ਬਿਲਾਵਲੁ ॥
Bilaaval:
ਬਿਲਾਵਲ।
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥
Within the pool of the body, there is an incomparably beautiful lotus flower.
ਹੇ ਮਨ! ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ, ਭੀਤਰੇ = ਅੰਦਰ ਹੀ, ਭੀਤਰ ਹੀ। ਸਰੋਵਰ = ਸੁਹਣਾ ਸਰ। ਆਛੈ = ਹੈ। ਅਨੂਪ = ਜਿਸ ਵਰਗਾ ਹੋਰ ਨਹੀਂ, ਬੜਾ ਸੁੰਦਰ।
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥
Within it, is the Supreme Light, the Supreme Soul, who has no feature or form. ||1||
ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ ॥੧॥ ਪੁਰਖੋਤਮੋ = ਉੱਤਮ ਪੁਰਖ ਪ੍ਰਭੂ। ਜਾ ਕੈ = ਜਿਸ ਦੇ ਅੰਦਰ। ਰੇਖ = ਲਕੀਰ ॥੧॥
ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥
O my mind, vibrate, meditate on the Lord, and forsake your doubt. The Lord is the Life of the World. ||1||Pause||
ਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ ॥੧॥ ਰਹਾਉ ॥ ਭ੍ਰਮੁ = ਭਟਕਣਾ, ਮਾਇਆ ਦੇ ਪਿੱਛੇ ਦੌੜ-ਭੱਜ। ਜਗ ਜੀਵਨ = ਜਗਤ ਦੀ ਜ਼ਿੰਦਗੀ, ਜਗਤ ਦਾ ਆਸਰਾ ॥੧॥ ਰਹਾਉ ॥
ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥
Nothing is seen coming into the world, and nothing is seen leaving it.
ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ। ਕਛੂ ਨ ਦੀਸਈ = ਕੁੱਝ ਭੀ ਨਹੀਂ ਦਿੱਸਦਾ। ਜਾਤ = ਜਾਂਦਾ, ਮਰਦਾ।
ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥
Where the body is born, there it dies, like the leaves of the water-lily. ||2||
ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ ॥੨॥ ਜਹ = ਜਿੱਥੇ। ਉਪਜੈ = (ਮਾਇਆ ਦੀ ਖੇਡ) ਪੈਦਾ ਹੁੰਦੀ ਹੈ। ਤਹੀ = ਉੱਥੇ ਹੀ। ਪੁਰਿਵਨ ਪਾਤ = ਚੁਪੱਤੀ ਦੇ ਪੱਤਰ ॥੨॥
ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥
Maya is false and transitory; forsaking it, one obtains peaceful, celestial contemplation.
ਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰ ਕੇ (ਭਾਵ, ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆਂ, ਮਾਇਆ ਵਿਚ ਡੋਲਣੋਂ ਹਟ ਕੇ, ਸੁਖ ਬਣ ਜਾਇਗਾ, ਕਬੀਰ ਨੇ) ਇਸ ਮਾਇਆ ਨੂੰ ਨਾਸਵੰਤ ਜਾਣ ਕੇ (ਇਸ ਦਾ ਮੋਹ) ਛੱਡ ਦਿੱਤਾ ਹੈ, ਮਿਥਿਆ = ਨਾਸਵੰਤ। ਕਰਿ = ਕਰ ਕੇ, ਜਾਣ ਕੇ, ਸਮਝ ਕੇ। ਬੀਚਾਰਿ = ਵਿਚਾਰ ਕੇ, ਸਮਝ ਕੇ।
ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥
Says Kabeer, serve Him within your mind; He is the Enemy of ego, the Destroyer of demons. ||3||10||
ਤੇ ਹੁਣ ਕਬੀਰ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ ॥੩॥੧੦॥ ਮਨ ਮੰਝਿ = ਮਨ ਦੇ ਅੰਦਰ ਹੀ ॥੩॥੧੦॥