ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਬਿਰਖੈ ਹੇਠਿ ਸਭਿ ਜੰਤ ਇਕਠੇ ॥
Beneath the tree, all beings have gathered.
(ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਬਿਰਖ = ਰੁੱਖ। ਸਭਿ = ਸਾਰੇ।
ਇਕਿ ਤਤੇ ਇਕਿ ਬੋਲਨਿ ਮਿਠੇ ॥
Some are hot-headed, and some speak very sweetly.
ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਤੇ = ਖਰ੍ਹਵੇ, ਤਿੱਖੇ। ਬੋਲਨਿ = ਬੋਲਦੇ ਹਨ।
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥
Sunset has come, and they rise up and depart; their days have run their course and expired. ||1||
ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥ ਅਸਤੁ = ਡੁੱਬਾ ਹੋਇਆ (ਸੂਰਜ)। ਉਦੋਤੁ ਭਇਆ = ਉਦੈ ਹੁੰਦਾ ਹੈ, ਅਕਾਸ਼ ਵਿਚ ਚੜ੍ਹ ਪੈਂਦਾ ਹੈ। ਉਠਿ = ਉੱਠ ਕੇ। ਅਉਧ = ਉਮਰ। ਵਿਹਾਣੀਆ = ਬੀਤ ਜਾਂਦੀ ਹੈ ॥੧॥
ਪਾਪ ਕਰੇਦੜ ਸਰਪਰ ਮੁਠੇ ॥
Those who committed sins are sure to be ruined.
ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ ਲੁਟਾ ਜਾਂਦੇ ਹਨ, ਕਰੇਦੜ = ਕਰਨ ਵਾਲੇ। ਸਰਪਰ = ਜ਼ਰੂਰ। ਮੁਠੇ = ਮੁੱਠੈ, ਲੁੱਟੇ ਜਾਂਦੇ ਹਨ, ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦੇ ਹਨ।
ਅਜਰਾਈਲਿ ਫੜੇ ਫੜਿ ਕੁਠੇ ॥
Azraa-eel, the Angel of Death, seizes and tortures them.
ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ। ਅਜਰਾਈਲਿ = ਅਜਰਾਈਲ ਨੇ, ਮੌਤ ਦੇ ਫ਼ਰਿਸ਼ਤੇ ਨੇ {ਨੋਟ: ਇਹ ਸ਼ਬਦ ਕਿਸੇ ਮੁਸਲਮਾਨ ਦੇ ਪਰਥਾਇ ਹੈ}। ਫੜੇ ਫੜਿ = ਫੜਿ ਫੜਿ, ਫੜ ਕੇ ਫੜ ਕੇ, ਫੜ ਫੜ ਕੇ। ਕੁਠੇ = ਕੁੱਠੇ, ਕੁਹ ਸੁੱਟੇ।
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
They are consigned to hell by the Creator Lord, and the Accountant calls them to give their account. ||2||
(ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ॥੨॥ ਦੋਜਕਿ = ਦੋਜ਼ਕ ਵਿਚ। ਮੰਗੈ = ਮੰਗਦਾ ਹੈ {ਇਕ-ਵਚਨ}। ਬਾਣੀਆ = ਕਰਮਾਂ ਦਾ ਲੇਖਾ ਲਿਖਣ ਵਾਲਾ ਧਰਮਰਾਜ ॥੨॥
ਸੰਗਿ ਨ ਕੋਈ ਭਈਆ ਬੇਬਾ ॥
No brothers or sisters can go with them.
(ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ। ਸੰਗਿ = (ਪਰਲੋਕ ਵਲ) ਨਾਲ। ਭਈਆ = ਭਰਾ। ਬੇਬਾ = ਭੈਣ।
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥
Leaving behind their property, youth and wealth, they march off.
ਮਾਲ, ਧਨ, ਜਵਾਨੀ-ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ। ਜੋਬਨੁ = ਜਵਾਨੀ। ਛੋਡਿ = ਛੱਡ ਕੇ। ਵਞੇਸਾ = ਤੁਰ ਪਏਗਾ।
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
They do not know the kind and compassionate Lord; they shall be crushed like sesame seeds in the oil-press. ||3||
ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ ॥੩॥ ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਰਣ ਕਰਤਾ = ਜਗਤ ਦਾ ਰਚਨਹਾਰ। ਜਾਤੋ = ਜਾਣਿਆ, ਸਾਂਝ ਪਾਈ। ਘਾਣੀ = ਕੋਲ੍ਹੂ ਵਿਚ ਪੀੜਨ ਵਾਸਤੇ ਇਕ ਵਾਰੀ ਜੋਗੇ ਪਾਏ ਹੋਏ ਤਿਲ ॥੩॥
ਖੁਸਿ ਖੁਸਿ ਲੈਦਾ ਵਸਤੁ ਪਰਾਈ ॥
You happily, cheerfully steal the possessions of others,
ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ, ਖੁਸਿ ਖੁਸਿ = ਖੋਹ ਕੇ ਖੋਹ ਕੇ, ਖੋਹ ਖੋਹ ਕੇ। ਪਰਾਈ = ਬਿਗਾਨੀ। ਵਸਤੁ = ਚੀਜ਼।
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
but the Lord God is with you, watching and listening.
ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ। ਖੁਦਾਈ = ਖ਼ੁਦਾ, ਰੱਬ।
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
Through worldly greed, you have fallen into the pit; you know nothing of the future. ||4||
ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ॥੪॥ ਦੁਨੀਆ ਲਬਿ = ਦੁਨੀਆ ਦੇ ਲੱਬ ਵਿਚ; ਦੁਨੀਆ ਦੇ (ਸੁਆਦ ਦੇ) ਚਸਕੇ ਵਿਚ। ਖਾਤ = ਟੋਆ। ਗਲ = ਗੱਲ। ਅਗਲੀ = ਅਗਾਂਹ ਵਾਪਰਨ ਵਾਲੀ ॥੪॥
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
You shall be born and born again, and die and die again, only to be reincarnated again.
(ਮਾਇਆ ਦੇ ਮੋਹ ਵਿਚ) ਇਹ ਜੀਵ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਜਮਿ = ਜੰਮਿ, ਜੰਮ ਕੇ। ਜਮਿ ਜਮਿ ਮਰੈ = ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।
ਬਹੁਤੁ ਸਜਾਇ ਪਇਆ ਦੇਸਿ ਲੰਮੈ ॥
You shall suffer terrible punishment, on your way to the land beyond.
ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ। ਸਜਾਇ = ਸਜ਼ਾ, ਦੰਡ। ਦੇਸਿ ਲੰਮੈ = ਲੰਮੇ ਦੇਸ ਵਿਚ, (ਮਰਨ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ।
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
The mortal does not know the One who created him; he is blind, and so he shall suffer. ||5||
ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ ॥੫॥ ਜਿਨਿ = ਜਿਸ (ਪ੍ਰਭੂ) ਨੇ। ਕੀਤਾ = ਪੈਦਾ ਕੀਤਾ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋਇਆ ਮਨੁੱਖ)। ਤਾ = ਤਾਂ, ਤਾਂਹੀਏਂ। ਸਹੈ = ਸਹਾਰਦਾ ਹੈ। ਪਰਾਣੀਆ = ਪਰਾਣੀ, ਜੀਵ ॥੫॥
ਖਾਲਕ ਥਾਵਹੁ ਭੁਲਾ ਮੁਠਾ ॥
Forgetting the Creator Lord, he is ruined.
ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ; ਖਾਲਕ = ਖ਼ਾਲਕ, ਪੈਦਾ ਕਰਨ ਵਾਲਾ। ਥਾਵਹੁ = ਥਾਂ ਤੋਂ, ਵੱਲੋਂ। ਭੁਲਾ = ਭੁੱਲਾ, ਖੁੰਝਿਆ ਹੋਇਆ। ਮੁਠਾ = ਠੱਗਿਆ ਜਾ ਰਿਹਾ ਹੈ।
ਦੁਨੀਆ ਖੇਲੁ ਬੁਰਾ ਰੁਠ ਤੁਠਾ ॥
The drama of the world is bad; it brings sadness and then happiness.
ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ। ਖੇਲੁ = ਤਮਾਸ਼ਾ, ਜਾਦੂ ਦੀ ਖੇਡ। ਬੁਰਾ = ਭੈੜਾ। ਰੁਠ = ਰੁੱਠਾ, ਰੁੱਸਿਆ। ਤੁਠਾ = ਖ਼ੁਸ਼ ਹੋਇਆ।
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
One who does not meet the Saint does not have faith or contentment; he wanders just as he pleases. ||6||
ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ। ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਸਬਰ ॥੬॥ ਸਿਦਕੁ = ਸ਼ਾਂਤੀ, ਤਸੱਲੀ। ਸਬੂਰੀ = ਸਬਰ, ਰਜੇਵਾਂ। ਸੰਤੁ = ਗੁਰੂ। ਵਤੈ = ਭਟਕਦਾ ਫਿਰਦਾ ਹੈ। ਆਪਣ ਭਾਣੀਆ = ਆਪਣੇ ਮਨ ਦੀ ਮਰਜ਼ੀ ਅਨੁਸਾਰ ॥੬॥
ਮਉਲਾ ਖੇਲ ਕਰੇ ਸਭਿ ਆਪੇ ॥
The Lord Himself stages all this drama.
(ਪਰ, ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ। ਮਉਲਾ = ਖ਼ੁਦਾ, ਰੱਬ। ਸਭਿ = ਸਾਰੇ। ਖੇਲ = {ਬਹੁ-ਵਚਨ। ਲਫ਼ਜ਼ 'ਖੇਲੁ' ਇਕ-ਵਚਨ}। ਆਪੇ = ਆਪ ਹੀ।
ਇਕਿ ਕਢੇ ਇਕਿ ਲਹਰਿ ਵਿਆਪੇ ॥
Some, he lifts up, and some he throws into the waves.
ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ। ਇਕਿ = ਕਈ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਆਪੇ = ਫਸੇ ਹੋਏ।
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
As He makes them dance, so do they dance. Everyone lives their lives according to their past actions. ||7||
ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ ॥੭॥ ਨਚਾਏ = ਨਚਾਂਦਾ ਹੈ। ਨਚਨਿ = ਨੱਚਦੇ ਹਨ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਦੇ) ਸਿਰ ਉੱਤੇ। ਕਿਰਤ = (ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ। ਵਿਹਾਣੀਆ = ਬੀਤਦੀ ਹੈ, ਅਸਰ ਪਾਂਦੀ ਹੈ ॥੭॥
ਮਿਹਰ ਕਰੇ ਤਾ ਖਸਮੁ ਧਿਆਈ ॥
When the Lord and Master grants His Grace, then we meditate on Him.
ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ। ਤਾ = ਤਾਂ, ਤਦੋਂ। ਧਿਆਈ = ਧਿਆਈਂ, ਮੈਂ ਧਿਆਵਾਂ।
ਸੰਤਾ ਸੰਗਤਿ ਨਰਕਿ ਨ ਪਾਈ ॥
In the Society of the Saints, one is not consigned to hell.
(ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ। ਨਰਕਿ = ਨਰਕ ਵਿਚ।
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
Please bless Nanak with the gift of the Ambrosial Naam, the Name of the Lord; he continually sings the songs of Your Glories. ||8||2||8||12||20||
ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ॥੮॥੨॥੮॥੧੨॥੨੦॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦਾਨੁ = ਖੈਰ। ਕਉ = ਨੂੰ (ਦੇਹ)। ਗੁਣ ਗੀਤਾ = ਗੁਣ ਗੀਤਾਂ, ਸਿਫ਼ਤ-ਸਾਲਾਹ ਦੇ ਗੀਤ। ਵਖਾਣੀਆ = ਵਖਾਣੀਂ, ਮੈਂ ਵਖਾਣਾਂ ॥੮॥੨॥੮॥੧੨॥੨੦॥