ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀਂ!

ਕਣ ਬਿਨਾ ਜੈਸੇ ਥੋਥਰ ਤੁਖਾ

As the husk is empty without the grain,

(ਹੇ ਭਾਈ!) ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਤੋਹ (ਕਿਸੇ ਕੰਮ ਨਹੀਂ ਆਉਂਦੇ।) ਕਣ = ਦਾਣੇ। ਥੋਥਰ = ਖ਼ਾਲੀ। ਤੁਖਾ = ਤੋਹ।

ਨਾਮ ਬਿਹੂਨ ਸੂਨੇ ਸੇ ਮੁਖਾ ॥੧॥

so is the mouth empty without the Naam, the Name of the Lord. ||1||

(ਇਸੇ ਤਰ੍ਹਾਂ) ਉਹ ਮੂੰਹ ਸੁੰਞੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ ॥੧॥ ਬਿਹੂਨ = ਸੱਖਣੇ। ਸੂਨੇ = ਸੁੰਞੇ ॥੧॥

ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ

O mortal, chant continually the Name of the Lord, Har, Har.

ਹੇ ਪ੍ਰਾਣੀ! ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਪ੍ਰਾਣੀ = ਹੇ ਪ੍ਰਾਣੀ!

ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ

Without the Naam, cursed is the body, which shall be taken back by Death. ||1||Pause||

ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖ਼ਿਰ ਪਰਾਇਆ ਹੋ ਜਾਂਦਾ ਹੈ (ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ) ਫਿਟਕਾਰ-ਜੋਗ (ਕਿਹਾ ਜਾਂਦਾ) ਹੈ ॥੧॥ ਰਹਾਉ ॥ ਧ੍ਰਿਗੁ = ਫਿਟਕਾਰ-ਯੋਗ। ਦੇਹ = ਸਰੀਰ। ਬਿਗਾਨੀ = ਪਰਾਈ ॥੧॥ ਰਹਾਉ ॥

ਨਾਮ ਬਿਨਾ ਨਾਹੀ ਮੁਖਿ ਭਾਗੁ

Without the Naam, no one's face shows good fortune.

(ਹੇ ਭਾਈ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉਤੇ ਭਾਗ ਨਹੀਂ ਖੁਲ੍ਹਦਾ। ਮੁਖਿ = ਮੱਥੇ ਉਤੇ। ਭਾਗੁ = ਚੰਗੀ ਕਿਸਮਤਿ।

ਭਰਤ ਬਿਹੂਨ ਕਹਾ ਸੋਹਾਗੁ ॥੨॥

Without the Husband, where is the marriage? ||2||

ਖਸਮ ਤੋਂ ਬਿਨਾ (ਇਸਤ੍ਰੀ ਦਾ) ਸੁਹਾਗ ਨਹੀਂ ਹੋ ਸਕਦਾ ॥੨॥ ਭਰਤ = ਪਤੀ, ਭਰਤਾ। ਸੋਹਾਗੁ = {सौभाग्य} ॥੨॥

ਨਾਮੁ ਬਿਸਾਰਿ ਲਗੈ ਅਨ ਸੁਆਇ

Forgetting the Naam, and attached to other tastes,

(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦ ਵਿਚ ਰੁੱਝਦਾ ਹੈ, ਬਿਸਾਰਿ = ਭੁਲਾ ਕੇ। ਅਨ = {अन्य} ਹੋਰ। ਸੁਆਇ = ਸੁਆਦ ਵਿਚ।

ਤਾ ਕੀ ਆਸ ਪੂਜੈ ਕਾਇ ॥੩॥

no desires are fulfilled. ||3||

ਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ ॥੩॥ ਕਾਇ = ਕੋਈ ਭੀ। ਨ ਪੂਜੈ = ਸਿਰੇ ਨਹੀਂ ਚੜ੍ਹਦੀ ॥੩॥

ਕਰਿ ਕਿਰਪਾ ਪ੍ਰਭ ਅਪਨੀ ਦਾਤਿ

O God, grant Your Grace, and give me this gift.

ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈਂ, ਪ੍ਰਭ = ਹੇ ਪ੍ਰਭੂ!

ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥

Please, let Nanak chant Your Name, day and night. ||4||65||134||

ਹੇ ਨਾਨਕ! (ਆਖ-) ਉਹੀ ਦਿਨ ਰਾਤ ਤੇਰਾ ਨਾਮ ਜਪਦਾ ਹੈ ॥੪॥੬੫॥੧੩੪॥ ਨਾਨਕ = ਹੇ ਨਾਨਕ! ॥੪॥