ਕਿਉ ਲੀਜੈ ਗਢੁ ਬੰਕਾ ਭਾਈ

How can the beautiful fortress be conquered, O Siblings of Destiny?

ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ। ਕਿਉ ਲੀਜੈ = ਕਿਵੇਂ ਜਿੱਤਿਆ ਜਾਏ? ਕਾਬੂ ਕਰਨਾ ਬੜਾ ਔਖਾ ਹੈ। ਗਢੁ = ਕਿਲ੍ਹਾ। ਬੰਕਾ = ਪੱਕਾ। ਭਾਈ = ਹੇ ਭਾਈ!

ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ

It has double walls and triple moats. ||1||Pause||

ਇਸ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ ॥੧॥ ਰਹਾਉ ॥ ਦੋਵਰ ਕੋਟ = ਦ੍ਵੈਤ ਦੀ ਦੋਹਰੀ ਕੰਧ (ਫ਼ਸੀਲ)। ਤੇਵਰ ਖਾਈ = ਤਿੰਨ ਗੁਣਾਂ ਦੀ ਤੇਹਰੀ ਖਾਈ। ਖਾਈ = ਡੂੰਘੀ ਤੇ ਚੌੜੀ ਖ਼ਾਲੀ ਥਾਂ ਜੋ ਕਿਲ੍ਹੇ ਦੀ ਹਿਫ਼ਾਜ਼ਤ ਵਾਸਤੇ ਹੁੰਦੀ ਹੈ, ਤੇ ਪਾਣੀ ਨਾਲ ਭਰੀ ਰਹਿੰਦੀ ਹੈ ॥੧॥ ਰਹਾਉ ॥

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ

It is defended by the five elements, the twenty-five categories, attachment, pride, jealousy and the awesomely powerful Maya.

ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)। ਪਾਂਚ = ਪੰਜ (ਕਾਮਾਦਿਕ)। ਪਚੀਸ = ਸਾਂਖ ਮਤ ਦੇ ਮਿਥੇ ੨੫ ਤੱਤ। ਮਦ = ਅਹੰਕਾਰ ਦਾ ਨਸ਼ਾ। ਮਤਸਰ = ਈਰਖਾ। ਆਡੀ = ਆੜ, ਛਹੀ, ਜਿਸ ਦਾ ਆਸਰਾ ਲੈ ਕੇ ਫ਼ੌਜਾਂ ਲੜਦੀਆਂ ਹਨ।

ਜਨ ਗਰੀਬ ਕੋ ਜੋਰੁ ਪਹੁਚੈ ਕਹਾ ਕਰਉ ਰਘੁਰਾਇਆ ॥੧॥

The poor mortal being does not have the strength to conquer it; what should I do now, O Lord? ||1||

ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ) ਮੈਂ ਕੀਹ ਕਰਾਂ? ॥੧॥

ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ

Sexual desire is the window, pain and pleasure are the gate-keepers, virtue and sin are the gates.

ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ, ਕਿਵਾਰੀ = ਕਿਵਾੜ ਦਾ ਰਾਖਾ, ਕਿਵਾੜ ਖੌਲ੍ਹਣ ਵਾਲਾ। ਦਰਵਾਨੀ = ਪਹਿਰੇਦਾਰ।

ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥

Anger is the great supreme commander, full of argument and strife, and the mind is the rebel king there. ||2||

ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ॥੨॥ ਦੁੰਦਰ = ਲੜਾਕਾ। ਤਹ = ਉਸ ਕਿਲ੍ਹੇ ਵਿਚ। ਮਾਵਾਸੀ = ਆਕੀ ॥੨॥

ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ

Their armor is the pleasure of tastes and flavors, their helmets are worldly attachments; they take aim with their bows of corrupt intellect.

(ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ, ਸਨਾਹ = ਜ਼ਿਰਹ-ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਪੁਸ਼ਾਕ ਜੋ ਜੰਗ ਸਮੇ ਪਹਿਨੀਦੀ ਹੈ। ਮਮਤਾ = ਅਪਣੱਤ। ਕੁਬੁਧਿ = ਖੋਟੀ ਮੱਤ। ਚਢਾਈ = ਤਾਣੀ ਹੋਈ ਹੈ।

ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਜਾਈ ॥੩॥

The greed that fills their hearts is the arrow; with these things, their fortress is impregnable. ||3||

ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ॥੩॥ ਤਿਸਨਾ = ਤ੍ਰਿਸ਼ਨਾ, ਲਾਲਚ। ਘਟ ਭੀਤਰਿ = ਹਿਰਦੇ ਵਿਚ ॥੩॥

ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ

But I have made divine love the fuse, and deep meditation the bomb; I have launched the rocket of spiritual wisdom.

(ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ,

ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥

The fire of God is lit by intuition, and with one shot, the fortress is taken. ||4||

ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ॥੪॥ ਬ੍ਰਹਮ ਅਗਨਿ = ਰੱਬੀ-ਜੋਤ। ਸਹਜੇ = ਸਹਿਜ ਅਵਸਥਾ ਵਿਚ (ਅੱਪੜ ਕੇ)। ਪਰਜਾਲੀ = ਚੰਗੀ ਤਰ੍ਹਾਂ ਬਾਲੀ ॥੪॥

ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ

Taking truth and contentment with me, I begin the battle and storm both the gates.

ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ, ਦੁਇ = ਦੋਵੇਂ।

ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥

In the Saadh Sangat, the Company of the Holy, and by Guru's Grace, I have captured the king of the fortress. ||5||

ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ॥੫॥

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ

With the army of God's devotees, and Shakti, the power of meditation, I have snapped the noose of the fear of death.

ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ। ਭਗਵਤ ਭੀਰਿ = ਭਗਵਾਨ ਦਾ ਸਿਮਰਨ ਕਰਨ ਵਾਲਿਆਂ ਦੀ ਭੀੜ, ਸਾਧ-ਸੰਗਤ। ਸਕਤਿ = ਤਾਕਤ।

ਦਾਸੁ ਕਮੀਰੁ ਚੜੑਿਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥

Slave Kabeer has climbed to the top of the fortress; I have obtained the eternal, imperishable domain. ||6||9||17||

ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ ॥੬॥੯॥੧੭॥ ਅਬਨਾਸੀ = ਨਾਹ ਨਾਸ ਹੋਣ ਵਾਲਾ ॥੬॥੯॥੧੭॥