ਗਉੜੀ ॥
Gauree:
ਗਉੜੀ।
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
Like the straw figure of a female elephant, fashioned to trap the bull elephant, O crazy mind, the Lord of the Universe has staged the drama of this world.
ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ); ਕਾਲਬੂਤ = ਕਲਬੂਤ, ਢਾਂਚਾ। ਹਸਤਨੀ = ਹਥਣੀ {ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉੱਤੇ ਕਾਗ਼ਜ਼ ਲਾ ਕੇ ਹਥਣੀ ਜਿਹੀ ਬਣਾ ਕੇ ਕਿਤੇ ਟੋਏ ਉੱਤੇ ਖੜੀ ਕਰ ਦੇਂਦੇ ਹਨ। ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ}। ਬਉਰਾ = ਕਮਲਾ। ਚਲਤੁ = ਖੇਡ, ਤਮਾਸ਼ਾ। ਜਗਦੀਸ = ਜਗਤ ਦਾ ਮਾਲਕ ਪ੍ਰਭੂ।
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
Attracted by the lure of sexual desire, the elephant is captured, O crazy mind, and now the halter is placed around its neck. ||1||
(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥ ਸੁਆਇ = ਸੁਆਉ ਵਿਚ, ਸੁਆਉ ਦੇ ਕਾਰਨ, ਸੁਆਦ ਦੇ ਕਾਰਨ, ਚਸਕੇ ਵਿਚ, ਵਾਸ਼ਨਾ ਦੇ ਕਾਰਨ। ਬਸਿ ਪਰੇ = ਕਾਬੂ ਆ ਜਾਂਦਾ ਹੈ। ਅੰਕਸੁ = ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ ਮਹਾਵਤ ਉਸ ਦੀ ਧੌਣ ਉਤੇ ਮਾਰਦਾ ਹੈ। ਸੀਸਿ = ਸਿਰ ਉਤੇ ॥੧॥
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
So escape from corruption and immerse yourself in the Lord; take this advice, O crazy mind.
ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ। ਬਿਖੈ = ਵਿਸ਼ੇ-ਵਿਕਾਰ। ਬਾਚੁ = ਬਚ ਕੇ ਰਹੁ। ਰਾਚੁ = ਲੀਨ ਹੋਹੁ।
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
You have not meditated fearlessly on the Lord, O crazy mind; you have not embarked upon the Lord's Boat. ||1||Pause||
ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥ ਨਿਰਭੈ = ਨਿਡਰ {ਆਮ ਤੌਰ ਤੇ ਮਨੁੱਖ ਨੂੰ ਰੋਜ਼ੀ ਦਾ ਸਹਿਮ ਲੱਗਾ ਰਹਿੰਦਾ ਹੈ, ਲਾਲਚ ਵਿਚ ਫਸਦਾ ਹੈ; ਜੋ ਰੋਜ਼ੀ ਪਹਿਲਾਂ ਨਿਰਬਾਹ ਦੀ ਖ਼ਾਤਰ ਕਮਾਂਦਾ ਹੈ, ਉਸ ਨੂੰ ਸਹਿਜੇ ਸਹਿਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਗੁਆਚ ਨ ਜਾਏ, ਨੁਕਸਾਨ ਨ ਹੋ ਜਾਏ। ਬੱਸ! ਸਾਰੀ ਉਮਰ ਇਸ ਸਹਿਮ ਵਿਚ ਹੀ ਲੰਘਦੀ ਹੈ}। ਗਹਿਓ ਨ = ਪਕੜਿਆ ਨਹੀਂ, ਆਸਰਾ ਨਹੀਂ ਲਿਆ ॥੧॥ ਰਹਾਉ ॥
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
The monkey stretches out its hand, O crazy mind, and takes a handful of corn;
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ, ਮਰਕਟ = ਬਾਂਦਰ। ਮੁਸਟੀ = ਮੁੱਠੀ। ਪਸਾਰਿ = ਖਿਲਾਰ ਕੇ।
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
now unable to escape, O crazy mind, it is made to dance door to door. ||2||
ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥ ਸਹਸਾ = ਸਹਿਮ। ਘਰ ਘਰ ਬਾਰਿ = ਹਰੇਕ ਘਰ ਦੇ ਬੂਹੇ ਤੇ। ਬਾਰਿ = ਬੂਹੇ ਤੇ। {❀ ਨੋਟ: ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉੱਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ} ॥੨॥
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
Like the parrot caught in the trap, O crazy mind, you trapped by the affairs of Maya.
ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ। ਨਲਨੀ = ਤੋਤਿਆਂ ਨੂੰ ਫੜਨ ਵਾਲੇ ਲੋਕ ਲੱਕੜੀ ਦਾ ਇੱਕ ਨਿੱਕਾ ਜਿਹਾ ਢੋਲ ਬਣਾ ਕੇ ਦੋ ਪਾਸੀਂ ਡੰਡਿਆਂ ਦੇ ਆਸਰੇ ਖੜਾ ਕਰ ਦੇਂਦੇ ਹਨ। ਵਿਚਕਾਰ ਤੋਤੇ ਲਈ ਚੋਗਾ ਪਾ ਦੇਂਦੇ ਹਨ, ਤੇ ਇਸ ਢੋਲ ਜਿਹੇ ਦੇ ਹੇਠਲੇ ਪਾਸੇ ਪਾਣੀ ਦਾ ਭਰਿਆ ਇਕ ਭਾਂਡਾ ਰੱਖਦੇ ਹਨ। ਤੋਤਾ ਚੋਗੇ ਦੀ ਖ਼ਾਤਰ ਉਸ ਚੱਕਰ ਉੱਤੇ ਆ ਬੈਠਦਾ ਹੈ। ਪਰ ਤੋਤੇ ਦੇ ਭਾਰ ਨਾਲ ਚੱਕਰ ਉਲਟ ਜਾਂਦਾ ਹੈ, ਤੋਤਾ ਹੇਠਲੇ ਪਾਸੇ ਲਮਕ ਪੈਂਦਾ ਹੈ। ਹੇਠਾਂ ਪਾਣੀ ਵੇਖ ਕੇ ਤੋਤਾ ਸਹਿਮ ਜਾਂਦਾ ਹੈ ਕਿ ਕਿਤੇ ਪਾਣੀ ਵਿਚ ਡਿੱਗ ਕੇ ਡੁੱਬ ਨਾਹ ਜਾਵਾਂ। ਇਸ ਡਰ ਦੇ ਕਾਰਨ ਲੱਕੜੀ ਦੇ ਯੰਤ੍ਰ ਨੂੰ ਘੁੱਟ ਕੇ ਪਕੜੀ ਰੱਖਦਾ ਹੈ ਤੇ ਫਸ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਪਹਿਲਾਂ ਇਹ ਰੋਜ਼ੀ ਸਿਰਫ਼ ਨਿਰਬਾਹ ਦੀ ਖ਼ਾਤਰ ਕਮਾਈਦੀ ਹੈ। ਸਹਿਜੇ ਸਹਿਜੇ ਇਹ ਸਹਿਮ ਬਣਦਾ ਹੈ ਕਿ ਜੇ ਇਹ ਕਮਾਈ ਰੁੜ੍ਹ ਗਈ ਤਾਂ ਕੀਹ ਹੋਵੇਗਾ, ਬਿਰਧ ਉਮਰ ਲਈ ਜੇ ਬਚਾਅ ਕੇ ਨਾਹ ਰੱਖਿਆ ਤਾਂ ਕਿਵੇਂ ਗੁਜ਼ਾਰਾ ਹੋਵੇਗਾ। ਇਸ ਸਹਿਮ ਵਿਚ ਪੈ ਕੇ ਮਨੁੱਖ ਮਾਇਆ ਦੇ ਮੋਹ ਦੇ ਪਿੰਜਰੇ ਵਿਚ ਫਸ ਜਾਂਦਾ ਹੈ}। ਸੂਅਟਾ = ਅੰਞਾਣ ਤੋਤਾ {ਸੰ: ਸ਼ੁਕ = ਤੋਤਾ। ਸ਼ੁਕਟਾ = ਨਿੱਕਾ ਜਿਹਾ ਤੋਤਾ, ਅੰਞਾਣ ਤੋਤਾ। ਸੰਸਕ੍ਰਿਤ ਲਫ਼ਜ਼ 'ਸ਼ੁਕਟ' ਤੋਂ 'ਸੂਅਟਾ' ਪ੍ਰਾਕ੍ਰਿਤ-ਰੂਪ ਹੈ}। ਗਹਿਓ = ਫੜਿਆ ਜਾਂਦਾ ਹੈ। ਬਿਉਹਾਰੁ = ਵਰਤਾਰਾ, ਸਲੂਕ।
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
Like the weak dye of the safflower, O crazy mind, so is the expanse of this world of form and substance. ||3||
ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥ ਕਸੁੰਭ = ਇਕ ਕਿਸਮ ਦਾ ਫੁੱਲ ਹੈ, ਇਸ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਚੰਗਾ ਸ਼ੋਖ ਹੁੰਦਾ ਹੈ, ਪਰ ਇਕ ਦੋ ਦਿਨ ਵਿਚ ਹੀ ਭੈੜਾ ਪੈ ਜਾਂਦਾ ਹੈ ॥੩॥
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
There are so many holy shrines in which to bathe, O crazy mind, and so many gods to worship.
ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ) ਨਾਵਨ ਕਉ = ਇਸ਼ਨਾਨ ਕਰਨ ਲਈ। ਘਨੇ = ਬਥੇਰੇ। ਪੂਜਨ ਕਉ = ਪੂਜਾ ਕਰਨ ਲਈ।
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
Says Kabeer, you shall not be saved like this, O crazy mind; only by serving the Lord will you find release. ||4||1||6||57||
ਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥ ਛੂਟਨੁ = ਖ਼ਲਾਸੀ, ਮਾਇਆ ਦੇ ਮੋਹ ਤੇ ਸਹਿਮ ਤੋਂ ਖ਼ਲਾਸੀ। ਸੇਵ = ਸੇਵਾ, ਬੰਦਗੀ ॥੪॥੧॥੬॥੫੭॥