ਮਲਾਰ ਮਹਲਾ

Malaar, Fourth Mehl:

ਮਲਾਰ ਚੌਥੀ ਪਾਤਿਸ਼ਾਹੀ।

ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਜਾਈ

Those who do not drink in the Ambrosial Nectar by Guru's Grace - their thirst and hunger are not relieved.

(ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਨ ਜਾਈ = ਦੂਰ ਨਹੀਂ ਹੁੰਦੇ।

ਮਨਮੁਖ ਮੂੜੑ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ

The foolish self-willed manmukh burns in the fire of egotistical pride; he suffers painfully in egotism.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਹੰਕਾਰੀ = ਅਹੰਕਾਰਿ, ਅਹੰਕਾਰ ਵਿਚ।

ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ

Coming and going, he wastes his life uselessly; afflicted with pain, he regrets and repents.

ਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ। ਆਵਤ ਜਾਤ = ਆਉਂਦਿਆਂ ਜਾਂਦਿਆਂ, ਜਨਮ ਮਰਨ ਦੇ ਗੇੜ ਵਿਚ ਪਿਆਂ।

ਜਿਸ ਤੇ ਉਪਜੇ ਤਿਸਹਿ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

He does not even think of the One, from whom he originated. Cursed is his life, and cursed is his food. ||1||

(ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ ॥੧॥ ਜਿਸ ਤੇ = ਜਿਸ (ਪਰਮਾਤਮਾ) ਤੋਂ (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਚੇਤਹਿ = ਯਾਦ ਕਰਦੇ (ਬਹੁ-ਵਚਨ)। ਧ੍ਰਿਗੁ = ਫਿਟਕਾਰ-ਯੋਗ ॥੧॥

ਪ੍ਰਾਣੀ ਗੁਰਮੁਖਿ ਨਾਮੁ ਧਿਆਈ

O mortal, as Gurmukh, meditate on the Naam, the Name of the Lord.

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪ੍ਰਾਣੀ = ਹੇ ਪ੍ਰਾਣੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ

The Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1||Pause||

ਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ ਨਾਮਿ = ਨਾਮ ਵਿਚ ॥੧॥ ਰਹਾਉ ॥

ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ

The life of the self-willed manmukh is useless; he comes and goes in shame.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ। ਬਿਰਥਾ = ਵਿਅਰਥ, ਨਿਸਫਲ। ਲਜਾਈ = ਲੱਜਾ-ਵਾਨ, ਸ਼ਰਮਿੰਦੇ।

ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ

In sexual desire and anger, the proud ones are drowned. They are burnt in their egotism.

ਉਹ ਮਨੁੱਖ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ। ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ। ਕਾਮਿ = ਕਾਮ ਵਿਚ। ਜਲਿ ਜਾਈ = ਸੜ ਜਾਂਦਾ ਹੈ।

ਤਿਨ ਸਿਧਿ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ

They do not attain perfection or understanding; their intellect is dimmed. Tossed by the waves of greed, they suffer in pain.

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮੱਤ ਨੀਵੀਂ ਹੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ। ਸਿਧਿ = ਸਫਲਤਾ। ਮਧਿਮ = ਹੌਲੀ, ਨੀਵੀਂ।

ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥

Without the Guru, they suffer in terrible pain. Seized by Death, they weep and wail. ||2||

ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ॥੨॥ ਬਿਲਲਾਈ = ਵਿਲਕਦਾ ਹੈ ॥੨॥

ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ

As Gurmukh, I have attained the Unfathomable Name of the Lord, with intuitive peace and poise.

ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ (ਟਿੱਕ ਕੇ)।

ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ

The treasure of the Naam abides deep within my heart. My tongue sings the Glorious Praises of the Lord.

ਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਨਿਧਾਨੁ = ਖ਼ਜ਼ਾਨਾ। ਘਟ ਅੰਤਰਿ = ਹਿਰਦੇ ਵਿਚ। ਰਸਨਾ = ਜੀਭ ਨਾਲ। ਗਾਈ = ਗਾਂਦਾ ਹੈ।

ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ

I am forever in bliss, day and night, lovingly attuned to the One Word of the Shabad.

ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ। ਅਨੰਦਿ = ਆਨੰਦ ਵਿਚ। ਸਬਦਿ = ਸ਼ਬਦ ਵਿਚ। ਲਿਵ ਲਾਈ = ਲਿਵ ਲਾਇ, ਸੁਰਤ ਜੋੜ ਕੇ।

ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥

I have obtained the treasure of the Naam with intuitive ease; this is the glorious greatness of the True Guru. ||3||

ਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ। ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ ॥੩॥ ਨਾਮੁ ਪਦਾਰਥੁ = ਕੀਮਤੀ ਨਾਮ। ਵਡਿਆਈ = ਵਡੱਪਣ, ਬਰਕਤਿ ॥੩॥

ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ

Through the True Guru, the Lord, Har, Har, comes to dwell within my mind. I am forever a sacrifice to the True Guru.

ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ। ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ

I have dedicated my mind and body to Him, and placed everything before Him in offering. I focus my consciousness on His Feet.

ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ। ਅਰਪਿ = ਭੇਟਾ ਕਰ ਕੇ। ਰਖਉ = ਰਖਉਂ, ਮੈਂ ਰੱਖਦਾ ਹਾਂ। ਲਾਈ = ਲਾਈਂ, ਮੈਂ ਲਾਂਦਾ ਹਾਂ।

ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ

Please be merciful to me, O my Perfect Guru, and unite me with Yourself.

ਹੇ ਨਾਨਕ! ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ। ਗੁਰ = ਹੇ ਗੁਰੂ! ਆਪੇ = ਆਪ ਹੀ।

ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥

I am just iron; the Guru is the boat, to carry me across. ||4||7||

ਅਸੀਂ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੪॥੭॥ ਲੋਹ = ਲੋਹਾ। ਨਾਵ = ਬੇੜੀ। ਬੋਹਿਥਾ = ਜਹਾਜ਼ ॥੪॥੭॥