ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥
I have quit searching outside; the Guru has shown me that God is within the home of my own heart.
(ਕਿਉਂਕਿ) ਗੁਰੂ ਨੇ ਹਿਰਦੇ ਵਿਚ ਹੀ ਮੈਨੂੰ ਪਰਮਾਤਮਾ ਦਾ ਦੀਦਾਰ ਕਰਵਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਦੀ ਭਾਲ ਬਾਹਰ (ਜੰਗਲਾਂ ਵਿਚ) ਕਰਨ ਤੋਂ ਬਚ ਗਿਆ ਹਾਂ। ਤੇ = ਤੋਂ। ਛੂਟਿ ਪਰੇ = ਬਚ ਗਏ। ਗੁਰਿ = ਗੁਰੂ ਨੇ। ਘਰ ਮਾਹਿ = ਹਿਰਦੇ ਵਿਚ।
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥
I have seen God, fearless, of wondrous beauty; my mind shall never leave Him to go anywhere else. ||1||
ਜਦੋਂ ਪਰਮਾਤਮਾ ਦੇ ਅਸਚਰਜ ਰੂਪ ਦਾ ਹਿਰਦੇ ਵਿੱਚ ਅਨੁਭਵ ਹੋ ਗਿਆ ਹੈ, ਤਾਂ ਹੁਣ ਮੇਰਾ ਮਨ ਉਸਦਾ ਆਸਰਾ ਛੱਡ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਅਨਭਉ = ਅਨੁਭਵ, ਝਲਕਾਰਾ। ਪ੍ਰਭ = ਪ੍ਰਭੂ ਦਾ। ਕਤਹੁ = ਕਿਸੇ ਭੀ ਹੋਰ ਪਾਸੇ। ਨ ਜਾਇਆ = ਨਹੀਂ ਜਾਂਦਾ ॥੧॥
ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥
I have found the jewel; I have found the Perfect Lord.
ਮੈਂ ਮੋਤੀ ਲੱਭ ਲਿਆ ਹੈ, ਮੈਂ ਪੂਰਨ ਪਰਮਾਤਮਾ ਲੱਭ ਲਿਆ ਹੈ। ਮਾਨਕੁ = ਮੋਤੀ। ਰੇ = ਹੇ ਭਾਈ! ਪਾਇਆ = ਲੱਭ ਲਿਆ ਹੈ।
ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
The invaluable value cannot be obtained; in His Mercy, the Guru bestows it. ||1||Pause||
ਇਹ ਮੋਤੀ ਬਹੁਤ ਅਮੋਲਕ ਹੈ, ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ ॥੧॥ ਰਹਾਉ ॥ ਮੋਲਿ ਅਮੋਲੁ = ਕਿਸੇ ਭੀ ਭੁੱਲ ਤੋਂ ਨਾਹ ਮਿਲ ਸਕਣ ਵਾਲਾ। ਮੋਲਿ = ਮੁੱਲ ਤੋਂ। ਕਰਿ = ਕਰ ਕੇ ॥੧॥ ਰਹਾਉ ॥
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥
The Supreme Lord God is imperceptible and unfathomable; meeting the Holy Saint, I speak the Unspoken Speech.
ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਸਾਡੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ। ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨੁ-ਇੰਦ੍ਰੇ। ਚਰ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਕਥਾਇਆ = ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ। ਅਕਥੁ = ਅਕੱਥੁ, ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ।
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
The unstruck sound current of the Shabad vibrates and resounds in the Tenth Gate; the Ambrosial Naam trickles down there. ||2||
ਮੇਰੇ ਦਿਮਾਗ਼ ਵਿਚ ਹੁਣ ਹਰ ਵੇਲੇ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ; ਮੇਰੇ ਅੰਦਰ ਹੁਣ ਹਰ ਵੇਲੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋ ਰਿਹਾ ਹੈ ॥੨॥ ਅਨਹਦ = ਬਿਨਾ ਵਜਾਇਆਂ ਵੱਜਣ ਵਾਲਾ, ਇੱਕ-ਰਸ, ਮਤਵਾਤਰ। ਸਬਦੁ ਵਜਿਓ = ਸਿਫ਼ਤ-ਸਾਲਾਹ ਦੀ ਬਾਣੀ ਪੂਰਾ ਪ੍ਰਭਾਵ ਪਾਣ ਲੱਗ ਪਈ। ਦੁਆਰਿ = ਦੁਆਰ ਵਿਚ। ਦਸਮ ਦੁਆਰਿ = ਦਸਵੇਂ ਦੁਆਰ ਵਿਚ, ਦਸਵੇਂ ਦਰਵਾਜ਼ੇ ਵਿਚ, ਦਿਮਾਗ਼ ਵਿਚ। ਤਹ = ਉਥੇ, ਉਸ ਦਿਮਾਗ਼ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੨॥
ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥
I lack nothing; the thirsty desires of my mind are satisfied. The inexhaustible treasure has entered into my being.
ਮੇਰੇ ਮਨ ਵਿਚ ਕਦੇ ਨਾਹ ਮੁੱਕਣ ਵਾਲੇ ਨਾਮ-ਖ਼ਜ਼ਾਨੇ ਭਰ ਗਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆ ਸਕਦੀ, ਮਨ ਵਿਚ (ਵੱਸ-ਰਹੀ) ਤ੍ਰਿਸ਼ਨਾ (-ਅੱਗ ਦੀ ਲਾਟ) ਬੁੱਝ ਗਈ ਹੈ। ਤੋਟਿ = ਘਾਟਾ, ਕਮੀ। ਮਨਿ = ਮਨ ਵਿਚ (ਵੱਸ ਰਹੀ)। ਬੂਝੀ = ਬੁੱਝ ਗਈ। ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥
I serve the feet, the feet, the feet of the Guru, and manage the unmanageable. I have found the juice, the sublime essence. ||3||
ਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ। ਮੈਂ ਨਾਮ-ਅੰਮ੍ਰਿਤ ਦਾ ਸੁਆਦ ਚੱਖ ਲਿਆ ਹੈ, ਤੇ ਪਹਿਲੀ ਕੋਝੀ ਘਾੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਹੈ ॥੩॥ ਚਰਣ ਗੁਰ = ਗੁਰੂ ਦੇ ਚਰਨ। ਅਘੜੁ = ਕੋਈ ਘਾੜਤ ਵਾਲਾ (ਮਨ)। ਰਸੁ = ਸੁਆਦ ॥੩॥
ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥
Intuitively I come, and intuively I go; my mind intuitively plays.
ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ ਮੇਰਾ ਮਨ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਕਾਰ-ਵਿਹਾਰ ਕਰ ਰਿਹਾ ਹੈ, ਮਨ ਸਦਾ ਆਤਮਕ ਅਡੋਲਤਾ ਵਿਚ ਖੇਡ ਰਿਹਾ ਹੈ। ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਆਵਾ ਜਾਵਾ = ਆਉਂਦਾ ਜਾਂਦਾ, ਕਾਰ-ਵਿਹਾਰ ਕਰਦਾ ਹੈ। ਖੇਲਾਇਆ = ਖੇਡਦਾ ਹੈ।
ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
Says Nanak, when the Guru drives out doubt, then the soul-bride enters the Mansion of the Lord's Presence. ||4||3||12||
ਨਾਨਕ ਆਖਦਾ ਹੈ- (ਜਦੋਂ ਦੀ) ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਤਦੋਂ ਤੋਂ ਮੈਂ ਸਦਾ ਅਸਥਿਰ ਟਿਕਾਣੇ ਵਾਲੇ ਹਰੀ (ਦੇ ਚਰਨਾਂ ਵਿਚ) ਟਿਕਾਣਾ ਲੱਭ ਲਿਆ ਹੈ ॥੪॥੩॥੧੨॥ ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਭਰਮੁ = ਭਟਕਣਾ। ਮਹਲੀ ਮਹਲੁ = ਮਹਲ ਦੇ ਮਾਲਕ ਦਾ ਮਹਲ ॥੪॥੩॥੧੨॥