ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ ॥
Raag Kaydaaraa, The Word Of Ravi Daas Jee:
ਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥
One who performs the six religious rituals and comes from a good family, but who does not have devotion to the Lord in his heart,
ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ, ਖਟੁ ਕਰਮ = ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ। {अध्यापनमध्यनं यजनं याजनं तथा। दान प्रतिग्रहश्चैव, षट् कर्माणयग्रजन्मन MS. ੧੦. ੭੫} ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਸੰਜੁਗਤੁ = ਸਮੇਤ, ਸਹਿਤ।
ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥
one who does not appreciate talk of the Lord's Lotus Feet, is just like an outcaste, a pariah. ||1||
ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥ ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਸੁ ਪਚ = {श्व-पच} ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ। ਤੁਲਿ = ਬਰਾਬਰ। ਸਮਾਨਿ = ਵਰਗਾ ॥੧॥
ਰੇ ਚਿਤ ਚੇਤਿ ਚੇਤ ਅਚੇਤ ॥
Be conscious, be conscious, be conscious, O my unconscious mind.
ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ। ਰੇ ਅਚੇਤ ਚਿਤ = ਹੇ ਗ਼ਾਫ਼ਲ ਮਨ!
ਕਾਹੇ ਨ ਬਾਲਮੀਕਹਿ ਦੇਖ ॥
Why do you not look at Baalmeek?
ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ? ਕਾਹੇ ਨ = ਕਿਉਂ ਨਹੀਂ?
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥
From such a low social status, what a high status he obtained! Devotional worship to the Lord is sublime! ||1||Pause||
ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥ ਪਦਹਿ = ਦਰਜੇ ਉੱਤੇ। ਅਮਰਿਓ = ਅੱਪੜਿਆ। ਬਿਸੇਖ = ਵਿਸ਼ੇਸ਼ਤਾ, ਵਡਿਆਈ ॥੧॥ ਰਹਾਉ ॥
ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥
The killer of dogs, the lowest of all, was lovingly embraced by Krishna.
(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ। ਸੁਆਨ ਸਤ੍ਰੁ = ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ। ਅਜਾਤੁ = ਨੀਚ, ਚੰਡਾਲ। ਹੇਤੁ = ਪਿਆਰ।
ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥
See how the poor people praise him! His praise extends throughout the three worlds. ||2||
ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥ ਬਪੁਰਾ = ਵਿਚਾਰਾ, ਨਿਮਾਣਾ। ਸਰਾਹੈ = ਸਿਫ਼ਤ ਕਰੇ ॥੨॥
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥
Ajaamal, Pingulaa, Lodhia and the elephant went to the Lord.
ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ। ਲੁਭਤੁ = ਲੁਬਧਕ, ਸ਼ਿਕਾਰੀ। ਕੁੰਚਰੁ = ਹਾਥੀ।
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥
Even such evil-minded beings were emancipated. Why should you not also be saved, O Ravi Daas? ||3||1||
ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥ ਦੁਰਮਤਿ = ਭੈੜੀ ਮੱਤ ਵਾਲੇ।। ਅਜਾਮਲ = ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ। ਉਸ ਵੇਸਵਾ ਦੇ ਉਦਰ ਤੋਂ ੧੦ ਪੁੱਤਰ ਜਨਮੇ। ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ।। ਕੁੰਚਰੁ = ਹਾਥੀ, ਗਜ। ਇਕ ਗੰਧਰਵ ਜੋ ਦੈਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ। ਵਰੁਣ ਦੇਵਤੇ ਦੇ ਤਲਾਬ ਵਿਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ। ਜਦੋਂ ਨਿਰਬਲ ਹੋ ਕੇ ਇਹ ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼੍ਵਰ ਨੂੰ ਅਰਾਧਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ। ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ। ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ।। ਪਿੰਗੁਲਾ = ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗੁਲਾ ਸੀ। ਉਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ। ਪਰ ਉਹ ਉਸ ਪਾਸ ਨਾਹ ਆਇਆ। ਪਿੰਗੁਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ। ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕੇਹਾ ਚੰਗਾ ਫਲ ਮਿਲਦਾ। ਪਿੰਗੁਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ ॥੩॥੧॥