ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ

Kabeer, all the strings of the instrument I played are broken.

('ਤਨੁ ਧਨ' ਜਾਣ ਤੇ ਭੀ ਜੇ ਮੇਰਾ ਮਨ 'ਰਾਮਹਿ ਨਾਮਿ' ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ। ਜੰਤੁ = ਯੰਤ੍ਰ, ਵਾਜਾ, ਸਰੀਰ ਦਾ ਮੋਹ, ਦੇਹ-ਅੱਧਿਆਸ। ਟੂਟਿ ਗਈ = ਟੁੱਟ ਗਈਆਂ ਹਨ। ਤਾਰ = (ਮੋਹ ਦੀਆਂ) ਤਾਰਾਂ, ਸਰੀਰਕ ਮੋਹ ਦੀਆਂ ਤਾਰਾਂ।

ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥

What can the poor instrument do, when the player has departed as well. ||103||

(ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥ ਕਿਆ ਕਰੈ = ਕੋਈ ਜ਼ੋਰ ਨਹੀਂ ਪਾ ਸਕਦਾ। ਬਜਾਵਨਹਾਰ = ਵਜਾਣ ਵਾਲਾ, ਜੰਤ੍ਰ (ਢੋਲ, ਵਾਜੇ) ਨੂੰ ਵਜਾਣ ਵਾਲਾ, ਦੇਹ-ਅੱਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ = ਸਰੀਰ ਦਾ ਮੋਹ-ਰੂਪ ਵਾਜਾ ਵਜਾ ਰਿਹਾ ਸੀ ॥੧੦੩॥