ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
By Your Grace, I chant Your Name.
(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ। ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ।
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥
By Your Grace, I obtain a seat in Your Court. ||1||
ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥ ਦਰਗਹ = (ਤੇਰੀ) ਹਜ਼ੂਰੀ ਵਿਚ। ਥਾਉ = ਥਾਂ, ਇੱਜ਼ਤ ॥੧॥
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
Without You, O Supreme Lord God, there is no one.
ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ। ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ!
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥
By Your Grace, everlasting peace is obtained. ||1||Pause||
ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥ ਸੁਖੁ = ਆਤਮਕ ਆਨੰਦ ॥੧॥ ਰਹਾਉ ॥
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
If You abide in the mind, we do not suffer in sorrow.
(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ। ਮਨਿ = ਮਨ ਵਿਚ। ਤਉ = ਤਾਂ। ਨ ਲਾਗੈ = ਪੋਹ ਨਹੀਂ ਸਕਦਾ।
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥
By Your Grace, doubt and fear run away. ||2||
ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥ ਭ੍ਰਮੁ = ਭਟਕਣਾ ॥੨॥
ਪਾਰਬ੍ਰਹਮ ਅਪਰੰਪਰ ਸੁਆਮੀ ॥
O Supreme Lord God, Infinite Lord and Master,
ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ! ਅਪਰੰਪਰ = ਹੇ ਬੇਅੰਤ!
ਸਗਲ ਘਟਾ ਕੇ ਅੰਤਰਜਾਮੀ ॥੩॥
You are the Inner-knower, the Searcher of all hearts. ||3||
ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥ ਘਟ = ਸਰੀਰ। ਅੰਤਰਜਾਮੀ = ਹੇ ਦਿਲ ਦੀ ਜਾਣਨ ਵਾਲੇ! ॥੩॥
ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
I offer this prayer to the True Guru:
(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ, ਕਰਉ = ਕਰਉਂ, ਮੈਂ ਕਰਦਾ ਹਾਂ।
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥
O Nanak, may I be blessed with the treasure of the True Name. ||4||64||133||
ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥ ਨਾਨਕ ਮਿਲੈ = ਨਾਨਕ ਨੂੰ ਮਿਲੇ। ਸਚੁ = ਸਦਾ ਕਾਇਮ ਰਹਿਣ ਵਾਲਾ। ਰਾਸਿ = ਸਰਮਾਇਆ ॥੪॥