ਗਉੜੀ ॥
Gauree:
ਗਉੜੀ।
ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥
Those who try to do things by their own efforts are drowned in the terrifying world-ocean; they cannot cross over.
ਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।) ਜੇਤੇ = ਜਿਤਨੇ ਭੀ ਬੰਦੇ। ਤੇ = ਉਹ ਸਾਰੇ। ਭਵ ਸਾਗਰੁ = ਸੰਸਾਰ-ਸਮੁੰਦਰ। ਰੇ = ਹੇ ਭਾਈ!
ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥
Those who practice religious rituals and strict self-discipline - their egotistical pride shall consume their minds. ||1||
ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥ ਕਰਮ = ਧਾਰਮਿਕ ਰਸਮਾਂ। ਧਰਮ = ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦਾ ਫ਼ਰਜ਼। ਸੰਜਮ = ਧਾਰਮਿਕ ਪ੍ਰਣ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} 'ਮੈਂ, ਮੈਂ' ਕਰਨ ਵਾਲੀ ਅਕਲ, ਹਉਮੈ, ਅਹੰਕਾਰ। ਜਾਰਿਓ = ਸਾੜ ਲਿਆ ॥੧॥
ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥
Your Lord and Master has given you the breath of life and food to sustain you; Oh, why have you forgotten Him?
ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ? ਸਾਸ = ਸਾਹ, ਸੁਆਸ, ਜਿੰਦ। ਗ੍ਰਾਸ = ਗ੍ਰਾਹੀ, ਰੋਜ਼ੀ।
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
Human birth is a priceless jewel, which has been squandered in exchange for a worthless shell. ||1||Pause||
ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥ ਕਉਡੀ ਬਦਲੈ = ਕੌਡੀ ਦੀ ਖ਼ਾਤਰ। ਹਾਰਿਓ = ਗੰਵਾ ਦਿੱਤਾ ॥੧॥ ਰਹਾਉ ॥
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
The thirst of desire and the hunger of doubt afflict you; you do not contemplate the Lord in your heart.
ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ। ਤ੍ਰਿਸਨਾ = ਤ੍ਰੇਹ, ਲਾਲਸਾ,। ਤ੍ਰਿਖਾ = ਤ੍ਰੇਹ, ਲਾਲਸਾ। ਭ੍ਰਮਿ = ਭਰਮ ਵਿਚ, ਭਟਕਣਾ ਦੇ ਕਾਰਨ।
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥
Intoxicated with pride, you cheat yourself; you have not enshrined the Word of the Guru's Shabad within your mind. ||2||
(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥ ਉਨਮਤ = ਮਸਤਿਆ ਹੋਇਆ। ਹਿਰਿਓ = ਠੱਗਿਆ ਹੋਇਆ। ਮਾਨ ਹਿਰਿਓ = ਹੰਕਾਰ ਦਾ ਠੱਗਿਆ ਹੋਇਆ ॥੨॥
ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥
Those who are deluded by sensual pleasures, who are tempted by sexual delights and enjoy wine are corrupt.
(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ। ਲੁਭਤ = ਲੋਭੀ। ਰਸ = ਚਸਕੇ। ਮਦ = ਨਸ਼ਾ।
ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥
But those who, through destiny and good karma, join the Society of the Saints, float over the ocean, like iron attached to wood. ||3||
ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥ ਕਰਮ = ਚੰਗੇ ਕੰਮ। ਕਰਮ ਭਾਗ = ਜਿਨ੍ਹਾਂ ਦੇ ਭਾਗਾਂ ਵਿਚ ਪਿਛਲੇ ਕੀਤੇ ਚੰਗੇ ਕੰਮ ਹਨ। ਕਾਸਟ = ਲੱਕੜੀ ॥੩॥
ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥
I have wandered in doubt and confusion, through birth and reincarnation; now, I am so tired. I am suffering in pain and wasting away.
ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।) ਧਾਵਤ = ਦੌੜਦੇ ਦੌੜਦੇ। ਭ੍ਰਮਿ = ਭਟਕਣਾ ਵਿਚ। ਦੁਖ ਕਰਿ = ਦੁੱਖ ਪਾ ਪਾ ਕੇ। ਹਾਰਿਓ = ਹਾਰ ਗਿਆ ਹਾਂ, ਥੱਕ ਗਿਆ ਹਾਂ।
ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
Says Kabeer, meeting with the Guru, I have obtained supreme joy; my love and devotion have saved me. ||4||1||5||56||
ਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥ ਕਹਿ = ਕਹੈ, ਆਖਦਾ ਹੈ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ ਹੀ ॥੪॥੧॥੫॥੫੬॥