ਮਲਾਰ ਮਹਲਾ ੪ ॥
Malaar, Fourth Mehl:
ਮਲਾਰ ਚੌਥੀ ਪਾਤਿਸ਼ਾਹੀ।
ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥
The Name of the Lord is inaccessible, unfathomable, exalted and sublime. It is chanted by the Lord's Grace.
ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ (ਕਰਨ ਵਾਲਾ) ਹੈ। (ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਜਪਿਆ ਹੈ, ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਊਤਮੁ = ਉੱਚਾ (ਜੀਵਨ ਬਣਾਣ ਵਾਲਾ)। ਤੇ = ਤੋਂ, ਦੀ ਰਾਹੀਂ।
ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥
By great good fortune, I have found the True Congregation, and in the Company of the Holy, I am carried across. ||1||
(ਜਿਸ ਮਨੁੱਖ ਨੇ) ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਉਹ ਗੁਰੂ ਦੀ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹੈ ॥੧॥ ਸਾਧ = ਗੁਰੂ। ਪਾਈ = ਹਾਸਲ ਕੀਤੀ। ਵਡਭਾਗੀ = ਵੱਡੇ ਭਾਗਾਂ ਨਾਲ। ਸੰਗਿ ਸਾਧੂ = ਗੁਰੂ ਦੀ ਸੰਗਤ ਵਿਚ ॥੧॥
ਮੇਰੈ ਮਨਿ ਅਨਦਿਨੁ ਅਨਦੁ ਭਇਆ ॥
My mind is in ecstasy, night and day.
(ਹੁਣ) ਮੇਰੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ। ਮੇਰੈ ਮਨਿ = ਮੇਰੇ ਮਨ ਵਿਚ। ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ।
ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥
By Guru's Grace, I chant the Name of the Lord. Doubt and fear are gone from my mind. ||1||Pause||
(ਜਦੋਂ ਤੋਂ) ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਮੇਰੇ ਮਨ ਦਾ ਹਰੇਕ ਭਰਮ ਅਤੇ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥ ਪਰਸਾਦਿ = ਕਿਰਪਾ ਨਾਲ ॥੧॥ ਰਹਾਉ ॥
ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ ॥
Those who chant and meditate on the Lord - O Lord, in Your Mercy, please unite me with them.
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹੇ ਹਰੀ! ਮਿਹਰ ਕਰ ਕੇ (ਮੈਨੂੰ ਭੀ) ਉਹਨਾਂ ਦੀ ਸੰਗਤ ਮਿਲਾ। ਹਰਿ = ਹੇ ਹਰੀ! ਕਰਿ = ਕਰ ਕੇ। ਮਇਆ = ਦਇਆ।
ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥
Gazing upon them, I am at peace; the pain and disease of egotism are gone. ||2||
ਉਹਨਾਂ ਦਾ ਦਰਸਨ ਕਰ ਕੇ ਆਤਮਕ ਆਨੰਦ ਮਿਲਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਹਉਮੈ ਦਾ ਰੋਗ ਮਿਟ ਜਾਂਦਾ ਹੈ ॥੨॥ ਦੇਖਿ = ਵੇਖ ਕੇ ॥੨॥
ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥
Those who meditate on the Naam, the Name of the Lord in their hearts - their lives become totally fruitful.
ਜਿਹੜੇ ਮਨੁੱਖ ਹਰ ਵੇਲੇ (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ)। ਸਫਲੁ = ਕਾਮਯਾਬ।
ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥
They themselves swim across, and carry the world across with them. Their ancestors and family cross over as well. ||3||
ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਸਾਰੀ ਸ੍ਰਿਸ਼ਟੀ ਨੂੰ (ਭੀ) ਪਾਰ ਲੰਘਾ ਲੈਂਦੇ ਹਨ, (ਉਹਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦਾ) ਸਾਰਾ ਖ਼ਾਨਦਾਨ ਭੀ ਪਾਰ ਲੰਘ ਜਾਂਦਾ ਹੈ ॥੩॥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ) ਉਹ ਬੰਦੇ ॥੩॥
ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ ॥
You Yourself created the whole world, and You Yourself keep it under Your control.
ਹੇ ਪ੍ਰਭੂ! ਤੂੰ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ, ਤੂੰ ਆਪ ਹੀ ਇਸ ਨੂੰ ਆਪਣੇ ਵੱਸ ਵਿਚ ਰੱਖਿਆ ਹੈ (ਤੇ ਇਸ ਨੂੰ ਡੁੱਬਣੋਂ ਬਚਾਂਦਾ ਹੈਂ)। ਆਪੇ = ਆਪ ਹੀ। ਸਭੁ ਜਗੁ = ਸਾਰਾ ਜਗਤ। ਵਸਿ = ਵੱਸ ਵਿਚ।
ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥
God has showered His Mercy on servant Nanak; He has lifted him up, and rescued him from the ocean of poison. ||4||6||
ਹੇ ਨਾਨਕ! ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ॥੪॥੬॥ ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲਾ (ਮਾਇਆ ਦੇ ਮੋਹ ਦਾ) ਜ਼ਹਰ ॥੪॥੬॥