ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
ਗੁਰਮੁਖਿ ਨਾਦ ਬੇਦ ਬੀਚਾਰੁ ॥
The Gurmukh contemplates the sound current of the Naad instead of the Vedas.
(ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਪਰ) ਹਰਿ-ਨਾਮ ਨੂੰ ਮਨ ਵਿਚ ਵਸਾਣਾ ਹੀ ਗੁਰਮੁਖ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਵਾਸਤੇ ਨਾਦ (ਦਾ ਵਜਾਣਾ ਅਤੇ) ਵੇਦ (ਦਾ ਪਾਠ) ਹੈ। ਬੀਚਾਰੁ = ਬਾਣੀ ਦੀ ਵਿਚਾਰ, ਹਰਿ-ਨਾਮ ਨੂੰ ਮਨ ਵਿਚ ਵਸਾਣਾ। ਨਾਦ = ਜੋਗੀਆਂ ਦਾ ਸਿੰਙੀ ਆਦਿਕ ਵਜਾਣਾ।
ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥
The Gurmukh attains infinite spiritual wisdom and meditation.
ਬੇਅੰਤ ਪ੍ਰਭੂ ਦਾ ਸਿਮਰਨ ਹੀ ਗੁਰਮੁਖ ਲਈ ਗਿਆਨ (-ਚਰਚਾ) ਅਤੇ ਸਮਾਧੀ ਹੈ।
ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥
The Gurmukh acts in harmony with God's Will; the Gurmukh finds perfection. ||1||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਕਾਰ ਕਰਦਾ ਹੈ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ (ਗੁਰਮੁਖ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ)। (ਇਸ ਤਰ੍ਹਾਂ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੧॥ ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ ॥੧॥
ਗੁਰਮੁਖਿ ਮਨੂਆ ਉਲਟਿ ਪਰਾਵੈ ॥
The mind of the Gurmukh turns away from the world.
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ (ਆਪਣੇ) ਮਨ ਨੂੰ (ਮਾਇਆ ਦੇ ਮੋਹ ਵੱਲੋਂ) ਰੋਕ ਰੱਖਦਾ ਹੈ। ਉਲਟਿ = (ਮਾਇਆ ਵਲੋਂ) ਮੋੜ ਕੇ। ਪਰਾਵੈ = ਰੋਕਦਾ ਹੈ।
ਗੁਰਮੁਖਿ ਬਾਣੀ ਨਾਦੁ ਵਜਾਵੈ ॥
The Gurmukh vibrates the Naad, the sound current of the Guru's Bani.
ਉਹ ਗੁਰਬਾਣੀ ਨੂੰ ਹਿਰਦੇ ਵਿਚ ਵਸਾਂਦਾ ਹੈ (ਮਾਨੋ, ਜੋਗੀ ਵਾਂਗ) ਨਾਦ ਵਜਾ ਰਿਹਾ ਹੈ। ਬਾਣੀ = ਗੁਰੂ ਦੀ ਬਾਣੀ। ਵਜਾਵੈ = ਵਜਾਂਦਾ ਹੈ।
ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥
The Gurmukh, attuned to the Truth, remains detached, and dwells in the home of the self deep within. ||2||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, (ਇਸ ਤਰ੍ਹਾਂ) ਮਾਇਆ ਵਲੋਂ ਨਿਰਲੇਪ ਰਹਿ ਕੇ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੨॥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੱਤੇ, ਮਸਤ। ਬੈਰਾਗੀ = ਨਿਰਲੇਪ। ਨਿਜ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ ॥੨॥
ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥
I speak the Ambrosial Teachings of the Guru.
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ, ਸਾਖੀ = ਸਿੱਖਿਆ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਭਾਖੀ = ਉਚਾਰਦਾ ਹੈ।
ਸਚੈ ਸਬਦੇ ਸਚੁ ਸੁਭਾਖੀ ॥
I lovingly chant the Truth, through the True Word of the Shabad.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਸਿਮਰਦਾ ਰਹਿੰਦਾ ਹੈ, ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਸੁਭਾਖੀ = ਪ੍ਰੇਮ ਨਾਲ ਉਚਾਰਦਾ ਹੈ।
ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥
My mind remains forever imbued with the Love of the True Lord. I am immersed in the Truest of the True. ||3||
ਉਸ ਦਾ ਮਮਤਾ ਵਿਚ ਫਸਣ ਵਾਲਾ ਮਨ ਸਦਾ ਹਰਿ-ਨਾਮ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੩॥ ਸਚਿ ਰੰਗਿ = ਸਦਾ-ਥਿਰ ਪ੍ਰੇਮ-ਰੰਗ ਵਿਚ। ਮਨੁ ਮੇਰਾ = 'ਮੇਰਾ ਮੇਰਾ' ਕੂਕਣ ਵਾਲਾ ਮਨ, ਮਮਤਾ ਵਿਚ ਫਸਿਆ ਮਨ। ਸਚੇ ਸਚਿ = ਸਦਾ-ਥਿਰ ਪ੍ਰਭੂ ਵਿਚ ਹੀ ॥੩॥
ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥
Immaculate and pure is the mind of the Gurmukh, who bathes in the Pool of Truth.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹ ਸੰਤੋਖ ਦੇ ਸਰੋਵਰ (ਹਰਿ-ਨਾਮ) ਵਿਚ ਇਸ਼ਨਾਨ ਕਰਦਾ ਹੈ; ਸਤ ਸਰਿ = ਸੰਤੋਖ-ਸਰੋਵਰ ਵਿਚ। ਨਾਵੈ = ਇਸ਼ਨਾਨ ਕਰਦਾ ਹੈ।
ਮੈਲੁ ਨ ਲਾਗੈ ਸਚਿ ਸਮਾਵੈ ॥
No filth attaches to him; he merges in the True Lord.
ਉਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਚੰਬੜਦੀ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।
ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥
He truly practices Truth forever; true devotion is implanted within him. ||4||
ਉਹ ਮਨੁੱਖ ਹਰ ਵੇਲੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਹੀ ਕਮਾਈ ਕਰਦਾ ਹੈ, ਉਹ ਮਨੁੱਖ ਸਦਾ ਨਾਲ ਨਿਭਣ ਵਾਲੀ ਭਗਤੀ (ਆਪਣੇ ਹਿਰਦੇ ਵਿਚ) ਪੱਕੇ ਤੌਰ ਤੇ ਟਿਕਾਈ ਰੱਖਦਾ ਹੈ ॥੪॥ ਸਚੋ ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਸਦ = ਸਦਾ। ਦ੍ਰਿੜਾਇਦਾ = ਹਿਰਦੇ ਵਿਚ ਪੱਕੀ ਕਰ ਲੈਂਦਾ ਹੈ ॥੪॥
ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥
True is the speech of the Gurmukh; true are the eyes of the Gurmukh.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਬਚਨਾਂ ਵਿਚ ਪ੍ਰਭੂ ਵੱਸਦਾ ਹੈ, ਉਸ ਦੀਆਂ ਅੱਖਾਂ ਵਿਚ ਪ੍ਰਭੂ ਵੱਸਦਾ ਹੈ, (ਉਹ ਹਰ ਵੇਲੇ ਨਾਮ ਸਿਮਰਦਾ ਹੈ, ਹਰ ਪਾਸੇ ਪਰਮਾਤਮਾ ਨੂੰ ਹੀ ਵੇਖਦਾ ਹੈ)। ਸਚੁ = ਸਦਾ-ਥਿਰ ਹਰਿ-ਨਾਮ। ਬੈਣੀ = ਬਚਨਾਂ ਵਿਚ। ਸਚੁ = ਸਦਾ-ਥਿਰ ਪ੍ਰਭੂ। ਨੈਣੀ = ਨੈਣੀਂ, ਅੱਖਾਂ ਵਿਚ।
ਗੁਰਮੁਖਿ ਸਚੁ ਕਮਾਵੈ ਕਰਣੀ ॥
The Gurmukh practices and lives the Truth.
ਉਹ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਇਹੀ ਉਸ ਵਾਸਤੇ ਕਰਨ-ਜੋਗ ਕੰਮ ਹੈ। ਕਰਣੀ = ਕਰਨ-ਯੋਗ ਕੰਮ {करणीय}। ਸਚੁ ਕਮਾਵੈ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।
ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥
He speaks the Truth forever, day and night, and inspires others to speak the Truth. ||5||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਕਰਦਾ ਹੈ, ਤੇ, ਹੋਰਨਾਂ ਨੂੰ ਸਿਮਰਨ ਕਰਨ ਲਈ ਪ੍ਰੇਰਦਾ ਹੈ ॥੫॥ ਸਦ = ਸਦਾ। ਕਹੈ = ਉਚਾਰਦਾ ਹੈ ॥੫॥
ਗੁਰਮੁਖਿ ਸਚੀ ਊਤਮ ਬਾਣੀ ॥
True and exalted is the speech of the Gurmukh.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਉੱਤਮ ਬਾਣੀ ਹੀ ਗੁਰਮੁਖ (ਸਦਾ ਉਚਾਰਦਾ ਹੈ), ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।
ਗੁਰਮੁਖਿ ਸਚੋ ਸਚੁ ਵਖਾਣੀ ॥
The Gurmukh speaks Truth, only Truth.
ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ। ਸਚੋ ਸਚੁ = ਸਦਾ-ਥਿਰ ਨਾਮ ਹੀ ਨਾਮ।
ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥
The Gurmukh serves the Truest of the True forever; the Gurmukh proclaims the Word of the Shabad. ||6||
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਹੀ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਹੋਰਨਾਂ ਨੂੰ ਭੀ) ਬਾਣੀ ਹੀ ਸੁਣਾਂਦਾ ਹੈ ॥੬॥ ਸਦ = ਸਦਾ। ਸੇਵਹਿ = ਸਿਮਰਦੇ ਹਨ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ ॥੬॥
ਗੁਰਮੁਖਿ ਹੋਵੈ ਸੁ ਸੋਝੀ ਪਾਏ ॥
One who becomes Gurmukh understands.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ, ਸੁ = ਉਹ {ਇਕ-ਵਚਨ}।
ਹਉਮੈ ਮਾਇਆ ਭਰਮੁ ਗਵਾਏ ॥
He rids himself of egotism, Maya and doubt.
ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਮਾਇਆ ਭਰਮੁ = ਮਾਇਆ ਵਾਲੀ ਭਟਕਣਾ।
ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥
He ascends the sublime, exalted ladder of the Guru, and he sings the Glorious Praises of the Lord at His True Door. ||7||
ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ॥੭॥ ਦਰਿ ਸਚੈ = ਸਦਾ-ਥਿਰ ਦੇ ਦਰ ਤੇ, ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ। ਗੁਰ ਕੀ ਪਉੜੀ = ਗੁਰੂ ਦੀ ਦੱਸੀ ਹੋਈ ਪੌੜੀ (ਜਿਸ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਪਹੁੰਚ ਸਕੀਦਾ ਹੈ) ॥੭॥
ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥
The Gurmukh practices true self-control, and acts in excellence.
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ-ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ। ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰ = ਸ੍ਰੇਸ਼ਟ। ਸੰਜਮੁ = (ਵਿਕਾਰਾਂ ਤੋਂ ਬਚਣ ਲਈ) ਪਰਹੇਜ਼। ਸਾਰੁ ਸੰਜਮੁ = ਵਧੀਆ ਸੰਜਮ। ਕਰਣੀ = ਕਰਨ-ਯੋਗ ਕੰਮ।
ਗੁਰਮੁਖਿ ਪਾਏ ਮੋਖ ਦੁਆਰੁ ॥
The Gurmukh obtains the gate of salvation.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ।
ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥
Through loving devotion, he remains forever imbued with the Lord's Love; eradicating self-conceit, he merges in the Lord. ||8||
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੮॥ ਭਾਇ = ਪ੍ਰੇਮ ਵਿਚ। ਰੰਗਿ = ਰੰਗ ਵਿਚ। ਆਪੁ = ਆਪਾ-ਭਾਵ ॥੮॥
ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥
One who becomes Gurmukh examines his own mind, and instructs others.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ, ਤੇ ਹੋਰਨਾਂ ਨੂੰ ਭੀ ਇਹ) ਸੁਣਾਂਦਾ ਹੈ, ਖੋਜਿ = ਖੋਜ ਕੇ।
ਸਚੈ ਨਾਮਿ ਸਦਾ ਲਿਵ ਲਾਏ ॥
He is lovingly attuned to the True Name forever.
ਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤ ਜੋੜੀ ਰੱਖੋ, ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ = ਲਗਨ।
ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥
They act in harmony with the Mind of the True Lord. ||9||
ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ ॥੯॥ ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲੱਗਦਾ ਹੈ। ਕਰਸੀ = ਕਰੇਗਾ, ਕਰਦਾ ਹੈ। ਸਚੇ ਮਨਿ = ਸਦਾ-ਥਿਰ ਪ੍ਰਭੂ ਦੇ ਮਨ ਵਿਚ ॥੯॥
ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥
As it pleases His Will, He unites us with the True Guru.
(ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਜਾ = ਜਾਂ, ਜਦੋਂ।
ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥
As it pleases His Will, He comes to dwell within the mind.
ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ। ਮੰਨਿ = ਮਨਿ, ਮਨ ਵਿਚ।
ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥
As it pleases His Will, He imbues us with His Love; as it pleases His Will, He comes to dwell in the mind. ||10||
ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ। (ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ ॥੧੦॥ ਆਪਣੈ ਭਾਣੈ = ਆਪਣੀ ਰਜ਼ਾ ਵਿਚ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥੧੦॥
ਮਨਹਠਿ ਕਰਮ ਕਰੇ ਸੋ ਛੀਜੈ ॥
Those who act stubborn-mindedly are destroyed.
ਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ। ਮਨ ਹਠਿ = ਮਨ ਦੇ ਹਠ ਨਾਲ। ਛੀਜੈ = ਛਿੱਜਦਾ ਜਾਂਦਾ ਹੈ, (ਆਤਮਕ ਜੀਵਨ ਵੱਲੋਂ) ਕਮਜ਼ੋਰ ਹੁੰਦਾ ਜਾਂਦਾ ਹੈ।
ਬਹੁਤੇ ਭੇਖ ਕਰੇ ਨਹੀ ਭੀਜੈ ॥
Wearing all sorts of religious robes, they do not please the Lord.
(ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ। ਭੇਖ = ਧਾਰਮਿਕ ਪਹਿਰਾਵੇ।
ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥
Tinged by corruption, they earn only pain; they are immersed in pain. ||11||
ਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ। (ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ ॥੧੧॥ ਬਿਖਿਆ = ਮਾਇਆ। ਦੁਖੇ ਦੁਖਿ = ਨਿਰੇ ਦੁੱਖ ਵਿਚ ਹੀ ॥੧੧॥
ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥
One who becomes Gurmukh earns peace.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ, ਸੁਖੁ = ਆਤਮਕ ਆਨੰਦ। ਕਮਾਏ = ਖੱਟਦਾ ਹੈ।
ਮਰਣ ਜੀਵਣ ਕੀ ਸੋਝੀ ਪਾਏ ॥
He comes to understand death and birth.
ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ।
ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥
One who looks alike upon death and birth, is pleasing to my God. ||12||
ਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ), ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ॥੧੨॥ ਸਮ = ਬਰਾਬਰ ॥੧੨॥
ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥
The Gurmukh, while remaining dead, is respected and approved.
ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ)। ਮਰਹਿ = ਮਰਦੇ ਹਨ, ਆਪਾ-ਭਾਵ ਮਿਟਾਂਦੇ ਹਨ। ਸੁਹਹਿ = ਸੋਭਦੇ ਹਨ, ਆਤਮਕ ਜੀਵਨ ਸੋਹਣਾ ਬਣਾ ਲੈਂਦੇ ਹਨ। ਪਰਵਾਣੁ = (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ।
ਆਵਣ ਜਾਣਾ ਸਬਦੁ ਪਛਾਣੁ ॥
He realizes that coming and going are according to God's Will.
ਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ। ਆਵਣ ਜਾਣਾ = ਜੰਮਣਾ ਮਰਨਾ। ਸਬਦੁ = (ਪਰਮਾਤਮਾ ਦਾ) ਹੁਕਮ। ਪਛਾਣੁ = ਸਮਝ।
ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥
He does not die, he is not reborn, and he does not suffer in pain; his mind merges in the Mind of God. ||13||
(ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ ॥੧੩॥ ਮਨ ਹੀ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ}। ਮਨਹਿ = ਮਨਿ ਹੀ, ਮਨ ਵਿਚ ਹੀ ॥੧੩॥
ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥
Very fortunate are those who find the True Guru.
ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ। ਸੇ = ਉਹ {ਬਹੁ-ਵਚਨ}।
ਹਉਮੈ ਵਿਚਹੁ ਮੋਹੁ ਚੁਕਾਇਆ ॥
They eradicate egotism and attachment from within.
ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ। ਚੁਕਾਇਆ = ਦੂਰ ਕਰ ਲਿਆ।
ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥
Their minds are immaculate, and they are never again stained with filth. They are honored at the Door of the True Court. ||14||
ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੧੪॥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੧੪॥
ਆਪੇ ਕਰੇ ਕਰਾਏ ਆਪੇ ॥
He Himself acts, and inspires all to act.
ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
ਆਪੇ ਵੇਖੈ ਥਾਪਿ ਉਥਾਪੇ ॥
He Himself watches over all; He establishes and disestablishes.
ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ।
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥
The service of the Gurmukh is pleasing to my God; one who listens to the Truth is approved. ||15||
ਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ ॥੧੫॥ ਪ੍ਰਭ ਭਾਵੈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਚੁ = ਸਦਾ-ਥਿਰ ਹਰਿ-ਨਾਮ। ਸੁਣਿ = ਸੁਣ ਕੇ। ਲੇਖੈ = ਲੇਖੇ ਵਿਚ। ਲੇਖੈ ਪਾਇਦਾ = ਪਰਵਾਨ ਕਰਦਾ ਹੈ ॥੧੫॥
ਗੁਰਮੁਖਿ ਸਚੋ ਸਚੁ ਕਮਾਵੈ ॥
The Gurmukh practices Truth, and only Truth.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਸਚੋ ਸਚੁ = ਸੱਚ ਹੀ ਸੱਚ, ਸਦਾ ਹੀ ਹਰਿ-ਨਾਮ ਦਾ ਸਿਮਰਨ।
ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥
The Gurmukh is immaculate; no filth attaches to him.
ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥
O Nanak, those who contemplate the Naam are imbued with it. They merge in the Naam, the Name of the Lord. ||16||1||15||
ਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ। (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੧੫॥ ਨਾਮਿ = ਨਾਮ ਵਿਚ। ਵੀਚਾਰੀ = ਵਿਚਾਰਵਾਨ। ਨਾਮੇ ਨਾਮਿ = ਸਦਾ ਹੀ ਹਰਿ-ਨਾਮ ਵਿਚ ॥੧੬॥੧॥੧੫॥