ਮਾਰੂ ਮਹਲਾ ੧ ਘਰੁ ੧ ॥
Maaroo, First Mehl, First House:
ਮਾਰੂ ਪਹਿਲੀ ਪਾਤਿਸ਼ਾਹੀ।
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
Actions are the paper, and the mind is the ink; good and bad are both recorded upon it.
ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)। ਕਰਣੀ = ਆਚਰਨ। ਕਾਗਦੁ = ਕਾਗ਼ਜ਼। ਮਸੁ = ਸਿਆਹੀ। ਮਸਵਾਣੀ = ਦਵਾਤ। ਪਏ = ਪੈ ਜਾਂਦੇ ਹਨ, ਲਿਖੇ ਜਾਂਦੇ ਹਨ। ਦੁਇ = ਦੋ ਕਿਸਮ ਦੇ।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥
As their past actions drive them, so are mortals driven. There is no end to Your Glorious Virtues, Lord. ||1||
(ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ ॥੧॥ ਕਿਰਤੁ = ਕੀਤਾ ਹੋਇਆ ਕੰਮ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਵ ਦਾ ਰੂਪ ਧਾਰ ਲੈਂਦਾ ਹੈ)। ਤਉ ਗੁਣ ਅੰਤੁ = ਤੇਰੇ ਗੁਣਾਂ ਦਾ ਅੰਤ। ਹਰੇ = ਹੇ ਹਰੀ! ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ ॥
Why do you not keep Him in your consciousness, you mad man?
ਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਚਿਤ = ਹੇ ਚਿੱਤ! ਚਿਤ ਬਾਵਰਿਆ = ਹੇ ਕਮਲੇ ਚਿੱਤ!
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
Forgetting the Lord, your own virtues shall rot away. ||1||Pause||
ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥ ਬਿਸਰਤ = ਵਿਸਾਰਦਿਆਂ। ਗਲਿਆ = ਗਲ ਰਹੇ ਹਨ, ਘਟ ਰਹੇ ਹਨ ॥੧॥ ਰਹਾਉ ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥
The night is a net, and the day is a net; there are as many traps as there are moments.
(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ। ਰੈਨਿ = ਰਾਤ। ਜੇਤੀ ਘੜੀ = ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ। ਤੇਤੀ = ਉਹ ਸਾਰੀਆਂ।
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥
With relish and delight, you continually bite at the bait; you are trapped, you fool - how will you ever escape? ||2||
ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ! ਇਹਨਾਂ ਵਿਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ? ॥੨॥ ਰਸਿ = ਰਸ ਨਾਲ, ਸੁਆਦ ਨਾਲ। ਚੁਗਹਿ = ਤੂੰ ਚੁਗਦਾ ਹੈਂ। ਫਾਸਹਿ = ਤੂੰ ਫਸਦਾ ਹੈਂ। ਮੂੜੇ = ਹੇ ਮੂਰਖ! ॥੨॥
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥
The body is a furnace, and the mind is the iron within it; the five fires are heating it.
ਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, ਆਰਣੁ = ਭੱਠੀ। ਵਿਚਿ = (ਇਸ ਕਾਇਆ) ਵਿਚ (ਨੋਟ: ਲਫ਼ਜ਼ 'ਵਿਚਿ' ਦਾ ਸੰਬੰਧ ਲਫ਼ਜ਼ 'ਮਨੁ' ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ 'ਮਨੁ' ਦਾ ਜੋੜ 'ਮਨ' ਹੋ ਜਾਂਦਾ)। ਪੰਚ ਅਗਨਿ = ਕਾਮਾਦਿਕ ਪੰਜ ਅੱਗਾਂ। ਤਿਤੁ = ਉਸ ਕਾਇਆਂ-ਭੱਠੀ ਵਿਚ।
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨੑੀ ਚਿੰਤ ਭਈ ॥੩॥
Sin is the charcoal placed upon it, which burns the mind; the tongs are anxiety and worry. ||3||
(ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ) ॥੩॥ ਤਿਸੁ ਊਪਰਿ = ਉਸ ਭੱਠੀ ਉਤੇ। ਚਿੰਤ = ਚਿੰਤਾ ॥੩॥
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥
What was turned to slag is again transformed into gold, if one meets with the Guru.
ਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ। ਮਨੂਰੁ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਤਿਨੇਹਾ = ਉਹੋ ਜਿਹਾ (ਜੋ ਮਨੂਰ ਤੋਂ ਕੰਚਨ ਕਰ ਸਕੇ)।
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥
He blesses the mortal with the Ambrosial Name of the One Lord, and then, O Nanak, the body is held steady. ||4||3||
ਹੇ ਨਾਨਕ! ਉਹ (ਗੁਰੂ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੪॥੩॥ ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਤ੍ਰਿਸਟਸਿ = ਟਿਕ ਜਾਂਦਾ ਹੈ। ਦੇਹਾ = ਸਰੀਰ ॥੪॥੩॥