ਮਲਾਰ ਮਹਲਾ ੪ ॥
Malaar, Fourth Mehl:
ਮਲਾਰ ਚੌਥੀ ਪਾਤਿਸ਼ਾਹੀ।
ਜਿਨੑ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥
Those whose hearts are filled with my True Guru - those Saints are good and noble in every way.
ਜਿਨ੍ਹਾਂ ਦੇ ਹਿਰਦੇ ਵਿਚ ਪਿਆਰਾ ਗੁਰੂ ਵੱਸਿਆ ਰਹਿੰਦਾ ਹੈ, ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਬਣ ਜਾਂਦੇ ਹਨ। ਕੈ ਹੀਅਰੈ = ਦੇ ਹਿਰਦੇ ਵਿਚ। ਤੇ = ਉਹ (ਬਹੁ-ਵਚਨ)। ਭਲ ਭਾਂਤਿ = ਚੰਗੀ ਤਰ੍ਹਾਂ, ਪੂਰਨ ਤੌਰ ਤੇ।
ਤਿਨੑ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥੧॥
Seeing them, my mind blossoms forth in bliss; I am forever a sacrifice to them. ||1||
ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ, ਮੈਂ ਤਾਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥ ਬਿਗਸੈ = ਖਿੜ ਪੈਂਦਾ ਹੈ। ਹਉ = ਮੈਂ, ਹਉਂ। ਸਦ = ਸਦਾ। ਤਿਨ ਕੈ ਬਲਿ = ਉਹਨਾਂ ਤੋਂ ਸਦਕੇ ॥੧॥
ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥
O spiritual teacher, chant the Name of the Lord, day and night.
ਹੇ ਗਿਆਨਵਾਨ ਮਨੁੱਖ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਨਾਮ ਜਪਿਆ ਕਰ। ਗਿਆਨੀ = ਹੇ ਗਿਆਨੀ!
ਤਿਨੑ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
All hunger and thirst are satisfied, for those who partake of the sublime essence of the Lord, through the Guru's Teachings. ||1||Pause||
ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਰਸ ਖਾਂਦੇ ਹਨ, ਉਹਨਾਂ ਦੀ (ਮਾਇਆ ਵਾਲੀ) ਸਾਰੀ ਤ੍ਰਿਸ਼ਨਾ ਸਾਰੀ ਭੁੱਖ (ਸਾਰੀ ਭੁੱਖ ਤ੍ਰਿਹ) ਦੂਰ ਹੋ ਜਾਂਦੀ ਹੈ ॥੧॥ ਰਹਾਉ ॥ ਸਭ = ਸਾਰੀ। ਖਾਂਤਿ = (खादन्ति) ਖਾਂਦੇ ਹਨ ॥੧॥ ਰਹਾਉ ॥
ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥
The slaves of the Lord are our Holy companions. Meeting with them, doubt is taken away.
ਪਰਮਾਤਮਾ ਦੇ ਭਗਤ-ਜਨ (ਐਸੇ) ਸਾਧ-ਮਿੱਤਰ (ਹਨ), ਜਿਨ੍ਹਾਂ ਦੇ ਮਿਲਿਆਂ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ। ਸਖਾ = ਮਿੱਤਰ। ਭਰਾਂਤਿ = ਭਟਕਣਾ।
ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥੨॥
As the swan separates the milk from the water, the Holy Saint removes the fire of egotism from the body. ||2||
ਜਿਵੇਂ ਹੰਸ ਪਾਣੀ ਤੇ ਦੁੱਧ ਨੂੰ (ਆਪਣੀ ਚੁੰਝ ਨਾਲ) ਚੁਣ ਕੇ ਵੱਖ-ਵੱਖ ਕਰ ਦੇਂਦਾ ਹੈ, ਤਿਵੇਂ ਸਾਧੂ-ਮਨੁੱਖ ਸਰੀਰ ਵਿਚੋਂ ਹਉਮੈ ਈਰਖਾ ਨੂੰ ਚੁਣ ਕੇ ਬਾਹਰ ਕੱਢ ਦੇਂਦਾ ਹੈ ॥੨॥ ਭਿੰਨ = ਵੱਖਰਾ। ਚੁਣਿ = ਚੁਣ ਕੇ। ਹੰਸੁਲਾ = ਹੰਸ। ਦੇਹੀ ਤੇ = ਸਰੀਰ ਤੋਂ, ਸਰੀਰ ਵਿਚੋਂ। ਤਾਤਿ = ਈਰਖਾ ॥੨॥
ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥
Those who do not love the Lord in their hearts are deceitful; they continually practice deception.
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਨਹੀਂ (ਵੱਸਦਾ), ਉਹ ਮਨੁੱਖ ਪਖੰਡੀ ਬਣ ਜਾਂਦੇ ਹਨ, ਉਹ (ਮਾਇਆ ਆਦਿਕ ਦੀ ਖ਼ਾਤਰ) ਸਦਾ (ਦੂਜਿਆਂ ਨਾਲ) ਠੱਗੀ ਕਰਦੇ ਹਨ। ਜਿਨ ਕੈ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਕਪਟੀ = ਪਖੰਡੀ।
ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਤਿ ॥੩॥
What can anyone give them to eat? Whatever they themselves plant, they must eat. ||3||
ਉਹਨਾਂ ਨੂੰ ਹੋਰ ਕੋਈ ਮਨੁੱਖ (ਆਤਮਕ ਜੀਵਨ ਦੀ ਖ਼ੁਰਾਕ) ਨਾਹ ਦੇ ਸਕਦਾ ਹੈ ਨਾਹ ਖਵਾ ਸਕਦਾ ਹੈ, ਉਹ ਬੰਦੇ (ਠੱਗੀ ਦਾ ਬੀ) ਆਪ ਬੀਜ ਕੇ ਆਪ ਹੀ (ਉਸ ਦਾ ਫਲ ਸਦਾ) ਖਾਂਦੇ ਹਨ ॥੩॥ ਦੇਇ = ਦੇਵੇ। ਓਇ = ਉਹ ਬੰਦੇ (ਲਫ਼ਜ਼ 'ਓਹ' ਤੋਂ ਬਹੁ-ਵਚਨ)। ਬੀਜਿ = ਬੀਜ ਕੇ ॥੩॥
ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥
This is the Quality of the Lord, and of the Lord's humble servants as well; the Lord places His Own Essence within them.
(ਉੱਚੇ ਆਤਮਕ ਜੀਵਨ ਦਾ ਜਿਹੜਾ) ਲੱਛਣ ਪਰਮਾਤਮਾ ਦਾ ਹੁੰਦਾ ਹੈ (ਸਿਮਰਨ ਦੀ ਬਰਕਤਿ ਨਾਲ) ਉਹੀ ਲੱਛਣ ਪਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਵਿਚ ਟਿਕਾਈ ਰੱਖਦਾ ਹੈ। ਚਿਹਨੁ = ਲੱਛਣ। ਆਪੇ = ਆਪ ਹੀ। ਆਪੁ = ਆਪਣਾ ਆਪ।
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
Blessed, blessed, is Guru Nanak, who looks impartially on all; He crosses over and transcends both slander and praise. ||4||5||
ਸਭ ਜੀਵਾਂ ਵਿਚ ਇਕੋ ਹਰੀ ਦੀ ਜੋਤਿ ਵੇਖਣ ਵਾਲਾ ਗੁਰੂ ਨਾਨਕ (ਹਰ ਵੇਲੇ) ਸਲਾਹੁਣ-ਜੋਗ ਹੈ, ਜਿਸ ਨੇ ਆਪ ਨਿੰਦਾ ਤੇ ਖ਼ੁਸ਼ਾਮਦ (ਦੀ ਨਦੀ) ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਵਿਚੋਂ ਪਾਰ ਲੰਘਾ ਦੇਂਦਾ ਹੈ ॥੪॥੫॥ ਧਨੁ ਧੰਨੁ = ਸਲਾਹੁਣ-ਯੋਗ। ਸਮ ਦਰਸੀ = ਸਭ ਜੀਵਾਂ ਵਿਚ ਇਕੋ ਜੋਤਿ ਵੇਖਣ ਵਾਲਾ। ਸਮ = ਬਰਾਬਰ, ਇਕੋ ਜਿਹਾ। ਜਿਨਿ = ਜਿਸ (ਗੁਰੂ) ਨੇ। ਤਰਾਂਤਿ = ਪਾਰ ਲੰਘਾਂਦਾ ਹੈ ॥੪॥੫॥