ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
ਭੈ ਮਹਿ ਰਚਿਓ ਸਭੁ ਸੰਸਾਰਾ ॥
The whole world is engrossed in fear.
(ਹੇ ਭਾਈ!) ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ। ਭੈ ਮਹਿ = ਡਰ ਵਿਚ {ਲਫ਼ਜ਼ 'ਭਉ' ਕਿਸੇ ਸੰਬੰਧਕ ਦੇ ਨਾਲ 'ਭੈ' ਬਣ ਜਾਂਦਾ ਹੈ}। ਰਚਿਓ = ਜਜ਼ਬ ਹੋਇਆ ਪਿਆ ਹੈ।
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥
Those who have the Naam, the Name of the Lord, as their Support, feel no fear. ||1||
ਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ ॥੧॥ ਤਿਸੁ = ਉਸ (ਮਨੁੱਖ) ਨੂੰ। ਅਧਾਰਾ = ਆਸਰਾ ॥੧॥
ਭਉ ਨ ਵਿਆਪੈ ਤੇਰੀ ਸਰਣਾ ॥
Fear does not affect those who take to Your Sanctuary.
ਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ। ਨ ਵਿਆਪੈ = ਜ਼ੋਰ ਨਹੀਂ ਪਾਂਦਾ।
ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥
You do whatever You please. ||1||Pause||
(ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ ॥੧॥ ਰਹਾਉ ॥
ਸੋਗ ਹਰਖ ਮਹਿ ਆਵਣ ਜਾਣਾ ॥
In pleasure and in pain, the world is coming and going in reincarnation.
ਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ। ਸੋਗ = ਗ਼ਮ, ਦੁੱਖ। ਹਰਖ = ਖ਼ੁਸ਼ੀ। ਆਵਣ ਜਾਣਾ = (ਭਉ ਦਾ) ਆਉਣਾ ਜਾਣਾ।
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥
Those who are pleasing to God, find peace. ||2||
ਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ॥੨॥ ਪ੍ਰਭ ਭਾਣਾ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਤਿਨਿ = ਉਸ (ਮਨੁੱਖ) ਨੇ ॥੨॥
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥
Maya pervades the awesome ocean of fire.
(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ। ਅਗਨਿ ਸਾਗਰੁ = ਅੱਗ ਦਾ ਸਮੁੰਦਰ।
ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥
Those who have found the True Guru are calm and cool. ||3||
ਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ ॥੩॥ ਸੇ = ਉਹ ਬੰਦੇ ॥੩॥
ਰਾਖਿ ਲੇਇ ਪ੍ਰਭੁ ਰਾਖਨਹਾਰਾ ॥
Please preserve me, O God, O Great Preserver!
ਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ। ਰਾਖਿ ਲੇਇ = ਰੱਖ ਲੈਂਦਾ ਹੈ।
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥
Says Nanak, what a helpless creature I am! ||4||63||132||
(ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? (ਇਸ ਵਾਸਤੇ ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ॥੪॥੬੩॥੧੩੨॥