰਾਖਣਹਾਰਾ ॥
No one can kill anyone
ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ, ਰਾਖਣਹਾਰਾ = ਰੱਖਣ ਦੀ ਸਮਰੱਥਾ ਵਾਲਾ।
ਤਾ ਕਉ ਕੋਇ ਨ ਸਾਕਸਿ ਮਾਰਾ ॥
Who is saved by the Savior Lord.
ਉਸ ਨੂੰ ਕੋਈ ਮਾਰ ਨਹੀਂ ਸਕਦਾ। ਸਾਕਸਿ ਮਾਰਾ = ਮਾਰ ਸਕਦਾ।
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥
So serve such a Lord, O Saints, whose Bani is exalted and sublime. ||2||
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥ ਸੰਤਹੁ = ਹੇ ਸੰਤ ਜਨੋ! ਊਤਮ = (ਜੀਵਨ ਨੂੰ) ਉੱਚਾ ਬਣਾ ਦੇਣ ਵਾਲੀ ॥੨॥
ਜਾ ਜਾਪੈ ਕਿਛੁ ਕਿਥਾਊ ਨਾਹੀ ॥
When it seems that a place is empty and void,
ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ, ਜਾ = ਜਦੋਂ। ਜਾਪੈ = ਇਹ ਸਮਝ ਆਉਂਦੀ ਹੈ ਕਿ। ਕਿਥਾਊ = ਕਿਤੇ ਭੀ।
ਤਾ ਕਰਤਾ ਭਰਪੂਰਿ ਸਮਾਹੀ ॥
there, the Creator Lord is permeating and pervading.
ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ)। ਕਰਤਾ = ਕਰਤਾਰ।
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥
He causes the dried-up branch to blossom forth in greenery again; so meditate on the Lord - wondrous are His ways! ||3||
ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥ ਫੁਨਿ = ਮੁੜ। ਕੀਤੋਨੁ = ਉਸ (ਕਰਤਾਰ) ਨੇ ਕਰ ਦਿੱਤਾ। ਚੋਜ = ਕੌਤਕ, ਖੇਲ। ਵਿਡਾਣੀ = ਅਸਚਰਜ ॥੩॥
ਜੋ ਜੀਆ ਕੀ ਵੇਦਨ ਜਾਣੈ ॥
The One who knows the anguish of all beings
ਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ, ਵੇਦਨ = {वेदना} ਦੁੱਖ, ਪੀੜ।
ਤਿਸੁ ਸਾਹਿਬ ਕੈ ਹਉ ਕੁਰਬਾਣੈ ॥
unto that Lord and Master, I am a sacrifice.
ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ। ਕੈ = ਤੋਂ। ਹਉ = ਹਉਂ, ਮੈਂ।
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥
Offer your prayers to the One who is the Giver of all peace and joy. ||4||
ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥ ਜਨ = ਹੇ ਜਨ! ਹੇ ਭਾਈ! ਦਾਣੀ = ਦਾਨੀ, ਦਾਤਾ ॥੪॥
ਜੋ ਜੀਐ ਕੀ ਸਾਰ ਨ ਜਾਣੈ ॥
But one who does not know the state of the soul
ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ, ਜੀਐ ਕੀ = ਜਿੰਦ ਦੀ। ਸਾਰ = ਕਦਰ, (ਦੁੱਖ-ਦਰਦ ਦੀ) ਸੂਝ।
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥
do not say anything to such an ignorant person.
ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ। ਸਿਉ = ਨਾਲ। ਅਜਾਣ = ਅੰਞਾਣ, ਮੂਰਖ।
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥
Do not argue with fools, O mortals. Meditate on the Lord, in the state of Nirvaanaa. ||5||
ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥ ਲੂਝੁ = ਝਗੜਾ ਕਰ। ਪਰਾਣੀ = ਹੇ ਪ੍ਰਾਣੀ! ਜਪੀਐ = ਜਪਣਾ ਚਾਹੀਦਾ ਹੈ। ਪਦੁ = ਦਰਜਾ, ਆਤਮਕ ਅਵਸਥਾ। ਨਿਰਬਾਣੀ = ਵਾਸਨਾ-ਰਹਿਤ ॥੫॥
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥
Don't worry - let the Creator take care of it.
(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ। ਚਿੰਤ = ਫ਼ਿਕਰ। ਕਰਤੇ = ਕਰਤਾਰ ਨੂੰ।
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
The Lord gives to all creatures in the water and on the land.
ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਸਭਤੈ = ਸਭਨਾਂ ਨੂੰ।
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥
My God bestows His blessings without being asked, even to worms in soil and stones. ||6||
ਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥ ਅਚਿੰਤ = ਜਿਸ ਦਾ ਚਿੱਤ-ਚੇਤਾ ਭੀ ਨਾਹ ਹੋਵੇ। ਦੇਇ = ਦੇਂਦਾ ਹੈ। ਕੀਟ = ਕੀੜੇ। ਪਖਾਣੀ = ਪੱਥਰਾਂ ਵਿਚ ਦੇ ॥੬॥
ਨਾ ਕਰਿ ਆਸ ਮੀਤ ਸੁਤ ਭਾਈ ॥
Do not place your hopes in friends, children and siblings.
ਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ। ਸੁਤ = ਪੁੱਤਰ। ਆਸ ਮੀਤ = ਮਿੱਤਰ ਦੀ ਆਸ।
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥
Do not place your hopes in kings or the business of others.
ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ।
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥
Without the Lord's Name, no one will be your helper; so meditate on the Lord, the Lord of the world. ||7||
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥ ਬੇਲੀ = ਮਦਦਗਾਰ। ਸਾਰੰਗਪਾਣੀ = {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ ॥੭॥
ਅਨਦਿਨੁ ਨਾਮੁ ਜਪਹੁ ਬਨਵਾਰੀ ॥
Night and day, chant the Naam.
ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ। ਅਨਦਿਨੁ = ਹਰ ਰੋਜ਼, ਹਰ ਵੇਲੇ। ਬਨਵਾਰੀ ਨਾਮੁ = ਪਰਮਾਤਮਾ ਦਾ ਨਾਮ {ਬਨ ਹੈ ਮਾਲਾ ਜਿਸ ਦੀ}।
ਸਭ ਆਸਾ ਮਨਸਾ ਪੂਰੈ ਥਾਰੀ ॥
All your hopes and desires shall be fulfilled.
ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ। ਮਨਸਾ = {मनीषा} ਮਨ ਦਾ ਫੁਰਨਾ। ਪੂਰੈ = ਪੂਰੀ ਕਰਦਾ ਹੈ। ਥਾਰੀ = ਤੇਰੀ।
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥
O servant Nanak, chant the Naam, the Name of the Destroyer of fear, and your life-night shall pass in intuitive peace and poise. ||8||
ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥ ਭਵ ਖੰਡਨੁ = ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ। ਸੁਖਿ = ਸੁਖ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਰੈਣਿ = ਰਾਤ, ਜੀਵਨ-ਰਾਤ। ਵਿਹਾਣੀ = ਬੀਤਦੀ ਹੈ ॥੮॥
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
Those who serve the Lord find peace.
ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ। ਜਿਨਿ = ਜਿਸ (ਮਨੁੱਖ) ਨੇ {ਇਕ-ਵਚਨ}।
ਸਹਜੇ ਹੀ ਹਰਿ ਨਾਮਿ ਸਮਾਇਆ ॥
They are intuitively absorbed in the Lord's Name.
ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ। ਸਹਜੇ = ਬਿਨਾ ਕਿਸੇ (ਤਪ ਆਦਿਕ) ਜਤਨ ਦੇ। ਨਾਮਿ = ਨਾਮ ਵਿਚ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥
The Lord preserves the honor of those who seek His Sanctuary; go and consult the Vedas and the Puraanas. ||9||
ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥ ਪਤਿ = ਇੱਜ਼ਤ। ਜਾਇ = ਜਾ ਕੇ ॥੯॥
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥
That humble being is attached to the Lord's service, whom the Lord so attaches.
ਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ। ਲਾਗੈ = ਲੱਗਦਾ ਹੈ।
ਗੁਰ ਕੈ ਸਬਦਿ ਭਰਮ ਭਉ ਭਾਗੈ ॥
Through the Word of the Guru's Shabad, doubt and fear are dispelled.
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭਰਮ = ਭਟਕਣਾ। ਭਉ = ਡਰ। ਭਾਗੈ = ਦੂਰ ਹੋ ਜਾਂਦਾ ਹੈ।
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥
In his own home, he remains unattached, like the lotus flower in the water. ||10||
ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥ ਗ੍ਰਿਹ = ਘਰ, ਗ੍ਰਿਹਸਤ ॥੧੦॥
ਵਿਚਿ ਹਉਮੈ ਸੇਵਾ ਥਾਇ ਨ ਪਾਏ ॥
One who serves in egotism is not accepted or approved.
ਹਉਮੈ-ਅਹੰਕਾਰ ਵਿਚ ਕੀਤੀ ਹੋਈ ਸੇਵਾ-ਭਗਤੀ ਪਰਵਾਨ ਨਹੀਂ ਹੁੰਦੀ, ਥਾਇ = ਥਾਂ ਵਿਚ। ਥਾਇ ਨ ਪਾਏ = ਪਰਵਾਨ ਨਹੀਂ ਹੁੰਦੀ।
ਜਨਮਿ ਮਰੈ ਫਿਰਿ ਆਵੈ ਜਾਏ ॥
Such a person is born, only to die again, and come and go in reincarnation.
ਉਹ ਮਨੁੱਖ (ਤਾਂ ਸਗੋਂ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਜਨਮਿ = ਜੰਮ ਕੇ। ਆਵੈ ਜਾਇ = ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਰਹਿੰਦਾ ਹੈ।
ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
Perfect is that penance and that service, which is pleasing to the Mind of my Lord. ||11||
ਉਹੀ ਹੈ ਪੂਰਾ ਤਪ, ਉਹੀ ਹੈ ਸੇਵਾ-ਭਗਤੀ, ਜਿਹੜੀ ਮੇਰੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ ਸਹੀ ਰਸਤਾ ਹੈ) ॥੧੧॥ ਮਨਿ = ਮਨ ਵਿਚ। ਭਾਣੀ = ਚੰਗੀ ਲੱਗਦੀ ਹੈ ॥੧੧॥
ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
What Glorious Virtues of Yours should I chant, O my Lord and Master?
ਹੇ ਮੇਰੇ ਮਾਲਕ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਹਉ = ਹਉਂ, {अहम्} ਮੈਂ। ਆਖਾ = ਆਖਾਂ, ਮੈਂ ਬਿਆਨ ਕਰਾਂ। ਸੁਆਮੀ = ਹੇ ਸੁਆਮੀ!
ਤੂ ਸਰਬ ਜੀਆ ਕਾ ਅੰਤਰਜਾਮੀ ॥
You are the Inner-knower, the Searcher of all souls.
ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।
ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
I beg for blessings from You, O Creator Lord; I repeat Your Name night and day. ||12||
ਹੇ ਕਰਤਾਰ! ਮੈਂ ਤੇਰੇ ਹੀ ਪਾਸੋਂ ਇਹ ਦਾਨ ਮੰਗਦਾ ਹਾਂ ਕਿ ਮੈਂ ਹਰ ਵੇਲੇ ਤੇਰਾ ਨਾਮ ਉਚਾਰਦਾ ਰਹਾਂ ॥੧੨॥ ਮਾਗਉ = ਮਾਗਉਂ, ਮੰਗਦਾ ਹਾਂ। ਤੁਝੈ ਪਹਿ = ਤੇਰੇ ਹੀ ਪਾਸੋਂ। ਕਰਤੇ = ਹੇ ਕਰਤਾਰ! ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ ॥੧੨॥
ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
Some speak in egotistical power.
ਕਿਸੇ ਦੇ ਅੰਦਰ ਚੰਗਾ ਬੋਲ ਸਕਣ ਦੇ ਅਹੰਕਾਰ ਦਾ ਤਾਣ ਹੈ। ਕਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}। ਜੋਰੁ = ਤਾਣ, ਮਾਣ।
ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
Some have the power of authority and Maya.
ਕਿਸੇ ਨੂੰ ਮਾਇਆ ਦੇ ਆਸਰੇ ਦਾ ਤਾਣ ਹੈ। ਦੀਬਾਨ = ਆਸਰਾ।
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
I have no other Support at all, except the Lord. O Creator Lord, please save me, meek and dishonored. ||13||
ਮੈਨੂੰ ਪਰਮਾਤਮਾ ਤੋਂ ਬਿਨਾ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ। ਹੇ ਕਰਤਾਰ! ਮੇਰੀ ਨਿਮਾਣੀ ਦੀ ਰੱਖਿਆ ਤੂੰ ਹੀ ਕਰ ॥੧੩॥ ਧਰ = ਆਸਰਾ। ਕਾਈ = {ਇਸਤ੍ਰੀ-ਲਿੰਗ। 'ਕੋਈ' ਪੁਲਿੰਗ}। ਕਰਤੇ = ਹੇ ਕਰਤਾਰ! ਮੈ = ਮੈਨੂੰ ॥੧੩॥
ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
You bless the meek and dishonored with honor, as it pleases You, O Lord.
ਹੇ ਸੁਆਮੀ! ਤੂੰ ਨਿਮਾਣੇ ਦਾ ਮਾਣ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਤੂੰ ਕਰਦਾ ਹੈਂ। ਕਰਹਿ = ਤੂੰ ਕਰਦਾ ਹੈਂ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ।
ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
Many others argue in conflict, coming and going in reincarnation.
(ਤੇਰੀ ਰਜ਼ਾ ਤੋਂ ਲਾਂਭੇ ਜਾਣ ਦਾ ਜਤਨ ਕਰ ਕੇ) ਬੇਅੰਤ ਲੁਕਾਈ ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈਂਦੀ ਹੈ। ਹੋਰ ਕੇਤੀ = ਹੋਰ ਕਿਤਨੀ ਹੀ ਲੁਕਾਈ। ਝਖਿ = ਖ਼ੁਆਰ ਹੋ ਕੇ।
ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
Those people, whose side You take, O Lord and Master, are elevated and successful. ||14||
ਹੇ ਸੁਆਮੀ! ਤੂੰ ਜਿਨ੍ਹਾਂ ਦਾ ਪੱਖ ਕਰਦਾ ਹੈਂ, ਉਹਨਾਂ ਦੀ ਗੱਲ ਹਰ ਥਾਂ ਮੰਨੀ ਜਾਂਦੀ ਹੈ ॥੧੪॥ ਪਖੁ = ਮਦਦ। ਊਪਰਿ = ਸਭਨਾਂ ਦੇ ਉੱਤੇ। ਗਲ = ਗੱਲ। ਆਣੀ = ਲਿਆਂਦੀ ॥੧੪॥
ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
Those who meditate forever on the Name of the Lord, Har, Har,
ਜਿਨ੍ਹਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ, ਜਿਨੀ = ਜਿਨ੍ਹਾਂ ਨੇ।
ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
by Guru's Grace, obtain the supreme status.
ਉਹਨਾਂ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
Those who serve the Lord find peace; without serving Him, they regret and repent. ||15||
ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ, ਉਸ ਨੇ ਸੁਖ ਮਾਣਿਆ। ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਲੁਕਾਈ ਪਛੁਤਾਂਦੀ ਹੈ ॥੧੫॥ ਜਿਨਿ = ਜਿਸ ਨੇ ॥੧੫॥
ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
You are pervading all, O Lord of the world.
ਹੇ ਹਰੀ! ਤੂੰ ਜਗਤ ਦਾ ਨਾਥ ਹੈਂ। ਤੂੰ ਸਭ ਵਿਚ ਵਿਆਪਕ ਹੈਂ। ਵਰਤਹਿ = ਵਿਆਪਕ ਹੈਂ। ਜਗੰਨਾਥੁ = ਜਗਤ ਦਾ ਨਾਥ।
ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
He alone meditates on the Lord, upon whose forehead the Guru places His hand.
ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਜਿਸ ਦੇ ਮੱਥੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ। ਗੁਰ ਹਾਥੁ = ਗੁਰੂ ਦਾ ਹੱਥ। ਜਿਸੁ ਮਸਤਕਿ = ਜਿਸ ਦੇ ਮੱਥੇ ਉਥੇ।
ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
Entering the Sanctuary of the Lord, I meditate on the Lord; servant Nanak is the slave of His slaves. ||16||2||
(ਮੈਂ ਭੀ) ਹਰੀ ਦੀ ਸਰਨ ਪਿਆ ਹਾਂ, ਮੈਂ ਭੀ ਹਰੀ ਦਾ ਨਾਮ ਜਪਦਾ ਹਾਂ। ਦਾਸ ਨਾਨਕ ਹਰੀ ਦੇ ਦਾਸਾਂ ਦਾ ਦਾਸ ਹੈ ॥੧੬॥੨॥ ਜਾਪੀ = ਜਾਪੀਂ, ਮੈਂ ਜਪਾਂ। ਦਾਸੁ ਦਸਾਣੀ = ਦਾਸਾਂ ਦਾ ਦਾਸ ॥੧੬॥੨॥