ਬਿਲਾਵਲੁ ਮਹਲਾ

Bilaaval, Third Mehl:

ਬਿਲਾਵਲ ਤੀਜੀ ਪਾਤਿਸ਼ਾਹੀ।

ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ

The Lord Himself attaches the Gurmukh to His Love;

(ਹੇ ਭਾਈ!) ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਿਆਰ ਪੈਦਾ ਕਰਦਾ ਹੈ, ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ਜਿਸ ਨੂੰ, ਜਿਸ ਮਨੁੱਖ ਦੇ ਹਿਰਦੇ ਵਿਚ। ਆਪੇ = (ਪ੍ਰਭੂ) ਆਪ ਹੀ।

ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ

joyful melodies permeate his home, and he is embellished with the Word of the Guru's Shabad.

ਉਸ ਹਿਰਦੇ-ਘਰ ਵਿਚ (ਸਦਾ) ਖਿੜਾਉ (ਬਣਿਆ ਰਹਿੰਦਾ) ਹੈ, ਗੁਰੂ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਤਿਤੁ = {ਲਫ਼ਜ਼ 'ਤਿਸੁ' ਤੋਂ ਅਧਿਕਰਣ ਕਾਰਕ} ਉਸ ਵਿਚ। ਘਰਿ = ਘਰ ਵਿਚ। ਤਿਤੁ ਘਰਿ = ਉਸ ਹਿਰਦੇ-ਘਰ ਵਿਚ {ਤਿਸੁ ਘਰਿ = ਉਸ ਦੇ ਘਰ ਵਿਚ}। ਬਿਲਾਵਲੁ = ਖ਼ੁਸ਼ੀ, ਆਨੰਦ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = (ਉਹ ਮਨੁੱਖ) ਸੋਹਣਾ ਬਣ ਜਾਂਦਾ ਹੈ।

ਮੰਗਲੁ ਨਾਰੀ ਗਾਵਹਿ ਆਏ

The women come and sing the songs of joy.

ਉਸ ਦੇ ਸਾਰੇ ਗਿਆਨ-ਇੰਦ੍ਰੇ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ। ਨਾਰੀ ਗਾਵਹਿ = ਨਾਰੀਆਂ ਗਾਂਦੀਆਂ ਹਨ, ਇੰਦ੍ਰੇ ਗਾਂਦੇ ਹਨ। ਮੰਗਲੁ = (ਪ੍ਰਭੂ ਦੀ) ਸਿਫ਼ਤਿ-ਸਾਲਾਹ ਦਾ ਗੀਤ। ਆਇ = ਆਇ; ਆ ਕੇ, ਰਲ ਕੇ।

ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥

Meeting with their Beloved, lasting peace is obtained. ||1||

ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੧॥ ਮਿਲਿ = ਮਿਲ ਕੇ ॥੧॥

ਹਉ ਤਿਨ ਬਲਿਹਾਰੈ ਜਿਨੑ ਹਰਿ ਮੰਨਿ ਵਸਾਏ

I am a sacrifice to those, whose minds are filled with the Lord.

(ਹੇ ਭਾਈ!) ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਹੈ। ਹਉ = ਮੈਂ। ਬਲਿਹਾਰੈ = ਕੁਰਬਾਨ। ਮੰਨਿ = ਮਨਿ, ਮਨ ਵਿਚ। ਵਸਾਏ = ਵਸਾਇਆ ਹੈ।

ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ

Meeting with the humble servant of the Lord, peace is obtained, and one intuitively sings the Glorious Praises of the Lord. ||1||Pause||

(ਹੇ ਭਾਈ!) ਪਰਮਾਤਮਾ ਦੇ (ਇਹੋ ਜਿਹੇ) ਸੇਵਕਾਂ ਦੀ ਸੰਗਤਿ ਕੀਤਿਆਂ ਆਤਮਕ ਆਨੰਦ ਮਿਲਦਾ ਹੈ। (ਜੇਹੜਾ ਮਨੁੱਖ ਹਰਿ-ਜਨਾਂ ਨੂੰ ਮਿਲਦਾ ਹੈ, ਉਹ ਭੀ) ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ ॥੧॥ ਰਹਾਉ ॥ ਮਿਲਿਆ = ਮਿਲਿਆਂ। ਕਉ = ਨੂੰ। ਪਾਈਐ = ਪ੍ਰਾਪਤ ਕਰੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ ॥੧॥ ਰਹਾਉ ॥

ਸਦਾ ਰੰਗਿ ਰਾਤੇ ਤੇਰੈ ਚਾਏ

They are always imbued with Your Joyful Love;

(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ) ਸਦਾ ਤੇਰੇ ਪ੍ਰੇਮ ਵਿਚ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਤੇਰੈ ਚਾਏ = ਤੇਰੈ ਚਾਇ, ਤੇਰੇ ਚਾਉ ਵਿਚ।

ਹਰਿ ਜੀਉ ਆਪਿ ਵਸੈ ਮਨਿ ਆਏ

O Dear Lord, You Yourself come to dwell in their minds.

(ਹੇ ਭਾਈ!) ਪ੍ਰਭੂ ਆਪ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਮਨਿ = ਮਨ ਵਿਚ। ਆਏ = ਆਇ, ਆ ਕੇ।

ਆਪੇ ਸੋਭਾ ਸਦ ਹੀ ਪਾਏ

They obtain eternal glory.

ਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖ਼ਸ਼ਦਾ ਹੈ, ਆਪੇ = (ਪ੍ਰਭੂ) ਆਪ ਹੀ। ਸਦ = ਸਦਾ।

ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥

The Gurmukhs are united in the Lord's Union. ||2||

ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੨॥ ਮੇਲਿ = ਮੇਲ ਵਿਚ, ਆਪਣੇ ਚਰਨਾਂ ਵਿਚ ॥੨॥

ਗੁਰਮੁਖਿ ਰਾਤੇ ਸਬਦਿ ਰੰਗਾਏ

The Gurmukhs are imbued with the love of the Word of the Shabad.

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਜੇਹੜੇ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗੇ ਜਾਂਦੇ ਹਨ, ਰੰਗਾਏ = ਰੰਗ ਚਾੜ੍ਹਦਾ ਹੈ।

ਨਿਜ ਘਰਿ ਵਾਸਾ ਹਰਿ ਗੁਣ ਗਾਏ

They abide in the home of their own being, singing the Glorious Praises of the Lord.

(ਪ੍ਰਭੂ ਉਹਨਾਂ ਨੂੰ ਆਪਣੇ ਨਾਮ ਦਾ) ਰੰਗ ਚਾੜ੍ਹਦਾ ਹੈ, ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ-ਘਰ ਵਿਚ ਟਿਕਾਣਾ ਬਣਿਆ ਰਹਿੰਦਾ ਹੈ। ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਗਾਏ = ਗਾ ਕੇ।

ਰੰਗਿ ਚਲੂਲੈ ਹਰਿ ਰਸਿ ਭਾਏ

They are dyed in the deep crimson color of the Lord's Love; they look so beautiful.

(ਉਹ ਕਦੇ ਭਟਕਦੇ ਨਹੀਂ) ਪ੍ਰਭੂ ਦੇ ਨਾਮ-ਰਸ ਵਿਚ ਪ੍ਰੇਮ ਵਿਚ (ਟਿਕੇ ਰਹਿਣ ਕਰ ਕੇ) ਉਹ ਗੂੜ੍ਹੇ ਰੰਗ ਵਿਚ ਰੰਗੇ ਰਹਿੰਦੇ ਹਨ। ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਭਾਏ = ਭਾਇ, ਪ੍ਰੇਮ ਵਿਚ।

ਇਹੁ ਰੰਗੁ ਕਦੇ ਉਤਰੈ ਸਾਚਿ ਸਮਾਏ ॥੩॥

This dye never fades away; they are absorbed in the True Lord. ||3||

ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ-ਰੰਗ ਕਦੇ ਨਹੀਂ ਉਤਰਦਾ ॥੩॥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਏ = ਸਮਾਇ, ਲੀਨ ਹੋ ਕੇ ॥੩॥

ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ

The Shabad deep within the nucleus of the self dispels the darkness of ignorance.

ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ। ਅੰਤਰਿ = ਅੰਦਰ। ਅਗਿਆਨੁ = (ਜੀਵਨ-ਰਾਹ ਵਲੋਂ) ਬੇ-ਸਮਝੀ।

ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ

Meeting with my Friend, the True Guru, I have obtained spiritual wisdom.

ਜਿਨ੍ਹਾਂ ਨੂੰ ਗੁਰੂ ਦਾ ਬਖ਼ਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ।

ਜੋ ਸਚਿ ਰਾਤੇ ਤਿਨ ਬਹੁੜਿ ਫੇਰਾ

Those who are attuned to the True Lord, do not have to enter the cycle of reincarnation again.

ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਜਨਮ-ਮਰਨ ਦਾ ਗੇੜ ਨਹੀਂ ਪੈਂਦਾ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਬਹੁੜਿ = ਮੁੜ, ਫਿਰ।

ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥

O Nanak, my Perfect Guru implants the Naam, the Name of the Lord, deep within. ||4||5||

(ਪਰ) ਹੇ ਨਾਨਕ! ਪੂਰਾ ਗੁਰੂ ਹੀ (ਮਨੁੱਖ ਦੇ ਅੰਦਰ) ਨਾਮ ਜਪਣ ਦਾ ਸੁਭਾਉ ਪੱਕਾ ਕਰ ਸਕਦਾ ਹੈ ॥੪॥੫॥ ਦ੍ਰਿੜਾਏ = ਪੱਕਾ ਕਰ ਦੇਂਦਾ ਹੈ ॥੪॥੫॥