ਬਿਲਾਵਲੁ ਮਹਲਾ

Bilaaval, Third Mehl:

ਬਿਲਾਵਲ ਤੀਜੀ ਪਾਤਿਸ਼ਾਹੀ।

ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ

The perfect Lord has fashioned the Perfect Creation. Behold the Lord pervading everywhere.

ਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ। ਪੂਰਾ ਥਾਟੁ = ਉੱਤਮ ਜੁਗਤੀ, ਗੁਰੂ ਦੀ ਸਰਨ ਆ ਕੇ ਹਰਿ-ਨਾਮ ਜਪਣ ਦੀ ਉੱਤਮ ਜੁਗਤੀ। ਪੂਰੈ = ਪੂਰੇ (ਪ੍ਰਭੂ) ਨੇ, ਉਸ ਪ੍ਰਭੂ ਨੇ ਜਿਸ ਦੇ ਕੰਮਾਂ ਵਿਚ ਕੋਈ ਉਕਾਈ ਨਹੀਂ। ਏਕ ਸਮਾਨਾ = ਇਕੋ ਜਿਹੀ, ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।

ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥

In this play of the world, is the glorious greatness of the True Name. No one should take pride in himself. ||1||

ਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ॥੧॥ ਪਰਪੰਚ = ਸੰਸਾਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਤੁ ਕੋ ਧਰਹੁ = ਕੋਈ ਨਾਹ ਧਰੇ। ਗੁਮਾਨਾ = ਅਹੰਕਾਰ ॥੧॥

ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ

One who accepts the wisdom of the True Guru's Teachings, is absorbed into the True Guru.

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ। ਮਾਹਿ = ਵਿਚ। ਮਤਿ = ਅਕਲ, ਸਿੱਖਿਆ।

ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ

The Lord's Name abides deep within the nucleus of one who realizes the Bani of the Guru's Word within his soul. ||1||Pause||

ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ॥੧॥ ਰਹਾਉ ॥ ਜੀਅਹੁ = ਦਿਲੋਂ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ। ਅੰਤਰਿ = ਅੰਦਰ। ਰਵੈ = ਹਰ ਵੇਲੇ ਮੌਜੂਦ ਰਹਿੰਦਾ ਹੈ ॥੧॥ ਰਹਾਉ ॥

ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ

Now, this is the essence of the teachings of the four ages: for the human race, the Name of the One Lord is the greatest treasure.

ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਹੁਣਿ = ਇਸ ਵੇਲੇ, ਗੁਰੂ ਦੀ ਮਤਿ ਲੈ ਕੇ {ਨੋਟ: ਵੇਖੋ 'ਰਹਾਉ' ਵਾਲਾ ਬੰਦ। ਉਸੇ ਵਿਚ ਹੀ ਕੇਂਦਰੀ ਖ਼ਿਆਲ ਹੈ}। ਨਿਬੇੜਾ = ਨਿਰਨਾ। ਨੋ = ਨੂੰ। ਨਰ ਮਨੁਖ = ਸ੍ਰੇਸ਼ਟ ਮਨੁੱਖ, ਗੁਰਮੁਖ, ਗੁਰੂ ਦੀ ਮਤਿ ਉਤੇ ਤੁਰਨ ਵਾਲੇ ਮਨੁੱਖ। ਏਕੁ ਨਿਧਾਨਾ = ਇਕ ਪ੍ਰਭੂ ਦਾ ਨਾਮ-ਖ਼ਜ਼ਾਨਾ।

ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥

Celibacy, self-discipline and pilgrimages were the essence of Dharma in those past ages; but in this Dark Age of Kali Yuga, the Praise of the Lord's Name is the essence of Dharma. ||2||

(ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ ॥੨॥ ਜਤੁ = ਕਾਮ-ਵਾਸਨਾ ਨੂੰ ਰੋਕਣ ਵਾਲਾ ਜਤਨ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਮਹਿ = ਵਿਚ। ਕਲਿ = ਕਲਿਜੁਗ। ਕੀਰਤਿ = ਸਿਫ਼ਤਿ-ਸਾਲਾਹ ॥੨॥

ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ

Each and every age has its own essence of Dharma; study the Vedas and the Puraanas, and see this as true.

ਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ। ਜੁਗਿ ਜੁਗਿ = ਹਰੇਕ ਜੁਗ ਵਿਚ। ਸੋਧਿ = ਸੋਧ ਕੇ, ਗਹੁ ਨਾਲ ਪੜ੍ਹ ਕੇ।

ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥

They are Gurmukh, who meditate on the Lord, Har, Har; in this world, they are perfect and approved. ||3||

(ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ ॥੩॥ ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਜਗਿ = ਜਗਤ ਵਿਚ। ਤੇ = ਉਹ ਬੰਦੇ। ਪਰਵਾਨਾ = ਕਬੂਲ ॥੩॥

ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ

Says Nanak, loving the True Lord, the mind's egotism and self-conceit is eradicated.

ਹੇ ਭਾਈ! ਨਾਨਕ ਆਖਦਾ ਹੈ-ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ। ਸਿਉ = ਨਾਲ। ਚੂਕੈ = ਮੁੱਕ ਜਾਂਦਾ ਹੈ। ਮਨਿ = ਮਨ ਵਿਚ।

ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥

Those who speak and listen to the Lord's Name, all find peace. Those who believe in it, obtain the supreme treasure. ||4||4||

ਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ ॥੪॥੪॥ ਸਭੇ = ਸਾਰੇ। ਪਾਹਿ = ਪਾਂਦੇ ਹਨ, ਪ੍ਰਾਪਤ ਕਰਦੇ ਹਨ। ਨਿਧਾਨਾ = ਨਾਮ-ਖ਼ਜ਼ਾਨਾ ॥੪॥੪॥