ਮਾਰੂ ਸੋਲਹੇ ਮਹਲਾ

Maaroo, Solahas, Fifth Mehl:

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਲਾ ਉਪਾਇ ਧਰੀ ਜਿਨਿ ਧਰਣਾ

He infused His power into the earth.

ਜਿਸ ਪਰਮਾਤਮਾ ਨੇ (ਆਪਣੇ ਹੀ ਅੰਦਰੋਂ) ਸ਼ਕਤੀ ਪੈਦਾ ਕਰ ਕੇ ਧਰਤੀ ਸਾਜੀ ਹੈ, ਕਲਾ = ਗੁਪਤ ਤਾਕਤ, ਸੱਤਿਆ, ਸ਼ਕਤੀ। ਉਪਾਇ = ਪੈਦਾ ਕਰ ਕੇ। ਜਿਨਿ = ਜਿਸ (ਪਰਮਾਤਮਾ) ਨੇ। ਧਰਣਾ = ਧਰਤੀ।

ਗਗਨੁ ਰਹਾਇਆ ਹੁਕਮੇ ਚਰਣਾ

He suspends the heavens upon the feet of His Command.

ਜਿਸ ਨੇ ਆਪਣੇ ਹੁਕਮ ਦਾ ਹੀ ਆਸਰਾ ਦੇ ਕੇ ਆਕਾਸ਼ ਨੂੰ ਥੰਮ੍ਹ ਰੱਖਿਆ ਹੈ, ਗਗਨੁ = ਆਕਾਸ਼। ਰਹਾਇਆ = ਟਿਕਾਇਆ, ਥੰਮ੍ਹਿਆ। ਹੁਕਮੇ = ਹੁਕਮ ਦੀ ਰਾਹੀਂ ਹੀ। ਚਰਣਾ = ਆਸਰਾ (ਦੇ ਕੇ)।

ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥

He created fire and locked it into wood. That God protects all, O Siblings of Destiny. ||1||

ਜਿਸ ਨੇ ਅੱਗ ਪੈਦਾ ਕਰ ਕੇ ਇਸ ਨੂੰ ਲੱਕੜਾਂ ਵਿਚ ਬੰਨ੍ਹ ਰੱਖਿਆ ਹੈ, ਉਹੀ ਪਰਮਾਤਮਾ (ਸਭ ਜੀਵਾਂ ਦੀ) ਰੱਖਿਆ ਕਰਦਾ ਹੈ ॥੧॥ ਈਧਨ = ਲੱਕੜਾਂ। ਬਾਧੀ = ਬੰਨ੍ਹੀ ਹੋਈ ਹੈ। ਰਾਖੈ = ਰੱਖਿਆ ਕਰਦਾ ਹੈ ॥੧॥

ਜੀਅ ਜੰਤ ਕਉ ਰਿਜਕੁ ਸੰਬਾਹੇ

He gives nourishment to all beings and creatures.

ਜਿਹੜਾ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ, ਕਉ = ਨੂੰ। ਸੰਬਾਹੇ = ਅਪੜਾਂਦਾ ਹੈ।

ਕਰਣ ਕਾਰਣ ਸਮਰਥ ਆਪਾਹੇ

He Himself is the all-powerful Creator, the Cause of causes.

ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਨਿਰਲੇਪ ਹੈ, ਕਰਣ = ਸ੍ਰਿਸ਼ਟੀ। ਕਾਰਣ = ਮੂਲ। ਆਪਾਹੇ = ਮਾਇਆ ਦੀ ਪਾਹ ਤੋਂ ਰਹਿਤ, ਨਿਰਲੇਪ।

ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥

In an instant, He establishes and disestablishes; He is your help and support. ||2||

ਜੋ ਇਕ ਛਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ, ਉਹੀ ਪਰਮਾਤਮਾ (ਹਰ ਵੇਲੇ) ਤੇਰਾ ਭੀ ਮਦਦਗਾਰ ਹੈ ॥੨॥ ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰ ਸਕਣ ਵਾਲਾ। ਸਹਾਈ = ਮਦਦਗਾਰ ॥੨॥

ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ

He cherished you in your mother's womb.

ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ (ਤੇਰੀ) ਪਾਲਣਾ ਕੀਤੀ, ਜਿਨਿ = ਜਿਸ (ਪ੍ਰਭੂ) ਨੇ। ਪ੍ਰਤਿਪਾਲਿਆ = ਰੱਖਿਆ ਕੀਤੀ।

ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ

With every breath and morsel of food, He is with you, and takes care of you.

ਤੇਰੇ ਹਰੇਕ ਸਾਹ ਦੇ ਨਾਲ ਤੇਰੀ ਹਰੇਕ ਗਿਰਾਹੀ ਦੇ ਨਾਲ ਤੇਰਾ ਸੰਗੀ ਬਣ ਕੇ ਤੇਰੀ ਸੰਭਾਲ ਕੀਤੀ, ਸਾਸਿ = (ਹਰੇਕ) ਸਾਹ ਦੇ ਨਾਲ। ਗ੍ਰਾਸਿ = (ਹਰੇਕ) ਗ੍ਰਾਹੀ ਦੇ ਨਾਲ। ਸੰਗਿ = ਨਾਲ। ਸਮਾਲਿਆ = ਸੰਭਾਲ ਕਰਦਾ ਹੈ।

ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥

Forever and ever, meditate on that Beloved; Great is His glorious greatness! ||3||

ਜਿਸ ਪਰਮਾਤਮਾ ਦੀ ਇਤਨੀ ਵੱਡੀ ਵਡਿਆਈ ਹੈ, ਉਸ ਪ੍ਰੀਤਮ ਪ੍ਰਭੂ ਨੂੰ ਸਦਾ ਹੀ ਸਦਾ ਹੀ ਜਪਣਾ ਚਾਹੀਦਾ ਹੈ ॥੩॥ ਜਪੀਐ = ਜਪਣਾ ਚਾਹੀਦਾ ਹੈ ॥੩॥

ਸੁਲਤਾਨ ਖਾਨ ਕਰੇ ਖਿਨ ਕੀਰੇ

The sultans and nobles are reduced to dust in an instant.

ਉਹ ਪਰਮਾਤਮਾ ਪਾਤਿਸ਼ਾਹਾਂ ਤੇ ਖ਼ਾਨਾਂ ਨੂੰ ਇਕ ਛਿਨ ਵਿਚ ਕੀੜੇ (ਕੰਗਾਲ) ਬਣਾ ਦੇਂਦਾ ਹੈ, ਸੁਲਤਾਨ = ਪਾਤਿਸ਼ਾਹ। ਖਾਨ = ਸਰਦਾਰ। ਕੀਰੇ = ਕੀੜੇ।

ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ

God cherishes the poor, and makes them into rulers.

ਗ਼ਰੀਬਾਂ ਨੂੰ ਉੱਚੇ ਕਰ ਕੇ ਅਮੀਰ ਬਣਾ ਦੇਂਦਾ ਹੈ। ਨਿਵਾਜਿ = ਨਿਵਾਜ ਕੇ, ਉੱਚਾ ਕਰ ਕੇ। ਮੀਰੇ = ਅਮੀਰ।

ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਜਾਈ ਹੇ ॥੪॥

He is the Destroyer of egotistical pride, the Support of all. His value cannot be estimated. ||4||

ਉਹ ਪਰਮਾਤਮਾ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ, ਉਹ ਪਰਮਾਤਮਾ ਸਭ ਦਾ ਆਸਰਾ ਹੈ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੪॥ ਗਰਬ = ਅਹੰਕਾਰ। ਸਰਬ ਸਧਾਰਣ = ਸਭ ਨੂੰ ਆਸਰਾ ਦੇਣ ਵਾਲਾ ॥੪॥

ਸੋ ਪਤਿਵੰਤਾ ਸੋ ਧਨਵੰਤਾ

He alone is honorable, and he alone is wealthy,

ਉਹੀ (ਅਸਲ) ਇੱਜ਼ਤ-ਦਾਰ ਹੈ ਉਹੀ (ਅਸਲ) ਧਨਾਢ ਹੈ। ਪਤਿਵੰਤਾ = ਇੱਜ਼ਤ ਵਾਲਾ।

ਜਿਸੁ ਮਨਿ ਵਸਿਆ ਹਰਿ ਭਗਵੰਤਾ

within whose mind the Lord God abides.

ਜਿਸ ਮਨੁੱਖ ਦੇ ਮਨ ਵਿਚ ਹਰੀ ਭਗਵਾਨ ਆ ਵੱਸਦਾ ਹੈ। ਜਿਸੁ ਮਨਿ = ਜਿਸ ਦੇ ਮਨ ਵਿਚ।

ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥

He alone is my mother, father, child, relative and sibling, who created this Universe. ||5||

ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਹੈ ਮਾਂ ਪਿਉ, ਉਹੀ ਹੈ ਪੁੱਤਰ ਰਿਸ਼ਤੇਦਾਰ ਤੇ ਭਰਾ (ਉਹੀ ਹੈ ਸਦਾ ਨਾਲ ਨਿਭਣ ਵਾਲਾ ਸਨਬੰਧੀ) ॥੫॥ ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਜਿਨਿ = ਜਿਸ (ਕਰਤਾਰ) ਨੇ ॥੫॥

ਪ੍ਰਭ ਆਏ ਸਰਣਾ ਭਉ ਨਹੀ ਕਰਣਾ

I have come to God's Sanctuary, and so I fear nothing.

ਪ੍ਰਭੂ ਦੀ ਸਰਨ ਪਿਆਂ ਕਿਸੇ ਕਿਸਮ ਦਾ ਡਰ ਕਰਨ ਦੀ ਲੋੜ ਨਹੀਂ ਰਹਿੰਦੀ। ਪ੍ਰਭ ਸਰਣਾ = ਪ੍ਰਭੂ ਦੀ ਸਰਨ ਵਿਚ।

ਸਾਧਸੰਗਤਿ ਨਿਹਚਉ ਹੈ ਤਰਣਾ

In the Saadh Sangat, the Company of the Holy, I am sure to be saved.

ਗੁਰੂ ਦੀ ਸੰਗਤ ਵਿਚ ਰਿਹਾਂ ਜ਼ਰੂਰ (ਸਾਰੇ ਡਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ। ਨਿਹਚਉ = ਜ਼ਰੂਰ।

ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥

One who adores the Creator in thought, word and deed, shall never be punished. ||6||

ਜਿਹੜਾ ਮਨੁੱਖ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਕੰਮਾਂ ਦੀ ਰਾਹੀਂ ਕਰਤਾਰ ਦਾ ਆਰਾਧਨ ਕਰਦਾ ਰਹਿੰਦਾ ਹੈ, ਉਸ ਨੂੰ ਕਦੇ ਕੋਈ ਕਸ਼ਟ ਨਹੀਂ ਪੋਹ ਸਕਦਾ ॥੬॥ ਬਚ = ਬਚਨ। ਅਰਾਧੇ = ਸਿਮਰਦਾ ਹੈ। ਸਜਾਈ = ਸਜ਼ਾ, ਦੰਡ, ਕਸ਼ਟ ॥੬॥

ਗੁਣ ਨਿਧਾਨ ਮਨ ਤਨ ਮਹਿ ਰਵਿਆ

One whose mind and body are permeated with the Lord, the treasure of virtue,

ਜਿਹੜਾ ਮਨੁੱਖ ਆਪਣੇ ਮਨ ਵਿਚ ਆਪਣੇ ਤਨ ਵਿਚ ਪਰਮਾਤਮਾ ਨੂੰ ਯਾਦ ਰੱਖਦਾ ਹੈ, ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਰਵਿਆ = ਸਿਮਰਿਆ।

ਜਨਮ ਮਰਣ ਕੀ ਜੋਨਿ ਭਵਿਆ

does not wander in birth, death and reincarnation.

ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਭਟਕਦਾ।

ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥

Pain vanishes and peace prevails, when one is satisfied and fulfilled. ||7||

ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਆਤਮਕ ਆਨੰਦ ਵਿਚ ਟਿਕਾਣਾ ਬਣਾ ਲੈਂਦਾ ਹੈ, ਕਿਉਂਕਿ ਉਹ (ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜਿਆ ਰਹਿੰਦਾ ਹੈ ॥੭॥ ਸੁਖਿ = ਸੁਖ ਵਿਚ। ਤ੍ਰਿਪਤਿ ਰਹੇ ਆਘਾਈ = ਮਾਇਆ ਦੀ ਤ੍ਰਿਸ਼ਨਾ ਵਲੋਂ ਪੂਰਨ ਤੌਰ ਤੇ ਰੱਜ ਗਏ ॥੭॥

ਮੀਤੁ ਹਮਾਰਾ ਸੋਈ ਸੁਆਮੀ

My Lord and Master is my best friend.

ਉਹੀ ਮਾਲਕ-ਪ੍ਰਭੂ ਅਸਾਂ ਜੀਵਾਂ ਦਾ (ਅਸਲ) ਮਿੱਤਰ ਹੈ।

ਥਾਨ ਥਨੰਤਰਿ ਅੰਤਰਜਾਮੀ

The Inner-knower, the Searcher of hearts, is in all places and interspaces.

ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ {ਅੰਤਰਿ = ਵਿਚ}।

ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥

Meditating, meditating in remembrance on the Perfect Transcendent Lord, I am rid of all anxieties and calculations. ||8||

ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥ ਸਿਮਰਿ = ਸਿਮਰ ਕੇ। ਗਣਤ = ਚਿੰਤਾ-ਫ਼ਿਕਰ ॥੮॥

ਹਰਿ ਕਾ ਨਾਮੁ ਕੋਟਿ ਲਖ ਬਾਹਾ

One who has the Name of the Lord has hundreds of thousands and millions of arms.

(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ, ਕੋਟਿ = ਕ੍ਰੋੜ। ਬਾਹਾ = ਬਾਹਾਂ, ਸਾਥੀ, ਮਦਦਗਾਰ।

ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ

The wealth of the Kirtan of the Lord's Praises is with him.

ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ। ਜਸੁ ਕੀਰਤਨੁ = ਸਿਫ਼ਤ-ਸਾਲਾਹ। ਸੰਗਿ ਤਾਹਾ = ਉਸ (ਮਨੁੱਖ) ਦੇ ਪਾਸ।

ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥

In His Mercy, God has blessed me with the sword of spiritual wisdom; I have attacked and killed the demons. ||9||

ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥ ਖੜਗੁ = ਤਲਵਾਰ। ਕਰਿ = ਕਰ ਕੇ। ਦੂਤ = (ਕਾਮਾਦਿਕ) ਵੈਰੀ। ਧਾਈ = ਹੱਲਾ ॥੯॥

ਹਰਿ ਕਾ ਜਾਪੁ ਜਪਹੁ ਜਪੁ ਜਪਨੇ

Chant the Chant of the Lord, the Chant of Chants.

ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ। ਜਪੁ ਜਪਨੇ = ਜਪਣ-ਯੋਗ ਜਪ।

ਜੀਤਿ ਆਵਹੁ ਵਸਹੁ ਘਰਿ ਅਪਨੇ

Be a winner of the game of life and come to abide in your true home.

(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ। ਜੀਤਿ = ਜਿੱਤ ਕੇ। ਘਰਿ ਅਪਨੇ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ।

ਲਖ ਚਉਰਾਸੀਹ ਨਰਕ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥

You shall not see the 8.4 million types of hell; sing His Glorious Praises and remain saturated with loving devotion||10||

ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥ ਰਸਕਿ = ਰਸ ਨਾਲ, ਪ੍ਰੇਮ ਨਾਲ। ਗਾਈ = ਗਾਂਦਾ ਹੈ ॥੧੦॥

ਖੰਡ ਬ੍ਰਹਮੰਡ ਉਧਾਰਣਹਾਰਾ

He is the Savior of worlds and galaxies.

ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ। ਉਧਾਰਣਹਾਰਾ = ਵਿਕਾਰਾਂ ਤੋਂ ਬਚਾ ਸਕਣ ਵਾਲਾ।

ਊਚ ਅਥਾਹ ਅਗੰਮ ਅਪਾਰਾ

He is lofty, unfathomable, inaccessible and infinite.

ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ। ਅਥਾਹ = ਬਹੁਤ ਹੀ ਡੂੰਘਾ। ਅਗੰਮ = ਅਪਹੁੰਚ।

ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥

That humble being, unto whom God grants His Grace, meditates on Him. ||11||

ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥ ਤਿਸਹਿ = ਤਿਸੁ ਹੀ, ਉਸ (ਪਰਮਾਤਮਾ) ਨੂੰ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ॥੧੧॥

ਬੰਧਨ ਤੋੜਿ ਲੀਏ ਪ੍ਰਭਿ ਮੋਲੇ

God has broken my bonds, and claimed me as His own.

ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ, ਤੋੜਿ = ਤੋੜ ਕੇ। ਪ੍ਰਭਿ = ਪ੍ਰਭੂ ਨੇ।

ਕਰਿ ਕਿਰਪਾ ਕੀਨੇ ਘਰ ਗੋਲੇ

In His Mercy, He has made me the slave of His home.

ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ, ਘਰ ਗੋਲੇ = ਘਰ ਦੇ ਸੇਵਕ।

ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥

The unstruck celestial sound current resounds and vibrates, when one performs acts of true service. ||12||

ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥ ਅਨਹਦ = ਇਕ-ਰਸ, ਲਗਾਤਾਰ, ਬਿਨਾ ਵਜਾਏ ਵੱਜ ਰਿਹਾ। ਰੁਣ ਝੁਣ = ਮਿੱਠਾ ਸੁਰੀਲਾ ਰਾਗ। ਰੁਣਝੁਣਕਾਰੁ = ਲਗਾਤਾਰ ਹੋ ਰਿਹਾ ਮਿੱਠਾ ਸੁਰੀਲਾ ਰਾਗ। ਸਹਜ = ਆਤਮਕ ਅਡੋਲਤਾ। ਧੁਨਿ = ਸੁਰ। ਸਾਚੀ = ਸਦਾ ਕਾਇਮ ਰਹਿਣ ਵਾਲੀ ॥੧੨॥

ਮਨਿ ਪਰਤੀਤਿ ਬਨੀ ਪ੍ਰਭ ਤੇਰੀ

O God, I have enshrined faith in You within my mind.

ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ, ਮਨਿ = (ਜਿਸ ਮਨੁੱਖ ਦੇ) ਮਨ ਵਿਚ। ਪਰਤੀਤਿ = ਸਰਧਾ। ਪ੍ਰਭ = ਹੇ ਪ੍ਰਭੂ!

ਬਿਨਸਿ ਗਈ ਹਉਮੈ ਮਤਿ ਮੇਰੀ

My egotistical intellect has been driven out.

ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ। ਮਤਿ ਮੇਰੀ = 'ਮੇਰੀ ਮੇਰੀ' ਕਰਨ ਵਾਲੀ ਮੱਤ, ਮਮਤਾ ਵਾਲੀ ਮੱਤ।

ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥

God has made me His own, and now I have a glorious reputation in this world. ||13||

ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਸੋਭ = ਸੋਭਾ। ਸੁਹਾਈ = ਸੋਹਣੀ ਬਣੀ ॥੧੩॥

ਜੈ ਜੈ ਕਾਰੁ ਜਪਹੁ ਜਗਦੀਸੈ

Proclaim His Glorious Victory, and meditate on the Lord of the Universe.

ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ। ਜੈ ਜੈਕਾਰੁ = ਸਿਫ਼ਤ-ਸਾਲਾਹ। ਜਗਦੀਸੈ = ਜਗਦੀਸ ਦੀ, ਜਗਤ ਦੇ ਮਾਲਕ ਦੀ (ਜਗਤ-ਈਸ)।

ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ

I am a sacrifice, a sacrifice to my Lord God.

ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ। ਜਾਈ = ਜਾਈਂ, ਮੈਂ ਜਾਂਦਾ ਹਾਂ। ਈਸ = ਈਸ਼੍ਵਰ।

ਤਿਸੁ ਬਿਨੁ ਦੂਜਾ ਅਵਰੁ ਦੀਸੈ ਏਕਾ ਜਗਤਿ ਸਬਾਈ ਹੇ ॥੧੪॥

I do not see any other except Him. The One Lord pervades the whole world. ||14||

ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥ ਜਗਤਿ ਸਬਾਈ = ਸਾਰੇ ਜਗਤ ਵਿਚ ॥੧੪॥

ਸਤਿ ਸਤਿ ਸਤਿ ਪ੍ਰਭੁ ਜਾਤਾ

True, True, True is God.

ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ, ਸਤਿ = ਸਦਾ ਕਾਇਮ ਰਹਿਣ ਵਾਲਾ।

ਗੁਰ ਪਰਸਾਦਿ ਸਦਾ ਮਨੁ ਰਾਤਾ

By Guru's Grace, my mind is attuned to Him forever.

ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ। ਪਰਸਾਦਿ = ਕਿਰਪਾ ਨਾਲ। ਰਾਤਾ = ਰੰਗਿਆ ਹੋਇਆ।

ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥

Your humble servants live by meditating, meditating in remembrance on You, merging in You, O One Universal Creator. ||15||

ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥ ਸਿਮਰਿ = ਸਿਮਰ ਕੇ। ਏਕੰਕਾਰਿ = ਇਕ-ਓਅੰਕਾਰ ਵਿਚ, ਸਰਬ-ਵਿਆਪਕ ਵਿਚ ॥੧੫॥

ਭਗਤ ਜਨਾ ਕਾ ਪ੍ਰੀਤਮੁ ਪਿਆਰਾ

The Dear Lord is the Beloved of His humble devotees.

ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,

ਸਭੈ ਉਧਾਰਣੁ ਖਸਮੁ ਹਮਾਰਾ

My Lord and Master is the Savior of all.

ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ। ਉਧਾਰਣੁ = ਪਾਰ ਲੰਘਾਣ ਜੋਗਾ।

ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥

Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||

ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥ ਪੁੰਨੀ = ਪੂਰੀ ਹੋਈ। ਪੈਜ = ਲਾਜ, ਇੱਜ਼ਤ ॥੧੬॥੧॥