ਗਉੜੀ

Gauree:

ਗਉੜੀ।

ਅਗਨਿ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਆਵੈ

Fire does not burn it, and the wind does not blow it away; thieves cannot get near it.

(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ। ਦਹੈ = ਸਾੜਦੀ। ਮਗਨੈ = ਗੁੰਮ ਕਰਦੀ, ਲੋਪ ਕਰਦੀ, ਉਡਾ ਲੈ ਜਾਂਦੀ। ਤਸਕਰੁ = ਚੋਰ। ਨੇਰਿ = ਨੇੜੇ।

ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਜਾਵੈ ॥੧॥

Accumulate the wealth of the Lord's Name; that wealth does not go anywhere. ||1||

ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥ ਸੰਚਉਨੀ ਕਰਿ = ਇਕੱਠਾ ਕਰ, ਜੋੜ। ਕਤਹੀ = ਕਿਤੇ ਭੀ ॥੧॥

ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ

My wealth is God, the Lord of Wealth, the Lord of the Universe, the Support of the earth: this is called the most excellent wealth.

ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ। ਧਰਣੀ ਧਰੁ = ਧਰਤੀ ਦਾ ਆਸਰਾ। ਸਾਰ = ਸ੍ਰੇਸ਼ਟ, ਸਭ ਤੋਂ ਵਧੀਆ।

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਲਹੀਐ ॥੧॥ ਰਹਾਉ

The peace which is obtained by serving God, the Lord of the Universe - that peace cannot be found in kingdoms or power. ||1||Pause||

ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥ ਰਾਜਿ = ਰਾਜ ਵਿਚ ॥੧॥ ਰਹਾਉ ॥

ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ

Shiva and Sanak, in their search for this wealth, became Udaasees, and renounced the world.

ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ। ਸਨਕਾਦਿਕ = ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਉਦਾਸੀ = ਵਿਰਕਤ।

ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਜਮ ਕੀ ਫਾਸੀ ॥੨॥

One whose mind is filled with the Lord of liberation, and whose tongue chants the Name of the Lord, shall not be caught by the noose of Death. ||2||

ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥ ਮਨਿ = (ਜਿਸ ਮਨੁੱਖ ਦੇ) ਮਨ ਵਿਚ। ਮੁਕੰਦ = ਮੁਕਤੀ ਦੇਣ ਵਾਲਾ ਪ੍ਰਭੂ। ਫਾਸੀ = ਫਾਹੀ ॥੨॥

ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ

My own wealth is the spiritual wisdom and devotion given by the Guru; my mind is held steady in perfect neutral balance.

ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ। ਨਿਜ ਧਨੁ = ਨਿਰੋਲ ਆਪਣਾ ਧਨ। ਗੁਰਿ = ਗੁਰੂ ਨੇ। ਤਾਸੁ = ਉਸ (ਭਗਤੀ) ਵਿਚ। ਸੁਮਤਿ ਮਨੁ = ਸ੍ਰੇਸ਼ਟ ਮਤ ਵਾਲੇ ਬੰਦੇ ਦਾ ਮਨ।

ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥

It is like water for the burning soul, like an anchoring support for the wandering mind; the bondage of doubt and fear is dispelled. ||3||

(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥ ਜਲਤ = ਸੜਦੇ ਨੂੰ। ਅੰਭ = ਪਾਣੀ। ਥੰਭਿ = ਥੰਮ੍ਹੀ ॥੩॥

ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ

Says Kabeer: O you who are intoxicated with sexual desire, reflect upon this in your heart, and see.

ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ, ਮਦਨ = ਕਾਮ ਵਾਸ਼ਨਾ। ਮਾਤੇ = ਮਸਤੇ ਹੋਏ। ਬੀਚਾਰੀ = ਵਿਚਾਰ ਕੇ, ਸੋਚ ਕੇ।

ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥

Within your home there are hundreds of thousands, millions of horses and elephants; but within my home is the One Lord. ||4||1||7||58||

ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥ ਤੁਮ ਘਰਿ = ਤੁਹਾਡੇ ਘਰ ਵਿਚ। ਕੋਟਿ = ਕ੍ਰੋੜਾਂ। ਅਸ੍ਵ = ਘੋੜੇ। ਹਸਤੀ = ਹਾਥੀ। ਮੁਰਾਰੀ = {ਮੁਰ-ਅਰਿ; ਮੁਰ ਦੈਂਤ ਦਾ ਵੈਰੀ} ਪਰਮਾਤਮਾ ॥੪॥੧॥੭॥੫੮॥