ਬਸੰਤੁ ਮਹਲਾ ੧ ॥
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
ਸੁਇਨੇ ਕਾ ਚਉਕਾ ਕੰਚਨ ਕੁਆਰ ॥
The kitchen is golden, and the cooking pots are golden.
(ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ), ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ), ਚਉਕਾ = ਰਸੋਈ ਤੋਂ ਬਾਹਰ ਖੁਲ੍ਹੇ ਥਾਂ ਰੋਟੀ ਪਕਾਣ ਵਾਸਤੇ ਵਲਿਆ ਹੋਇਆ ਥਾਂ। ਕੰਚਨ = ਸੋਨਾ। ਕੁਆਰ = ਕਰਵੇ, ਗਾਗਰਾਂ।
ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥
The lines marking the cooking square are silver.
(ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ) (ਤੇ ਸੁੱਚ ਵਾਸਤੇ) ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ (ਖਿਲਾਰੇ); ਰੁਪਾ = ਚਾਂਦੀ। ਕਾਰਾ = ਕਾਰਾਂ, ਲਕੀਰਾਂ, ਚੌਕੇ ਦੇ ਦੁਆਲੇ ਹੱਦ-ਬੰਦੀ ਦੀਆਂ ਲਕੀਰਾਂ। ਬਿਸਥਾਰੁ = ਸੁੱਚ ਰੱਖਣ ਵਾਸਤੇ ਅਜੇਹੇ ਹੋਰ ਉੱਦਮਾਂ ਦਾ ਵਿਸਥਾਰ।
ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥
The water is from the Ganges, and the firewood is sanctified.
(ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ), ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ); ਉਦਕ = ਪਾਣੀ। ਕਰੰਤੇ ਕੀ ਆਗਿ {त्रत्र्तु = अग्नि, ਕ੍ਰਤੁ=ਅਗਨਿ। ਕ੍ਰਤੁ = ਜੱਗ} ਜੱਗ ਦੀ ਅੱਗ। ਇਕ ਖ਼ਾਸ ਰੁੱਖ (ਅਰਣੀ) ਦੇ ਦੋ ਡੰਡੇ ਬਣਾ ਕੇ ਇਕ ਡੰਡੇ ਵਿਚ ਛੇਕ ਕਰ ਲੈਂਦੇ ਹਨ, ਉਸ ਵਿਚ ਦੂਜਾ ਡੰਡਾ ਫਸਾ ਕੇ ਉਸ ਨੂੰ ਮਧਾਣੀ ਵਾਂਗ ਰੱਸੀ ਦੇ ਲਪੇਟੇ ਦੇ ਕੇ ਬੜੀ ਤੇਜ਼ੀ ਨਾਲ ਘੁਮਾਂਦੇ ਹਨ। ਇਸ ਤਰ੍ਹਾਂ ਦੋਹਾਂ ਡੰਡਿਆਂ ਦੀ ਰਗੜ ਨਾਲ ਅੱਗ ਪੈਦਾ ਹੁੰਦੀ ਹੈ। ਇਹ ਅੱਗ ਸੁੱਚੀ ਮੰਨੀ ਗਈ ਹੈ। ਜੱਗਾਂ ਵਿਚ ਇਸ ਅੱਗ ਨੂੰ ਵਰਤਣਾ ਚੰਗਾ ਦੱਸਿਆ ਗਿਆ ਹੈ।
ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥
The food is soft rice, cooked in milk. ||1||
ਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ ॥੧॥ ਗਰੁੜਾ = ਰਿੱਝੇ ਹੋਏ ਚਾਵਲ। ਗਾਡਿ = ਮਿਲਾ ਕੇ ॥੧॥
ਰੇ ਮਨ ਲੇਖੈ ਕਬਹੂ ਨ ਪਾਇ ॥
O my mind, these things are worthless,
(ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ। ਲੇਖੈ ਨ ਪਾਇ = ਕਬੂਲ ਨਹੀਂ ਹੋ ਸਕਦਾ।
ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥
if you are not drenched with the True Name. ||1||Pause||
ਜਦੋਂ ਤਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿਚ ਨਹੀਂ ਭਿੱਜਦਾ (ਪ੍ਰੀਤ ਨਹੀਂ ਪਾਂਦਾ, ਉਸ ਦਾ ਕੋਈ ਭੀ ਉੱਦਮ ਪ੍ਰਭੂ ਨੂੰ ਪਸੰਦ ਨਹੀਂ) ॥੧॥ ਰਹਾਉ ॥ ਜਾਮਿ = ਜਦ ਤਕ। ਨਾਇ = ਨਾਮ ਵਿਚ ॥੧॥ ਰਹਾਉ ॥
ਦਸ ਅਠ ਲੀਖੇ ਹੋਵਹਿ ਪਾਸਿ ॥
One may have the eighteen Puraanas written in his own hand;
ਜੇ ਕਿਸੇ ਪੰਡਿਤ ਨੇ ਅਠਾਰਾਂ ਪੁਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ, ਦਸ ਅਠ = ਅਠਾਰਾਂ ਪੁਰਾਣ।
ਚਾਰੇ ਬੇਦ ਮੁਖਾਗਰ ਪਾਠਿ ॥
he may recite the four Vedas by heart,
ਜੇ ਪਾਠ ਵਿਚ ਉਹ ਚਾਰੇ ਵੇਦ ਜ਼ਬਾਨੀ ਪੜ੍ਹੇ, ਮੁਖਾਗਰ = ਮੂੰਹ-ਜ਼ਬਾਨੀ, ਮੂੰਹ ਅੱਗੇ {ਮੁਖ-ਅੱਗ੍ਰ}। ਪਾਠਿ = ਪਾਠ ਵਿਚ।
ਪੁਰਬੀ ਨਾਵੈ ਵਰਨਾਂ ਕੀ ਦਾਤਿ ॥
and take ritual baths at holy festivals and give charitable donations;
ਜੇ ਉਹ ਪਵਿਤ੍ਰ (ਮਿਥੇ) ਦਿਹਾੜਿਆਂ ਤੇ ਤੀਰਥੀਂ ਇਸ਼ਨਾਨ ਕਰੇ, ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਵਖ ਵਖ ਵਰਨਾਂ ਦੇ ਬੰਦਿਆਂ ਨੂੰ ਦਾਨ-ਪੁੰਨ ਕਰੇ, ਪੁਰਬੀ = ਪੁਰਬਾਂ ਦੇ ਮੌਕੇ ਤੇ, ਪਵਿੱਤ੍ਰ ਦਿਹਾੜਿਆਂ ਤੇ। ਵਰਨਾਂ ਕੀ ਦਾਤਿ = ਵਖ ਵਖ ਵਰਨਾਂ ਲਈ ਜੋ ਦਾਨ ਕਰਨਾ ਲਿਖਿਆ ਹੈ ਉਸ ਅਨੁਸਾਰ ਦਾਨ।
ਵਰਤ ਨੇਮ ਕਰੇ ਦਿਨ ਰਾਤਿ ॥੨॥
he may observe the ritual fasts, and perform religious ceremonies day and night. ||2||
ਜੇ ਉਹ ਦਿਨ ਰਾਤ ਵਰਤ ਰੱਖਦਾ ਰਹੇ ਤੇ ਹੋਰ ਨਿਯਮ ਨਿਬਾਹੁੰਦਾ ਰਹੇ (ਤਾਂ ਭੀ ਪ੍ਰਭੂ ਨੂੰ ਇਹ ਕੋਈ ਉੱਦਮ ਪਸੰਦ ਨਹੀਂ) ॥੨॥
ਕਾਜੀ ਮੁਲਾਂ ਹੋਵਹਿ ਸੇਖ ॥
He may be a Qazi, a Mullah or a Shaykh,
ਜੇ ਕੋਈ ਬੰਦੇ ਕਾਜ਼ੀ ਮੁੱਲਾਂ ਸ਼ੇਖ਼ ਬਣ ਜਾਣ,
ਜੋਗੀ ਜੰਗਮ ਭਗਵੇ ਭੇਖ ॥
a Yogi or a wandering hermit wearing saffron-colored robes;
ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਨ ਲੈਣ, ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸਕ।
ਕੋ ਗਿਰਹੀ ਕਰਮਾ ਕੀ ਸੰਧਿ ॥
he may be a householder, working at his job;
ਕੋਈ ਗ੍ਰਿਹਸਤੀ ਬਣ ਕੇ ਪੂਰਾ ਕਰਮ-ਕਾਂਡੀ ਹੋ ਜਾਏ- ਸੰਧਿ = ਮਿਲੌਣੀ। ਕਰਮਾਂ ਕੀ ਸੰਧਿ = ਧਰਮ ਸ਼ਾਸਤ੍ਰਾਂ ਅਨੁਸਾਰ ਦੱਸੇ ਕਰਮ ਕਾਂਡ ਨੂੰ ਕਰਨ ਵਾਲੇ, ਕਰਮ-ਕਾਂਡੀ।
ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥
but without understanding the essence of devotional worship, all people are eventually bound and gagged, and driven along by the Messenger of Death. ||3||
ਇਹਨਾਂ ਵਿਚੋਂ ਹਰੇਕ ਦੋਸੀਆਂ ਵਾਂਗ ਬੰਨ੍ਹ ਕੇ ਅੱਗੇ ਲਾ ਲਿਆ ਜਾਇਗਾ, ਜਦ ਤਕ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ, (ਜਦ ਤਕ ਉਹ ਸੱਚੇ ਨਾਮ ਵਿਚ ਨਹੀਂ ਪਤੀਜਦਾ) ॥੩॥ ਖੜੀਅਸਿ = ਖੜੀ ਜਾਂਦੀ ਹੈ। ਬੰਧਿ = ਬੰਨ੍ਹ ਕੇ ॥੩॥
ਜੇਤੇ ਜੀਅ ਲਿਖੀ ਸਿਰਿ ਕਾਰ ॥
Each person's karma is written on his forehead.
(ਅਸਲ ਗੱਲ ਇਹ ਹੈ ਕਿ) ਜਿਤਨੇ ਭੀ ਜੀਵ ਹਨ ਸਭਨਾਂ ਦੇ ਸਿਰ ਉਤੇ ਪ੍ਰਭੂ ਦਾ ਇਹੀ ਹੁਕਮ-ਰੂਪ ਲੇਖ ਲਿਖਿਆ ਹੋਇਆ ਹੈ, ਸਿਰਿ = ਸਿਰ ਉਤੇ।
ਕਰਣੀ ਉਪਰਿ ਹੋਵਗਿ ਸਾਰ ॥
According to their deeds, they shall be judged.
ਕਿ ਹਰੇਕ ਦੀ ਕਾਮਯਾਬੀ ਦਾ ਫ਼ੈਸਲਾ ਉਸ ਦੇ ਕੀਤੇ ਕਰਮਾਂ ਉਤੇ ਹੀ ਹੋਵੇਗਾ। ਕਰਣੀ ਉਪਰਿ = ਹਰੇਕ ਦੀ ਕਰਣੀ ਅਨੁਸਾਰ, ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ। ਹੋਵਗਿ = ਹੋਵੇਗੀ। ਸਾਰ = ਸੰਭਾਲ, ਫ਼ੈਸਲਾ।
ਹੁਕਮੁ ਕਰਹਿ ਮੂਰਖ ਗਾਵਾਰ ॥
Only the foolish and the ignorant issue commands.
ਜੇਹੜੇ ਬੰਦੇ ਸੁੱਚੇ ਕਰਮ-ਕਾਂਡ ਭੇਖ ਆਦਿਕ ਉਤੇ ਹੀ ਮਾਣ ਕਰਦੇ ਹਨ ਉਹ ਵੱਡੇ ਮੂਰਖ ਹਨ। ਹੁਕਮੁ ਕਰਹਿ = ਜੋ ਮਨੁੱਖ ਹੁਕਮ ਕਰਦੇ ਹਨ, ਹਉਮੈ ਕਰਨ ਵਾਲੇ ਬੰਦੇ।
ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥
O Nanak, the treasure of praise belongs to the True Lord alone. ||4||3||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫ਼ਤਾਂ ਦੇ ਖ਼ਜ਼ਾਨੇ ਭਰੇ ਪਏ ਹਨ (ਉਹਨਾਂ ਵਿਚ ਜੁੜੋ। ਇਹੀ ਹੈ ਪਰਵਾਨ ਹੋਣ ਵਾਲੀ ਕਰਣੀ) ॥੪॥੩॥ ਭੰਡਾਰ = ਖ਼ਜ਼ਾਨੇ ॥੪॥੩॥