ਮਾਰੂ ਮਹਲਾ ੩ ਘਰੁ ੫ ਅਸਟਪਦੀ ॥
Maaroo, Third Mehl, Fifth House, Ashtpadheeyaa:
ਰਾਗ ਮਾਰੂ, ਘਰ ੫ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਨੋ ਪ੍ਰੇਮੁ ਮੰਨਿ ਵਸਾਏ ॥
One whose mind is filled with the Lord's Love,
(ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ, ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮੰਨਿ = ਮਨ, ਮਨ ਵਿਚ।
ਸਾਚੈ ਸਬਦਿ ਸਹਜਿ ਸੁਭਾਏ ॥
is intuitively exalted by the True Word of the Shabad.
ਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ), ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ) ਪ੍ਰਭੂ-ਪਿਆਰ ਵਿਚ (ਲੀਨ ਰਹਿੰਦਾ ਹੈ) (ਪ੍ਰੇਮ ਦੀ ਚੋਭ ਦਾ ਇਹੀ ਇਲਾਜ ਹੈ)। ਸਾਚੈ ਸਬਦਿ = ਸਦਾ-ਥਿਰ ਸ਼ਬਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।
ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥
He alone knows the pain of this love; what does anyone else know about its cure? ||1||
ਉਹੀ ਮਨੁੱਖ ਇਸ ਚੋਭ ਨੂੰ ਸਮਝਦਾ ਹੈ, ਕੋਈ ਹੋਰ ਮਨੁੱਖ (ਜਿਸ ਦੇ ਅੰਦਰ ਇਹ ਚੋਭ ਨਹੀਂ ਹੈ, ਇਸ ਚੋਭ ਦਾ) ਇਲਾਜ ਨਹੀਂ ਜਾਣਦਾ ॥੧॥ ਏਹਾ ਵੇਦਨ = ਇਹ (ਪ੍ਰੇਮ ਦੀ) ਚੋਭ। ਵੇਦਨ = ਵੇਦਨਾ, ਪੀੜਾ, ਚੋਭ। ਸੋਈ = ਉਹੀ ਮਨੁੱਖ। ਕਿ ਜਾਣੈ = ਕੀਹ ਜਾਣਦਾ ਹੈ? ਨਹੀਂ ਜਾਣ ਸਕਦਾ। ਕਾਰੀ = ਇਲਾਜ। ਜੀਉ = ਹੇ ਭਾਈ! ॥੧॥
ਆਪੇ ਮੇਲੇ ਆਪਿ ਮਿਲਾਏ ॥
He Himself unites in His Union.
ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ। ਆਪੇ = (ਪ੍ਰਭੂ) ਆਪ ਹੀ। ਮੇਲੇ, ਮਿਲਾਏ = ਮਿਲਾਂਦਾ ਹੈ।
ਆਪਣਾ ਪਿਆਰੁ ਆਪੇ ਲਾਏ ॥
He Himself inspires us with His Love.
(ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ।
ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥
He alone appreciates the value of Your Love, upon whom You shower Your Grace, O Lord. ||1||Pause||
ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ॥੧॥ ਰਹਾਉ ॥ ਸਾਰ = ਕਦਰ। ਨਦਰਿ = ਮਿਹਰ ਦੀ ਨਿਗਾਹ ॥੧॥ ਰਹਾਉ ॥
ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥
One whose spiritual vision is awakened - his doubt is driven out.
(ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ। ਦਿਬ = {दिव्य = Divine} ਦੇਵਤਿਆਂ ਵਾਲੀ, ਰੱਬੀ, ਆਤਮਕ ਜੀਵਨ ਦਾ ਚਾਨਣ ਦੇਣ ਵਾਲੀ। ਦ੍ਰਿਸ਼ਟਿ = ਨਜ਼ਰ, ਨਿਗਾਹ। ਭਰਮੁ = ਭਟਕਣ। ਚੁਕਾਏ = ਦੂਰ ਕਰ ਦੇਂਦੀ ਹੈ।
ਗੁਰ ਪਰਸਾਦਿ ਪਰਮ ਪਦੁ ਪਾਏ ॥
By Guru's Grace, he obtains the supreme status.
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਦਰਜਾ।
ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥
He alone is a Yogi, who understands this way, and contemplates the Word of the Guru's Shabad. ||2||
(ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੨॥ ਜੁਗਤਿ = ਢੰਗ, ਤਰੀਕਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬੀਚਾਰੀ = ਵਿਚਾਰਵਾਨ, ਉੱਚੇ ਜੀਵਨ ਦੀ ਸੂਝ ਵਾਲਾ ॥੨॥
ਸੰਜੋਗੀ ਧਨ ਪਿਰ ਮੇਲਾ ਹੋਵੈ ॥
By good destiny, the soul-bride is united with her Husband Lord.
ਚੰਗੇ ਭਾਗਾਂ ਨਾਲ ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, ਸੰਜੋਗੀ = ਸੰਜੋਗੀਂ, ਸੰਜੋਗਾਂ ਨਾਲ, ਪਰਮਾਤਮਾ ਦੇ ਮਿਥੇ ਸਬੱਬ ਨਾਲ, ਪਿਛਲੇ ਸੰਸਕਾਰਾਂ ਅਨੁਸਾਰ। ਧਨ = ਜੀਵ-ਇਸਤ੍ਰੀ। ਪਿਰ = ਪਿਤਾ, ਪ੍ਰਭੂ-ਪਤੀ।
ਗੁਰਮਤਿ ਵਿਚਹੁ ਦੁਰਮਤਿ ਖੋਵੈ ॥
Following the Guru's Teachings, she eradicates her evil-mindedness from within.
ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮੱਤ ਨਾਸ ਕਰ ਦੇਂਦੀ ਹੈ, ਗੁਰਮਤਿ = ਗੁਰੂ ਦੀ ਸਿੱਖਿਆ ਲੈ ਕੇ। ਵਿਚਹੁ = ਆਪਣੇ ਅੰਦਰੋਂ। ਦੁਰਮਤਿ = ਖੋਟੀ ਮੱਤ।
ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥
With love, she continually enjoys pleasure with Him; she becomes the beloved of her Husband Lord. ||3||
ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ ॥੩॥ ਰੰਗ ਸਿਉ = ਪ੍ਰੇਮ ਨਾਲ। ਕੰਤ ਪਿਆਰੀ = ਕੰਤ ਦੀ ਪਿਆਰੀ ॥੩॥
ਸਤਿਗੁਰ ਬਾਝਹੁ ਵੈਦੁ ਨ ਕੋਈ ॥
Other than the True Guru, there is no physician.
(ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ। ਬਾਝਹੁ = ਬਿਨਾ। ਵੈਦੁ = (ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ।
ਆਪੇ ਆਪਿ ਨਿਰੰਜਨੁ ਸੋਈ ॥
He Himself is the Immaculate Lord.
(ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ)। ਆਪੇ = ਆਪ ਹੀ। ਨਿਰੰਜਨੁ = {ਨਿਰ-ਅੰਜਨੁ, ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ} ਨਿਰਲੇਪ।
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥
Meeting with the True Guru, evil is conquered, and spiritual wisdom is contemplated. ||4||
ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ॥੪॥ ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਮੰਦਾ = ਭੈੜਾ। ਗਿਆਨ ਬੀਚਾਰੀ = ਉੱਚੇ ਆਤਮਕ ਜੀਵਨ ਦੀ ਵਿਚਾਰ ਕਰ ਸਕਣ ਵਾਲਾ ॥੪॥
ਏਹੁ ਸਬਦੁ ਸਾਰੁ ਜਿਸ ਨੋ ਲਾਏ ॥
One who is committed to this most sublime Shabad
ਹੇ ਭਾਈ ! ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਾ ਦੇਂਦਾ ਹੈ, ਸਾਰੁ = ਸ੍ਰ੍ਰੇਸ਼ਟ।
ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥
becomes Gurmukh, and is rid of thirst and hunger.
(ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਗਵਾਏ = ਦੂਰ ਕਰ ਦੇਂਦਾ ਹੈ।
ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥
By one's own efforts, nothing can be accomplished; the Lord, in His Mercy, bestows power. ||5||
ਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ ॥੫॥ ਆਪਣ ਲੀਆ = ਆਪਣੇ ਉੱਦਮ ਨਾਲ ਹਾਸਲ ਕੀਤਾ ਹੋਇਆ। ਕਲ = ਸਤਾ। ਧਾਰੀ = ਧਾਰਦਾ ਹੈ, ਪਾਂਦਾ ਹੈ ॥੫॥
ਅਗਮ ਨਿਗਮੁ ਸਤਿਗੁਰੂ ਦਿਖਾਇਆ ॥
The True Guru has revealed the essence of the Shaastras and the Vedas.
(ਹੇ ਜੋਗੀ! ਇਹ ਨਿਸ਼ਚਾ ਕਿ (ਆਪਣ... ਧਾਰੀ ਜੀਉ)-ਇਹੀ ਹੈ ਸਾਡੇ ਵਾਸਤੇ 'ਅਗਮ ਨਿਗਮੁ', ਅਗਮ = ਆਗਮ, ਸ਼ਾਸਤ੍ਰ। ਨਿਗਮੁ = ਵੇਦ। ਅਗਮ ਨਿਗਮੁ = ਸ਼ਾਸਤ੍ਰਾਂ ਵੇਦਾਂ ਦਾ (ਇਹ) ਤੱਤ (ਕਿ 'ਆਪਣ ਲੀਆ ਕਿਛੂ ਨ ਪਾਈਐ, ਕਰਿ ਕਿਰਪਾ ਕਲ ਧਾਰੀ ਜੀਉ')। ਸਤਿਗੁਰੂ = ਗੁਰੂ ਦੀ ਰਾਹੀਂ।
ਕਰਿ ਕਿਰਪਾ ਅਪਨੈ ਘਰਿ ਆਇਆ ॥
In His Mercy, He has come into the home of my self.
ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਇਹ) 'ਅਗਮ ਨਿਗਮੁ' ਵਿਖਾ ਦਿੱਤਾ, ਉਹ ਮਨੁੱਖ ਆਪਣੇ ਅਸਲ ਘਰ ਵਿਚ ਆ ਟਿਕਦਾ ਹੈ। ਕਰਿ = ਕਰ ਕੇ। ਅਪਨੈ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ।
ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥
In the midst of Maya, the Immaculate Lord is known, by those upon whom You bestow Your Grace. ||6||
ਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ ॥੬॥ ਅੰਜਨ ਮਾਹਿ = ਮਾਇਆ ਦੇ ਪਸਾਰੇ ਵਿਚ। ਜਿਨ ਕਉ = ਜਿਨ੍ਹਾਂ ਉਤੇ ॥੬॥
ਗੁਰਮੁਖਿ ਹੋਵੈ ਸੋ ਤਤੁ ਪਾਏ ॥
One who becomes Gurmukh, obtains the essence of reality;
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ, ਗੁਰਮੁਖਿ = ਗੁਰੂ ਦੇ ਸਨਮੁਖ। ਸੋ = ਉਹ ਮਨੁੱਖ। ਤਤੁ = ਨਿਚੋੜ, ਅਸਲ ਸਿੱਟਾ।
ਆਪਣਾ ਆਪੁ ਵਿਚਹੁ ਗਵਾਏ ॥
he eradictes his self-conceit from within.
ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ। ਆਪੁ = ਆਪਾ-ਭਾਵ।
ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥
Without the True Guru, all are entangled in worldly affairs; consider this in your mind, and see. ||7||
ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ ॥੭॥ ਧੰਧੁ = ਮਾਇਆ ਦੇ ਮੋਹ ਵਿਚ ਫਸਾਣ ਵਾਲਾ ਕੰਮ-ਕਾਰ। ਮਨਿ = ਮਨ ਵਿਚ। ਵੀਚਾਰੀ = ਵਿਚਾਰਿ, ਵਿਚਾਰ ਕੇ ॥੭॥
ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥
Some are deluded by doubt; they strut around egotistically.
ਕਈ ਐਸੇ ਹਨ ਜੋ ਭੁਲੇਖੇ ਵਿਚ ਪੈ ਕੇ ਕੁਰਾਹੇ ਪਏ ਹੋਏ (ਆਪਣੇ ਇਸ ਗ਼ਲਤ ਤਿਆਗ ਤੇ ਹੀ) ਮਾਣ ਕਰਦੇ ਫਿਰਦੇ ਹਨ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਭ੍ਰਮਿ = ਭੁਲੇਖੇ ਵਿਚ। ਭੂਲੇ = ਕੁਰਾਹੇ ਪਏ ਹੋਏ।
ਇਕਨਾ ਗੁਰਮੁਖਿ ਹਉਮੈ ਮਾਰੀ ॥
Some, as Gurmukh, subdue their egotism.
ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ। ਇਕਨਾ = ਕਈ ਮਨੁੱਖਾਂ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥
Attuned to the True Word of the Shabad, they remain detached from the world. The other ignorant fools wander, confused and deluded by doubt. ||8||
ਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ ॥੮॥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਮਾਇਆ ਦੇ ਮੋਹ ਤੋਂ ਉਪਰਾਮ, (ਜੋਗੀਆਂ ਦਾ ਇਕ ਫ਼ਿਰਕਾ)। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਗਵਾਰੀ = ਮੂਰਖ, ਅੰਞਾਣ ॥੮॥
ਗੁਰਮੁਖਿ ਜਿਨੀ ਨਾਮੁ ਨ ਪਾਇਆ ॥
Those who have not become Gurmukh, and who have not found the Naam, the Name of the Lord
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ,
ਮਨਮੁਖਿ ਬਿਰਥਾ ਜਨਮੁ ਗਵਾਇਆ ॥
those self-willed manmukhs waste their lives uselessly.
ਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ। ਮਨਮੁਖਿ = ਮਨ ਦੇ ਮੁਰੀਦ ਬੰਦਿਆਂ ਨੇ। ਬਿਰਥਾ = ਵਿਅਰਥ।
ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥
In the world hereafter, nothing except the Name will be of any assistance; this is understood by contemplating the Guru. ||9||
ਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ। ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ ॥੯॥ ਅਗੈ = ਪਰਲੋਕ ਵਿਚ। ਕੋ = ਕੋਈ। ਬੇਲੀ = ਮਦਦਗਾਰ। ਗੁਰ ਬੀਚਾਰੀ = ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ। ਬੂਝੈ = ਸਮਝਦਾ ਹੈ ॥੯॥
ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥
The Ambrosial Naam is the Giver of peace forever.
ਹੇ ਨਾਨਕ! ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
ਗੁਰਿ ਪੂਰੈ ਜੁਗ ਚਾਰੇ ਜਾਤਾ ॥
Throughout the four ages, it is known through the Perfect Guru.
ਸਦਾ ਤੋਂ ਪੂਰੇ ਗੁਰੂ ਦੀ ਰਾਹੀਂ ਹੀ (ਤੇਰੇ ਇਸ ਨਾਮ ਨਾਲ) ਸਾਂਝ ਪੈਂਦੀ ਆ ਰਹੀ ਹੈ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਜੁਗ ਚਾਰੇ = ਚਹੁੰਆਂ ਜੁਗਾਂ ਵਿਚ, ਸਦਾ ਹੀ। ਜਾਤਾ = ਜਾਣਿਆ ਜਾਂਦਾ ਹੈ, ਸਮਝ ਪੈਂਦੀ ਹੈ।
ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥
He alone receives it, unto whom You bestow it; this is the essence of reality which Nanak has realized. ||10||1||
ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ (ਇਹ ਦਾਤਿ) ਦੇਂਦਾ ਹੈਂ। ਉਹੀ ਮਨੁੱਖ ਅਸਲ ਜੀਵਨ-ਭੇਦ ਨੂੰ ਸਮਝਣ ਜੋਗਾ ਹੁੰਦਾ ਹੈ ॥੧੦॥੧॥ ਤੂ ਦੇਵਹਿ = (ਹੇ ਪ੍ਰਭੂ!) ਤੂੰ ਦੇਂਦਾ ਹੈਂ। ਨਾਨਕ = ਹੇ ਨਾਨਕ! ਤਤੁ ਬੀਚਾਰੀ = ਅਸਲੀਅਤ ਨੂੰ ਸਮਝਣ ਵਾਲਾ ॥੧੦॥੧॥