ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥
I do not believe that anyone is foolish; I do not believe that anyone is clever.
ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ। ਨਾ ਜਾਣਾ = ਮੈਂ ਨਹੀਂ ਸਮਝਦਾ।
ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥
Imbued forever with the Love of my Lord and Master, I chant His Name, night and day. ||1||
(ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ ॥੧॥ ਰੰਗੇ = ਰੰਗਿ ਹੀ, ਪ੍ਰੇਮ-ਰੰਗ ਵਿਚ ਹੀ। ਰਾਤਾ = ਰੰਗਿਆ ਹੋਇਆ। ਅਨਦਿਨੁ = ਹਰ ਰੋਜ਼। ਵਖਾਣਾ = ਮੈਂ ਸਿਮਰਦਾ ਹਾਂ ॥੧॥
ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥
O Baba, I am so foolish, but I am a sacrifice to the Name.
ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮੱਤ-ਹੀਨ ਰਹਿੰਦਾ ਹਾਂ, ਬਾਬਾ = ਹੇ ਪ੍ਰਭੂ! ਹਾ = ਮੈਂ ਹਾਂ। ਨਾਵੈ = (ਤੇਰੇ) ਨਾਮ ਤੋਂ। ਜਾਉ = ਮੈਂ ਜਾਂਦਾ ਹਾਂ।
ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥
You are the Creator, You are wise and all-seeing. Through Your Name, we are carried across. ||1||Pause||
(ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ ॥੧॥ ਰਹਾਉ ॥ ਦਾਨਾ = (ਸਭ ਦੇ ਦਿਲਾਂ ਦੀ) ਜਾਣਨ ਵਾਲਾ। ਬੀਨਾ = (ਸਭ ਜੀਵਾਂ ਦੇ ਕੰਮਾਂ ਨੂੰ) ਵੇਖਣ ਵਾਲਾ। ਨਾਮਿ = ਨਾਮ ਦੀ ਰਾਹੀਂ। ਤਰਾਉ = ਤਰਉਂ, ਮੈਂ ਪਾਰ ਲੰਘ ਸਕਦਾ ਹਾਂ ॥੧॥ ਰਹਾਉ ॥
ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥
The same person is foolish and wise; the same light within has two names.
ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ।
ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥
The most foolish of the foolish are those who do not believe in the Name. ||2||
ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ॥੨॥ ਮੂਰਖਾ ਸਿਰਿ ਮੂਰਖੁ = ਸਭ ਤੋਂ ਵੱਡਾ ਮੂਰਖ। ਜਿ = ਜਿਹੜਾ ॥੨॥
ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥
Through the Guru's Gate, the Gurdwara, the Name is obtained. Without the True Guru, it is not received.
ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦੁਆਰੈ = ਦਰ ਤੇ। ਪਲੈ ਨ ਪਾਇ = ਨਹੀਂ ਮਿਲ ਸਕਦਾ।
ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥
Through the Pleasure of the True Guru's Will, the Name comes to dwell in the mind, and then, night and day, one remains lovingly absorbed in the Lord. ||3||
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੩॥ ਭਾਣੈ = ਰਜ਼ਾ ਵਿਚ, ਮਰਜ਼ੀ ਵਿਚ (ਤੁਰਿਆਂ)। ਮਨਿ = ਮਨ ਵਿਚ। ਅਹਿ = ਦਿਨ। ਨਿਸਿ = ਰਾਤ। ਲਿਵ ਲਾਇ = ਸੁਰਤ ਜੋੜ ਕੇ ॥੩॥
ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥
In power, pleasures, beauty, wealth and youth, one gambles his life away.
ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ-ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ। ਤੇ = ਉਹ ਬੰਦੇ।
ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥
Bound by the Hukam of God's Command, the dice are thrown; he is just a piece in the game of chess. ||4||
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ॥੪॥ ਪਾਸੈ = ਪਾਸੇ ਵਿਚ, ਚਉਪੜ ਦੀ ਖੇਡ ਵਿਚ। ਏਕਾ ਸਾਰੀ = ਇਕੋ ਹੀ ਨਰਦ, ਇਕੋ ਮਾਇਆ ਦੀ ਤ੍ਰਿਸ਼ਨਾ ਦੀ ਨਰਦ ॥੪॥
ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥
The world is clever and wise, but it is deluded by doubt, and forgets the Name; the Pandit, the religious scholar, studies the scriptures, but he is still a fool.
ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ 'ਪੰਡਿਤ'। ਜਗਿ = ਜਗਤ ਵਿਚ। ਭਰਮਿ = ਭਟਕਣਾ ਵਿਚ। ਭੁਲਾਨਾ = (ਜੀਵਨ-ਰਾਹ ਤੋਂ) ਭੁੱਲਾ ਹੋਇਆ। ਪੜਹਿ = ਪੜ੍ਹਦੇ ਹਨ। ਗਾਵਾਰੀ = ਮੂਰਖਾਂ ਦੀ ਵਿੱਦਿਆ।
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥
Forgetting the Name, he dwells upon the Vedas; he writes, but he is confused by his poisonous corruption. ||5||
(ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ ॥੫॥ ਨਾਉ = ਪਰਮਾਤਮਾ ਦਾ ਨਾਮ। ਸਮਾਲਹਿ = ਸਾਂਭਦੇ ਹਨ, ਚੇਤੇ ਰੱਖਦੇ ਹਨ। ਬਿਖੁ = ਜ਼ਹਿਰ, ਮਾਇਆ ਦੀ ਤ੍ਰਿਸ਼ਨਾ ਜੋ ਆਤਮਕ ਜੀਵਨ ਵਾਸਤੇ ਜ਼ਹਿਰ ਸਮਾਨ ਹੈ। ਲੇਖਾਰੀ = ਵਿਦਵਾਨ ॥੫॥
ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥
He is like the crop planted in the salty soil, or the tree growing on the river bank, or the white clothes sprinkled with dirt.
ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ)। ਕੰਠੇ = ਦਰੀਆ ਦੇ ਕੰਢੇ। ਬਾਗਾ = ਚਿੱਟੇ ਕਪੜੇ। ਝਰੈ = ਝੜਦਾ ਹੈ, ਉਡ ਉਡ ਕੇ ਪੈਂਦਾ ਹੈ।
ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥
This world is the house of desire; whoever enters it, is burnt down by egotistical pride. ||6||
(ਇਸ ਤਰ੍ਹਾਂ) ਇਹ ਜਗਤ ਤ੍ਰਿਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤ੍ਰਿਸ਼ਨਾ-ਅੱਗ ਵਿਚ) ਸੜ ਜਾਂਦਾ ਹੈ ॥੬॥ ਤਿਸੈ ਕੀ = ਤ੍ਰਿਸ਼ਨਾ ਦੀ। ਪੈਸੈ = ਪੈਂਦਾ ਹੈ, ਕਾਬੂ ਆ ਜਾਂਦਾ ਹੈ। ਜਰੈ = ਸੜਦਾ ਹੈ ॥੬॥
ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥
Where are all the kings and their subjects? Those who are immersed in duality are destroyed.
ਰਾਜੇ ਤੇ (ਰਾਜਿਆਂ ਦੀ) ਪਰਜਾ-ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ)। ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ)। ਰਯਤਿ = ਪਰਜਾ, ਜਨਤਾ। ਕਹਾ = ਕਿਥੇ ਗਏ? ਸਬਾਏ = ਸਾਰੇ। ਦੁਹੁ ਅੰਤਰਿ = ਜ਼ਿਮੀ ਆਸਮਾਨ ਦੇ ਅੰਦਰ, ਇਹ ਦੁਨੀਆ ਵਿਚ। ਜਾਸੀ = ਨਾਸ ਹੋ ਜਾਇਗਾ।
ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥
Says Nanak, these are the steps of the ladder, of the Teachings of the True Guru; only the Unseen Lord shall remain. ||7||3||11||
ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੭॥੩॥੧੧॥ ਰਹਸੀ = ਸਦਾ ਟਿਕਿਆ ਰਹੇਗਾ, ਅਟੱਲ ਆਤਮਕ ਜੀਵਨ ਵਾਲਾ ਹੋ ਜਾਇਗਾ। ਨਿਵਾਸੀ = ਨਿਵਾਸ ਰੱਖਣ ਵਾਲਾ, ਸੁਰਤ ਜੋੜੀ ਰੱਖਣ ਵਾਲਾ ॥੭॥੩॥੧੧॥