ਬਸੰਤੁ ਮਹਲਾ ਤੀਜਾ

Basant, Third Mehl:

ਬਸੰਤ ਤੀਜੀ ਪਾਤਿਸ਼ਾਹੀ।

ਬਸਤ੍ਰ ਉਤਾਰਿ ਦਿਗੰਬਰੁ ਹੋਗੁ

A person may take off his clothes and be naked.

ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ ਉੱਦਮ ਹੈ)। ਉਤਾਰਿ = ਉਤਾਰ ਕੇ, ਲਾਹ ਕੇ। ਦਿਗੰਬਰੁ = ਨਾਂਗਾ ਸਾਧੂ {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ। ਦਿਗੰਬਰੁ = ਉਹ ਜਿਸ ਨੇ ਦਿਸ਼ਾ ਨੂੰ ਆਪਣਾ ਕੱਪੜਾ ਬਣਾਇਆ ਹੈ, ਨੰਗਾ}। ਹੋਗੁ = (ਜੇ) ਹੋ ਜਾਇਗਾ।

ਜਟਾਧਾਰਿ ਕਿਆ ਕਮਾਵੈ ਜੋਗੁ

What Yoga does he practice by having matted and tangled hair?

ਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ। (ਪਰਮਾਤਮਾ ਨਾਲ ਜੋਗ (ਮੇਲ) ਨਹੀਂ ਹੋ ਸਕੇਗਾ)। ਧਾਰਿ = ਧਾਰ ਕੇ। ਕਿਆ = ਕੇਹੜਾ?

ਮਨੁ ਨਿਰਮਲੁ ਨਹੀ ਦਸਵੈ ਦੁਆਰ

If the mind is not pure, what use is it to hold the breath at the Tenth Gate?

ਦਸਵੇਂ ਦੁਆਰ ਵਿਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ। ਦਸਵੈ ਦੁਆਰ = ਪ੍ਰਾਣ ਦਸਵੇਂ ਦੁਆਰ ਚੜ੍ਹਾਇਆਂ, ਪ੍ਰਾਣਾਯਾਮ ਕੀਤਿਆਂ।

ਭ੍ਰਮਿ ਭ੍ਰਮਿ ਆਵੈ ਮੂੜੑਾ ਵਾਰੋ ਵਾਰ ॥੧॥

The fool wanders and wanders, entering the cycle of reincarnation again and again. ||1||

(ਅਜੇਹੇ ਸਾਧਨਾਂ ਵਿਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ ॥੧॥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਮੂੜਾ = ਮੂਰਖ। ਵਾਰੋ ਵਾਰ = ਮੁੜ ਮੁੜ ॥੧॥

ਏਕੁ ਧਿਆਵਹੁ ਮੂੜੑ ਮਨਾ

Meditate on the One Lord, O my foolish mind,

ਹੇ ਮੂਰਖ ਮਨ! ਇਕ ਪਰਮਾਤਮਾ ਨੂੰ ਸਿਮਰ। ਏਕੁ = ਇਕ ਪ੍ਰਭੂ ਨੂੰ।

ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ

and you shall cross over to the other side in an instant. ||1||Pause||

(ਸਿਮਰਨ ਦੀ ਬਰਕਤਿ ਨਾਲ) ਇਕ ਪਲ ਵਿਚ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੧॥ ਰਹਾਉ ॥ ਇਕ ਖਿਨਾਂ = ਇਕ ਪਲ ਵਿਚ ॥੧॥ ਰਹਾਉ ॥

ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ

Some recite and expound on the Simritees and the Shaastras;

(ਪੰਡਿਤ ਲੋਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਹੋਰਨਾਂ ਨੂੰ ਪੜ੍ਹ ਪੜ੍ਹ ਕੇ) ਸੁਣਾਂਦੇ ਹਨ, ਕਰਹਿ = (ਜੋ ਮਨੁੱਖ) ਕਰਦੇ ਹਨ।

ਨਾਦੀ ਬੇਦੀ ਪੜੑਹਿ ਪੁਰਾਣ

some sing the Vedas and read the Puraanas;

ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਕੋਈ ਪੁਰਾਣ ਪੜ੍ਹਦੇ ਹਨ, ਨਾਦੀ = ਨਾਦ ਵਜਾਣ ਵਾਲੇ ਜੋਗੀ। ਬੇਦੀ = ਬੇਦ ਪੜ੍ਹਨ ਵਾਲੇ ਪੰਡਿਤ।

ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ

but they practice hypocrisy and deception with their eyes and minds.

ਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਨ ਵਿਚ ਉਹ ਖੋਟ ਕਮਾਂਦੇ ਹਨ। ਦ੍ਰਿਸਟਿ = ਨਿਗਾਹ, ਨਜ਼ਰ। ਮਨਿ = ਮਨ ਵਿਚ। ਕਮਾਹਿ = ਜੋ ਕਮਾਂਦੇ ਹਨ।

ਤਿਨ ਕੈ ਰਮਈਆ ਨੇੜਿ ਨਾਹਿ ॥੨॥

The Lord does not even come near them. ||2||

ਪਰਮਾਤਮਾ ਅਜੇਹੇ ਬੰਦਿਆਂ ਦੇ ਨੇੜੇ ਨਹੀਂ (ਢੁਕਦਾ) ॥੨॥

ਜੇ ਕੋ ਐਸਾ ਸੰਜਮੀ ਹੋਇ

Even if someone practices such self-discipline,

ਜੇ ਕੋਈ ਅਜੇਹਾ ਬੰਦਾ ਭੀ ਹੋਵੇ ਜੋ ਆਪਣੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦਾ ਹੋਵੇ, ਸੰਜਮੀ = ਸੰਜਮ ਰੱਖਣ ਵਾਲਾ, ਇੰਦ੍ਰਿਆਂ ਨੂੰ ਕਾਬੂ ਕਰਨ ਦਾ ਜਤਨ ਕਰਨ ਵਾਲਾ।

ਕ੍ਰਿਆ ਵਿਸੇਖ ਪੂਜਾ ਕਰੇਇ

compassion and devotional worship

ਕਿਸੇ ਉਚੇਚੀ ਕਿਸਮ ਦੀ ਕ੍ਰਿਆ ਕਰਦਾ ਹੋਵੇ, ਦੇਵ-ਪੂਜਾ ਭੀ ਕਰੇ, ਵਿਸੇਖ = ਵਿਸ਼ੇਸ਼, ਉਚੇਚੀ। ਕਰੇਇ = (ਜੋ ਮਨੁੱਖ) ਕਰਦਾ ਹੈ।

ਅੰਤਰਿ ਲੋਭੁ ਮਨੁ ਬਿਖਿਆ ਮਾਹਿ

- if he is filled with greed, and his mind is engrossed in corruption,

ਪਰ ਜੇ ਉਸ ਦੇ ਅੰਦਰ ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੋਹ ਵਿਚ ਹੀ ਫਸਿਆ ਪਿਆ ਹੈ, ਅੰਤਰਿ = ਅੰਦਰ, ਮਨ ਦੇ ਅੰਦਰ। ਬਿਖਿਆ = ਮਾਇਆ।

ਓਇ ਨਿਰੰਜਨੁ ਕੈਸੇ ਪਾਹਿ ॥੩॥

how can he find the Immaculate Lord? ||3||

ਤਾਂ ਅਜੇਹੇ ਬੰਦੇ ਭੀ ਮਾਇਆ ਤੋਂ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ॥੩॥ ਓਇ = ਅਜੇਹੇ ਬੰਦੇ। ਪਾਹਿ = ਪ੍ਰਾਪਤ ਕਰਨ ॥੩॥

ਕੀਤਾ ਹੋਆ ਕਰੇ ਕਿਆ ਹੋਇ

What can the created being do?

(ਪਰ ਜੀਵਾਂ ਦੇ ਭੀ ਕੀਹ ਵੱਸ?) ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਜੀਵ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ। ਕੀਤਾ ਹੋਆ = ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਕਰੇ ਕਿਆ ਹੋਇ = ਜੀਵ ਦੇ ਕੀਤਿਆਂ ਕੀਹ ਹੋ ਸਕਦਾ ਹੈ?

ਜਿਸ ਨੋ ਆਪਿ ਚਲਾਏ ਸੋਇ

The Lord Himself moves him.

ਜਿਸ ਜੀਵ ਨੂੰ ਜਿਵੇਂ ਪਰਮਾਤਮਾ ਜੀਵਨ ਪੰਧ ਉੱਤੇ ਤੋਰਿਆ ਚਾਹੁੰਦਾ ਹੈ, (ਉਹ ਜੀਵ ਉਹੀ ਰਸਤਾ ਅਖ਼ਤਿਆਰ ਕਰਦਾ ਹੈ)। ਜਿਸ ਨੋ = ਜਿਸ ਜੀਵ ਨੂੰ। ਸੋਇ = ਉਹ ਪਰਮਾਤਮਾ।

ਨਦਰਿ ਕਰੇ ਤਾਂ ਭਰਮੁ ਚੁਕਾਏ

If the Lord casts His Glance of Grace, then his doubts are dispelled.

ਜਦੋਂ ਪ੍ਰਭੂ ਆਪ (ਕਿਸੇ ਜੀਵ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਸ ਦੀ ਭਟਕਣਾ ਦੂਰ ਕਰਦਾ ਹੈ। ਨਦਰਿ = ਮੇਹਰ ਦੀ ਨਿਗਾਹ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ।

ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥

If the mortal realizes the Hukam of the Lord's Command, he obtains the True Lord. ||4||

(ਪ੍ਰਭੂ ਦੀ ਮੇਹਰ ਨਾਲ ਹੀ ਜਦੋਂ ਜੀਵ) ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਉਸ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥ ਹੁਕਮੈ = ਪਰਮਾਤਮਾ ਦੇ ਹੁਕਮ ਨੂੰ ॥੪॥

ਜਿਸੁ ਜੀਉ ਅੰਤਰੁ ਮੈਲਾ ਹੋਇ

If someone's soul is polluted within,

ਜਿਸ ਮਨੁੱਖ ਦਾ ਅੰਦਰਲਾ ਆਤਮਾ (ਵਿਕਾਰਾਂ ਨਾਲ) ਮੈਲਾ ਹੋ ਜਾਂਦਾ ਹੈ, ਅੰਤਰੁ = ਅੰਦਰਲਾ {ਬੰਦ ਨੰ: ੩ ਵਿਚ ਲਫ਼ਜ਼ 'ਅੰਤਰਿ' ਸੰਬੰਧਕ ਹੈ। ਦੋਹਾਂ ਲਫ਼ਜ਼ਾਂ ਦਾ ਜੋੜ ਵੇਖੋ। ਲਫ਼ਜ਼ 'ਅੰਤਰੁ' ਵਿਸ਼ੇਸ਼ਣ ਹੈ ਲਫ਼ਜ਼ 'ਜੀਉ' ਦਾ}।

ਤੀਰਥ ਭਵੈ ਦਿਸੰਤਰ ਲੋਇ

what is the use of his traveling to sacred shrines of pilgrimage all over the world?

ਉਹ ਜੇ ਤੀਰਥਾਂ ਉਤੇ ਭੀ ਜਾਂਦਾ ਹੈ ਜੇ ਉਹ ਜਗਤ ਵਿਚ ਹੋਰ ਹੋਰ ਦੇਸਾਂ ਵਿਚ ਭੀ (ਵਿਰਕਤ ਰਹਿਣ ਲਈ) ਤੁਰਿਆ ਫਿਰਦਾ ਹੈ (ਤਾਂ ਭੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ)। ਦਿਸੰਤਰ = ਦੇਸ ਅੰਤਰ, ਹੋਰ ਹੋਰ ਦੇਸਾਂ ਵਿਚ। ਲੋਇ = ਲੋਕ ਵਿਚ, ਜਗਤ ਵਿਚ।

ਨਾਨਕ ਮਿਲੀਐ ਸਤਿਗੁਰ ਸੰਗ

O Nanak, when one joins the Society of the True Guru,

ਹੇ ਨਾਨਕ! ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ,

ਤਉ ਭਵਜਲ ਕੇ ਤੂਟਸਿ ਬੰਧ ॥੫॥੪॥

then the bonds of the terrifying world-ocean are broken. ||5||4||

ਤਦੋਂ ਹੀ ਸੰਸਾਰ-ਸਮੁੰਦਰ ਵਾਲੇ ਬੰਧਨ ਟੁੱਟਦੇ ਹਨ ॥੫॥੪॥ ਤਉ = ਤਦੋਂ। ਬੰਧ = ਬੰਧਨ ॥੫॥੪॥