ਮਾਰੂ ਮਹਲਾ ੫ ਘਰੁ ੩ ਅਸਟਪਦੀਆ ॥
Maaroo, Fifth Mehl, Third House, Ashtpadheeyaa:
ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥
Wandering and roaming through 8.4 million incarnations, you have now been given this human life, so difficult to obtain. ||1||
ਹੇ ਮੂਰਖ! ਚੌਰਾਸੀ ਲੱਖ ਜੂਨਾਂ ਵਿਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ ॥੧॥ ਭ੍ਰਮਤੇ ਭ੍ਰਮਤੇ = ਭਟਕਦਿਆਂ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲਾ। ਅਬ = ਹੁਣ ॥੧॥
ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥
You fool! You are attached and clinging to such trivial pleasures!
ਹੇ ਮੂਰਖ! ਤੂੰ ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ ਫਸਿਆ ਰਹਿੰਦਾ ਹੈਂ। ਰੇ ਮੂੜੇ = ਹੇ ਮੂਰਖ! ਹੋਛੈ ਰਸਿ = ਹੋਛੇ ਰਸ ਵਿਚ, ਨਾਸਵੰਤ (ਪਦਾਰਥਾਂ ਦੇ) ਸੁਆਦ ਵਿਚ। ਲਪਟਾਇਓ = ਫਸਿਆ ਹੋਇਆ ਹੈਂ।
ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥
The Ambrosial Nectar abides with you, but you are engrossed in sin and corruption. ||1||Pause||
ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤੇਰੇ ਅੰਦਰ ਵੱਸਦਾ ਹੈ (ਤੂੰ ਉਸ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ) ਮਾਇਆ ਦੇ ਨਾਲ ਚੰਬੜਿਆ ਹੋਇਆ ਹੈਂ ॥੧॥ ਰਹਾਉ ॥ ਅੰਮ੍ਰਿਤੁ = ਅਟੱਲ ਜੀਵਨ ਦੇਣ ਵਾਲਾ ਨਾਮ-ਜਲ। ਤੇਰੈ ਸੰਗਿ = ਤੇਰੇ ਨਾਲ, ਤੇਰੇ ਅੰਦਰ। ਬਿਖਿਆ = ਮਾਇਆ। ਸਿਉ = ਨਾਲ। ਉਰਝਾਇਓ = ਉਲਝਿਆ ਹੋਇਆ, ਰੁੱਝਾ ਹੋਇਆ ॥੧॥ ਰਹਾਉ ॥
ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥
You have come to trade in gems and jewels, but you have loaded only barren soil. ||2||
ਹੇ ਮੂਰਖ! ਤੂੰ ਆਇਆ ਸੈਂ ਰਤਨ ਤੇ ਜਵਾਹਰ ਖ਼ਰੀਦਣ ਲਈ, ਪਰ ਤੂੰ ਇੱਥੋਂ ਕੱਲਰ ਲੱਦ ਕੇ ਹੀ ਤੁਰ ਪਿਆ ਹੈਂ ॥੨॥ ਬਨਜਨਿ ਆਇਓ = ਵਿਹਾਝਣ ਆਇਆ। ਕਾਲਰੁ = ਕੱਲਰ। ਲਾਦਿ = ਲੱਦ ਕੇ ॥੨॥
ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥
That home within which you live - you have not kept that home in your thoughts. ||3||
ਹੇ ਮੂਰਖ! ਜਿਸ ਘਰ ਵਿਚ ਤੂੰ ਸਦਾ ਰਹਿਣਾ-ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ-ਚੇਤੇ ਹੀ ਨਹੀਂ ਆਇਆ ॥੩॥ ਜਿਹ = ਜਿਸ। ਮਹਿ = ਵਿਚ। ਚੀਤਿ = ਚਿੱਤ ਵਿਚ। ਘਰੁ = ਘਰ ਮਹਿ {ਨੋਟ: ਲਫ਼ਜ਼ 'ਘਰੁ' ਅਤੇ 'ਘਰ' ਦੀ ਵਿਆਕਰਣਿਕ ਸ਼ਕਲ ਦਾ ਖ਼ਿਆਲ ਰੱਖਣਾ} ॥੩॥
ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥੪॥
He is immovable, indestructible, the Giver of peace to the soul; and yet you do not sing His Praises, even for an instant. ||4||
ਹੇ ਮੂਰਖ! ਤੂੰ ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਅਬਿਨਾਸੀ ਹੈ, ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁਖ ਦੇਣ ਵਾਲਾ ਹੈ ॥੪॥ ਅਟਲ = ਅਟੱਲ, ਕਦੇ ਨਾਹ ਟਲਣ ਵਾਲਾ। ਅਖੰਡ = ਅਬਿਨਾਸੀ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾਂ ॥੪॥
ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥੫॥
You have forgotten that place where you must go; you have not attached your mind to the Lord, even for an instant. ||5||
ਹੇ ਮੂਰਖ! ਜਿਸ ਥਾਂ ਆਖ਼ਰ ਜ਼ਰੂਰ ਜਾਣਾ ਹੈ ਉਸ ਵਲ ਤਾਂ ਤੂੰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਕਦੇ ਧਿਆਨ ਨਹੀਂ ਦਿੱਤਾ ॥੫॥ ਜਹਾ = ਜਿੱਥੇ। ਵਿਸਾਰਿਓ = (ਤੂੰ) ਭੁਲਾ ਦਿੱਤਾ ਹੈ। ਲਾਇਓ = ਜੋੜਿਆ ॥੫॥
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥੬॥
Gazing upon your children, spouse, household and paraphernalia, you are entangled in them. ||6||
ਹੇ ਮੂਰਖ! ਪੁੱਤਰ, ਇਸਤ੍ਰੀ ਤੇ ਘਰ ਦਾ ਸਾਮਾਨ ਵੇਖ ਕੇ ਇਸ ਦੇ ਮੋਹ ਵਿਚ ਹੀ ਤੂੰ ਫਸਿਆ ਪਿਆ ਹੈਂ ॥੬॥ ਕਲਤ੍ਰ = ਇਸਤ੍ਰੀ। ਗ੍ਰਿਹ ਸਮਗ੍ਰੀ = ਘਰ ਦਾ ਸਾਮਾਨ। ਦੇਖਿ = ਵੇਖ ਕੇ। ਇਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ} ॥੬॥
ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥੭॥
As God links the mortals, so are they linked, and so are the deeds they do. ||7||
(ਪਰ ਜੀਵ ਦੇ ਭੀ ਕੀਹ ਵੱਸ!) ਜਿਸ (ਕੰਮ) ਵਿਚ ਕੋਈ ਜੀਵ (ਪਰਮਾਤਮਾ ਵੱਲੋਂ) ਲਾਇਆ ਜਾਂਦਾ ਹੈ ਉਸ ਵਿਚ ਉਹ ਲੱਗਾ ਰਹਿੰਦਾ ਹੈ, ਉਹੋ ਜਿਹੇ ਕੰਮ ਹੀ ਉਹ ਕਰਦਾ ਰਹਿੰਦਾ ਹੈ ॥੭॥ ਜਿਤੁ = ਜਿਸ (ਕੰਮ) ਵਿਚ। ਕੋ = ਕੋਈ (ਜੀਵ)। ਲਾਇਓ = ਲਾਇਆ ਗਿਆ ਹੈ। ਤਿਤ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਤੁ' ਦਾ (ੁ) ਉਡ ਗਿਆ ਹੈ}। ਤੈਸੇ = ਉਹੋ ਜਿਹੇ ॥੭॥
ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥
When He becomes Merciful, then the Saadh Sangat, the Company of the Holy, is found; servant Nanak meditates on God. ||8||1||
ਹੇ ਦਾਸ ਨਾਨਕ! ਜਦੋਂ ਪਰਮਾਤਮਾ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ, ਤੇ, ਉਹ ਪਰਮਾਤਮਾ ਵਿਚ ਸੁਰਤ ਜੋੜਦਾ ਹੈ ॥੮॥੧॥ ਜਉ = ਜਦੋਂ। ਕ੍ਰਿਪਾਲੁ = ਦਇਆਵਾਨ। ਤਾ = ਤਾਂ, ਤਦੋਂ ॥੮॥੧॥