ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
Become the servant of the Saints, and learn this way of life.
ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ-ਬੱਸ! ਇਹ ਕਰਤੱਬ ਸਿੱਖ, ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ)!
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥
Of all virtues, the most sublime virtue is to see your Husband Lord near at hand. ||1||
ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ॥੧॥ ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ ॥੧॥
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
So, dye this mind of yours with the color of the Lord's Love.
ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ।
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥
Renounce cleverness and cunning, and know that the Sustainer of the world is with you. ||1||Pause||
ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ ॥੧॥ ਰਹਾਉ ॥ ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ ॥੧॥ ਰਹਾਉ ॥
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
Whatever your Husband Lord says, accept that, and make it your decoration.
ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ-ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ। ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ।
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥
Forget the love of duality, and chew upon this betel leaf. ||2||
ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ-(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ ॥੨॥ ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ ॥੨॥
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
Make the Word of the Guru's Shabad your lamp, and let your bed be Truth.
ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ। ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ।
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥
Twenty-four hours a day, stand with your palms pressed together, and the Lord, your King, shall meet you. ||3||
ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ ॥੩॥ ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ ॥੩॥
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
She alone is cultured and embellished, and she alone is of incomparable beauty.
ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ। ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ।
ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥
She alone is the happy soul-bride, O Nanak, who is pleasing to the Creator Lord. ||4||16||118||
ਹੇ ਨਾਨਕ! (ਆਖ-) ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ ॥੪॥੧੬॥੧੧੮॥ ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ) ॥੪॥੧੬॥੧੧੮॥